ਖਾਲੜਾ ਮਿਸ਼ਨ ਵੱਲੋਂ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਿੱਖ ਨਜ਼ਰਬੰਦਾਂ ਦੀ ਚੜ੍ਹਦੀ ਕਲਾ ਲਈ ਅਰਦਾਸ
- ਧਾਰਮਿਕ/ਰਾਜਨੀਤੀ
- 12 Dec,2025
ਫੌਜੀ ਹਮਲੇ ਨੂੰ ਅੱਤਵਾਦੀ ਹਮਲਾ ਐਲਾਨਕੇ ਹੋਵੇ ਨਿਰਪੱਖ ਪੜ੍ਹਤਾਲ ਤੇ ਫਾਈਲਾਂ ਹੋਣ ਜਨਤਕ- ਮੰਨੂਵਾਦੀਓ ਔਰੰਗਜ਼ੇਬ ਦਾ ਰਾਹ ਫੜ੍ਹ ਕੇ ਯੂ.ਏ.ਪੀ.ਏ., ਐਨ.ਐਸ.ਏ., ਫਾਂਸੀਆਂ, ਉਮਰਕੈਦਾਂ ਰਾਂਹੀ ਰਾਜ ਭਾਗ ਨਾ ਚਲਾਓ- ਧਾਰਮਿਕ ਨਫਰਤਾਂ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਵਫਾ ਕਮਾਓ- ਲੜ ਰਹੀਆਂ ਧਿਰਾਂ ਨਾਲ ਸੰਵਾਦ ਰਚਾਓ – ਖਾਲੜਾ ਮਿਸ਼ਨ
ਟਾਂਗਰਾ ,ਸੁਰਜੀਤ ਸਿੰਘ ਖਾਲਸਾ
ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਵਲੋਂ ਸਿੱਖ ਨਜ਼ਰਬੰਦਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਿਆਂ ਕਿਹਾ ਕਿ ਹੇ ਸੱਚੇ ਪਾਤਸ਼ਾਹ, ਹੇ ਪ੍ਰਮਾਤਮਾ ਸਮੇਂ ਦੇ ਹਾਕਮ ਸ਼੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜਾਉਂਦੇ, ਝੂਠੇ ਮੁਕਾਬਲੇ ਬਣਾ ਕੇ, ਨਸ਼ੇ ਫੈਲਾ ਕੇ, ਬੇਅਦਬੀਆਂ ਕਰਾ ਕੇ, ਗੁਰਧਾਮ ਖੋਹ ਕੇ, ਮਸਜ਼ਿਦਾਂ ਢਾਹ ਕੇ, ਧਾਰਮਿਕ ਨਫਰਤਾਂ ਫੈਲਾ ਕੇ ਲੋਕਾਈ ਉੱਪਰ ਜ਼ੁਲਮ ਢਾਹ ਰਹੇ ਹਨ, ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ। ਸਿੱਖਾਂ ਨੂੰ ਲੰਬੇ ਸਮੇਂ ਤੋਂ ਬੰਦੀ ਬਣਾਕੇ ਯੂ.ਏ.ਪੀ.ਏ. ਤੇ ਐਨ.ਐਸ.ਏ., ਫਾਂਸੀਆਂ ਉੱਪਰ ਕੈਦਾਂ ਰਾਂਹੀ ਰਾਜਭਾਗ ਚਲਾ ਰਹੇ ਹਨ। ਕਿਸਾਨਾਂ, ਗਰੀਬਾਂ ਉੱਪਰ ਜ਼ੁਲਮ ਢਾਹ ਰਹੇ ਹਨ। ਇੰਨ੍ਹਾਂ ਹਾਕਮਾਂ ਨੂੰ ਸੁਮੱਤ ਬਖਸ਼ੋ, ਔਰੰਗਜ਼ੇਬ ਦਾ ਰਾਹ ਛੱਡ ਕੇ ਗੁਰੂ ਤੇਗ ਬਾਹਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨਾਲ ਵਫਾ ਕਮਾਉਣ। ਸਿੱਖ ਪੰਥ ਤੇ ਦੇਸ਼ ਦੁਨੀਆਂ ਦੀ ਲੋਕਾਈ ਨੂੰ ਬਲ-ਬੁੱਧੀ ਬਖਸ਼ੋ ਤਾਂ ਕਿ ਇਸ ਧਰਤੀ ਤੋਂ ਜੰਗਲ ਰਾਜ ਦਾ ਖਾਤਮਾ ਹੋ ਕੇ ਹਲੇਮੀ ਰਾਜ ਦੀ ਸਥਾਪਨਾ ਹੋ ਸਕੇ। ਇਸ ਮੌਕੇ ਤੇ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਮੰਨੂਵਾਦੀ ਧਿਰਾਂ ਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਨੂੰ ਪਾਰਲੀਮੈਂਟ ਅੱਤਵਾਦੀ ਹਮਲਾ ਕਰਾਰ ਦੇਵੇ, ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਨਿਰਪੱਖ ਪੜ੍ਹਤਾਲ ਹੋਵੇ ਅਤੇ ਕੇਂਦਰ ਸਰਕਾਰ ਫੌਜੀ ਹਮਲੇ ਨਾਲ ਸਬੰਧਿਤ ਫਾਈਲਾਂ ਜਨਤਕ ਕਰੇ। ਉਨ੍ਹਾਂ ਕਿਹਾ ਕਿ ਹੈਰਾਨ ਦੀ ਗੱਲ ਹੈ ਜ਼ਲਿ੍ਹਆਂ ਵਾਲਾ ਬਾਗ ਕਾਂਡ ਸਮੇਂ ਚੱਲੀ 10 ਮਿੰਟ ਗੋਲੀ ਦੀਆਂ
ਪੜ੍ਹਤਾਲਾਂ ਅੰਗਰੇਜ਼ ਸਰਕਾਰ ਤੇ ਕਾਂਗਰਸ ਪਾਰਟੀ ਵੱਲੋਂ ਹੋਈਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਈ ਪਰ ਫੌਜੀ ਹਮਲੇ ਦੀ ਅੱਜ ਤੱਕ ਕੋਈ ਪੜ੍ਹਤਾਲ ਨਹੀਂ ਹੋਈ। ਇੱਥੋਂ ਤੱਕ ਕਿ ਬਾਦਲਕਿਆਂ ਦੇ ਬੇਅਦਬੀ ਦਲ ਨੇ ਵੀ ਪੜ੍ਹਤਾਲ ਕਰਾਉਣ ਦੀ ਬਜਾਏ ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪਾਇਆ ਤੇ ਦੋਸ਼ੀਆਂ ਨੂੰ ਬਚਾਇਆ। ਉਨ੍ਹਾ ਕਿਹਾ ਕਿ ਸਮੁੱਚੇ ਦੇਸ਼ ਅੰਦਰ 2019 ਤੋਂ 2023 ਤੱਕ ਯੂ.ਏ.ਪੀ.ਏ. ਤਹਿਤ 10 ਹਜ਼ਾਰ ਤੋਂ ਉੱਪਰ ਲੋਕਾਂ ਨੂੰ ਜ਼ੇਲ੍ਹਾਂ ਵਿੱਚ ਡੱਕਿਆ ਗਿਆ। ਪੰਜਾਬ ਅੰਦਰ ਵੀ ਵੱਡੀ ਪੱਧਰ 'ਤੇ ਸਿੱਖ ਨੌਜਵਾਨਾਂ ਨੂੰ ਯੂ.ਏ.ਪੀ.ਏ. ਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਰਾਂਹੀ ਜ਼ੇਲ੍ਹਾਂ ਵਿੱਚ ਡੱਕਿਆ ਗਿਆ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਹੋਈ, ਚੁਣੇ ਹੋਏ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨ.ਐਸ.ਏ. ਲਗਾ ਕੇ ਡਿਬਰੂਗੜ੍ਹ ਜ਼ੇਲ੍ਹ ਵਿੱਚ ਬੰਦ ਕੀਤਾ ਹੈ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਵਰਿਆਮ ਸਿੰਘ, ਭਾਈ ਜਗਤਾਰ ਸਿੰਘ ਜੱਗੀ ਜੌਹਲ ਵਰਗੇ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਤੌਰ ਤੇ ਜ਼ੇਲ੍ਹ ਵਿੱਚ ਬੰਦ ਹਨ। ਘੱਟ ਗਿਣਤੀਆਂ ਕਿਸਾਨਾਂ, ਗਰੀਬਾਂ, ਆਦਿਵਾਸੀਆਂ ਦੇ ਝੂਠੇ ਮੁਕਾਬਲੇ ਬਣਾ ਕੇ ਕੇਂਦਰ ਸਰਕਾਰ ਦੇਸ਼ ਨੂੰ ਘੱਟ-ਗਿਣਤੀਆਂ ਤੇ ਕਿਸਾਨਾਂ, ਗਰੀਬਾਂ ਤੋਂ ਮੁਕਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਧਾਰਮਿਕ ਨਫਰਤਾਂ ਕਾਰਨ ਧਾਰਾ 370 ਰੱਦ ਹੁੰਦੀ ਹੈ, ਮਸਜ਼ਿਦਾਂ 'ਤੇ ਹਮਲੇ ਹੁੰਦੇ ਹਨ। ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਫੌਜੀ ਹਮਲਾ ਹੁੰਦਾ ਹੈ, 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸਾੜ ਦਿੱਤੀਆਂ ਜਾਂਦੀਆਂ ਹਨ, ਨਵੰਬਰ-84 ਕਤਲੇਆਮ ਹੁੰਦਾ ਹੈ।
ਪੰਜਾਬ ਦਾ ਪਾਣੀ, ਬਿਜਲੀ, ਇਲਾਕੇ ਖੋਹ ਲਏ ਜਾਂਦੇ ਹਨ, 50 ਕਿਲੋਮੀਟਰ ਦੇ ਘੇਰੇ ਨੂੰ ਬੀ.ਐਸ.ਐਫ. ਦੇ ਕੰਟਰੋਲ ਹੇਠ ਦੇ ਦਿੱਤਾ ਜਾਂਦਾ ਹੈ। ਸਿੱਖੀ ਦੇ ਸਰਬੱਤ ਦੇ ਭਲੇ ਦਾ, ਮਨੁੱਖੀ ਬਰਾਬਰਤਾ, ਜਾਤ-ਪਾਤ ਦੇ ਖਾਤਮੇ ਦਾ, ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦਾ ਸੰਦੇਸ਼, ਜ਼ੁਲਮ ਖਿਲਾਫ ਡਟਣ ਦਾ ਸੰਦੇਸ਼ ਸਮੇਂ-ਸਮੇਂ ਦੇ ਹਾਕਮਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਗੁਰਾਂ ਦਾ ਪੰਜਾਬ ਮੰਨੂਵਾਦ ਤੇ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਚਾਹੁੰਦਾ ਹੈ ਪਰ ਜ਼ਾਲਮ ਹਾਕਮ ਸਿੱਖੀ ਤੋਂ ਮੁਕਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਆਉਣ ਦੀ ਆਗਿਆ ਮਿਲਣੀ ਚਾਹੀਦੀ ਹੈ ਤਾਂ ਕਿ ਸਾਰੇ ਸੰਸਾਰ ਨੂੰ ਪਤਾ ਲੱਗ ਸਕੇ ਕਿ ਕਿਵੇਂ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਜਾਤਾਂ-ਪਾਤਾਂ ਵਿੱਚ ਵੰਡਣਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਘਾਣ ਸੀ। ਗੁਰੂ ਸਾਹਿਬਾਨਾਂ ਤੇ ਸਿੱਖਾਂ ਨੇ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੇ ਕੁਚਲਣ ਤੇ ਧਾਰਮਿਕ ਨਫਰਤਾਂ ਵਿਰੁੱਧ ਕੁਰਬਾਨੀਆਂ ਕੀਤੀਆਂ ਉਸ ਦੀ ਕਿਤੇ ਮਿਸਾਲ ਨਹੀਂ ਮਿਲਦੀ। ਤੱਤੀਆਂ ਤਵੀਆਂ 'ਤੇ ਬੈਠ ਕੇ, ਚਾਂਦਨੀ ਚੌਂਕ ਵਿੱਚ ਸੀਸ ਕਟਾ ਕੇ, ਸਾਰਾ ਸਰਬੰਸ ਵਾਰ ਕੇ ਜ਼ੁਲਮਾਂ ਨੂੰ ਠੱਲ ਪਾਈ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ 'ਤੇ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਕਾਇਮ ਕੀਤਾ। ਉਨ੍ਹਾਂ ਮਾਨਵਤਾ ਨੂੰ ਕਾਤਲਾਂ ਲੁਟੇਰਿਆਂ ਤੋਂ ਮੁਕਤੀ ਦਿਵਾ ਕੇ ਗਰੀਬਾਂ ਨੂੰ ਪਾਤਸ਼ਾਹੀਆਂ ਦੇਣ ਵਾਲਾ ਰਾਜ ਸਿਰਜਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਦਰਸ਼ਨ ਸਿੰਘ , ਵਿਰਸਾ ਸਿੰਘ ਬਹਿਲਾ, ਜਗਦੀਪ ਸਿੰਘ ਐਡਵੋਕੇਟ,ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਪਾਲ ਸਿੰਘ, ਗੋਪਾਲ ਸਿੰਘ ਖਾਲੜਾ, ਬਲਬੀਰ ਸਿੰਘ ਭੀਲੋਵਾਲ, ਬੌਬੀ ਕੁਮਾਰ ਤਰਨ ਤਾਰਨ,
ਹਰਦਿਆਲ ਸਿੰਘ ਘਰਿਆਲਾ,ਜਸਬੀਰ ਸਿੰਘ ਪੱਟੀ, ਸੁਖਵਿੰਦਰ ਸਿੰਘ ਤਰਨ ਤਾਰਨ, ਕੁਲਦੀਪ ਸਿੰਘ ਜੀਰਾ ਸਰਪ੍ਰਸਤ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ, ਬੀਬੀ ਕਮਲਜੀਤ ਕੌਰ, ਸੁਖਚੈਨ ਸਿੰਘ ਬਹਿਲਾ, ਬਾਬਾ ਗੁਰਜੀਤ ਸਿੰਘ ਤਰਸਿੱਕਾ, ਤਰਸੇਮ ਸਿੰਘ ਤਾਰਪੁਰਾ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਨਿਰਮਲ ਸਿੰਘ ਫੌਜੀ, ਸਵਿੰਦਰ ਕੌਰ ਡੇਰੀਵਾਲ, ਆਦਿ ਹਾਜ਼ਰ ਹੋਏ।
Posted By:
PRINCEJIT SINGH
Leave a Reply