ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਦੀ ਯਾਦ 'ਚ ਸਮਾਗਮ 11 ਨੂੰ : ਭਾਈ ਰਣਜੀਤ ਸਿੰਘ/ਭਾਈ ਅਮਰਜੀਤ ਸਿੰਘ

ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਦੀ ਯਾਦ 'ਚ ਸਮਾਗਮ 11 ਨੂੰ : ਭਾਈ ਰਣਜੀਤ ਸਿੰਘ/ਭਾਈ ਅਮਰਜੀਤ ਸਿੰਘ

 ਅੰਮ੍ਰਿਤਸਰ, 10 ਮਈ , ਨਜ਼ਰਾਨਾ ਟਾਈਮਜ ਬਿਊਰੋ 

  ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੋਟੀ ਦੇ ਜੁਝਾਰੂ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਉਹਨਾਂ ਦੇ ਸਾਥੀਆਂ ਜੁਝਾਰੂ-ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਸ਼ਹੀਦ ਭਾਈ ਮਨੋਹਰ ਸਿੰਘ ਧੀਰਾ, ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂੜਕੋਟ, ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਬੰਤ ਦਾ ਸ਼ਹੀਦੀ ਦਿਹਾੜਾ ਪਿੰਡ ਤਖਾਣਵੱਧ, ਜ਼ਿਲ੍ਹਾ ਮੋਗਾ ਵਿਖੇ 11 ਮਈ 2025 ਨੂੰ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਦੇ ਭਰਾ ਭਾਈ ਅਮਰਜੀਤ ਸਿੰਘ ਤਖਾਣਵੱਧ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂੜਕੋਟ ਦੇ ਸਪੁੱਤਰ ਭਾਈ ਨਵਦੀਪ ਸਿੰਘ ਨੇ ਦੱਸਿਆ ਕਿ ਭੋਗ ਤੋਂ ਬਾਅਦ ਰਾਗੀ, ਢਾਡੀ ਅਤੇ ਕਵੀਸ਼ਰ ਜੱਥਿਆਂ ਵੱਲੋਂ ਸੰਗਤਾਂ ਨੂੰ ਹਰ ਜੱਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਏਗਾ। ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਜੋ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਸਾਥੀ ਸਨ, ਉਹਨਾਂ ਨੇ ਬੁੱਚੜ ਮਿੱਤੂ ਥਾਣੇਦਾਰ ਨੂੰ ਸੋਧਿਆ, ਪਟਿਆਲੇ ਵਿੱਚ ਦੋ ਵੱਡੇ ਪੁਲਿਸ ਅਫ਼ਸਰਾਂ ਨੂੰ ਸੋਧਿਆ ਜੋ ਐਕਸ਼ਨ ਮਿਸ਼ਨ ਟਰੈਕਸੂਟ ਦੇ ਨਾਲ ਮਸ਼ਹੂਰ ਹੋਇਆ, ਇਸੇ ਤਰ੍ਹਾਂ ਆਰ ਐਸ ਐਸ ਦੇ ਕਈ ਵਰਕਰਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਭਾਈ ਦਰਸ਼ਨ ਸਿੰਘ ਨੇ ਖ਼ਾਲਿਸਤਾਨ ਦੀ ਸਥਾਪਨਾ ਲਈ ਕਈ ਹੋਰ ਵੀ ਜੁਝਾਰੂ ਕਾਰਨਾਮੇ ਕੀਤੇ। ਉਹਨਾਂ ਦੱਸਿਆ ਕਿ 11 ਮਈ 1989 ਨੂੰ ਪਿੰਡ ਕਾਉਂਕੇ ਕਲਾ ਵਿਖੇ ਭਾਈ ਦਰਸ਼ਨ ਸਿੰਘ ਤਖਾਣਵੱਧ ਜੋ ਭਾਰਤੀ ਫੋਰਸਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ। ਉਹਨਾਂ ਕਿਹਾ ਕਿ ਖ਼ਾਲਿਸਤਾਨ ਦੀ ਅਜ਼ਾਦੀ ਲਈ ਸਰਗਰਮ ਹੋਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।