Nazrana Times

ਪੰਜਾਬੀ

ਪੰਜਾਬ 'ਚ ਅੱਜ ਸਵੇਰ ਤੋਂ ਪੈ ਰਹੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ!

11 Oct, 2026 12:57 PM

ਬਿੰਦਰ ਸਿੰਘ ਖੁੱਡੀ ਕਲਾਂ 
​ਬਰਨਾਲਾ,11 ਅਕਤੂਬਰ 

:ਪੰਜਾਬ 'ਚ ਅੱਜ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਅਤੇ ਪੈ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। 

ਪਿਛਲੇ ਕੁਝ ਦਿਨਾਂ ਤੋਂ ਉੱਤਰ ਭਾਰਤ ਵਿੱਚ ਸਰਗਰਮ ਹੋਏ ਪੱਛਮੀ ਪੌਣ ਚੱਕਰ (ਵੈਸਟਰਨ ਡਿਸਟਰਬੈਂਸ) ਦੇ ਪ੍ਰਭਾਵ ਹੇਠ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਕਾਲੇ ਬੱਛਲ ਛਾਏ ਹੋਏ ਹਨ ਅਤੇ ਕਈ ਥਾਵਾਂ 'ਤੇ ਹਲਕੇ ਤੋਂ ਲੈ ਕੇ ਭਾਰੀ ਮੀਂਹ ਪੈਣ ਅਤੇ ਗੜੇਮਾਰੀ ਹੋਣ ਦੀ ਸੂਚਨਾ ਮਿਲ ਰਹੀ ਹੈ। ਇਸ ਅਚਾਨਕ ਆਈ ਆਫ਼ਤ ਵਰਗੀ ਬਾਰਸ਼ ਨੇ ਖੇਤਾਂ ਵਿੱਚ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਫ਼ਸਲ ਅਤੇ ਵੱਢ ਕੇ ਅਨਾਜ ਮੰਡੀਆਂ ਵਿੱਚ ਪਹੁੰਚੀ ਜਿਣਸ ਨੂੰ ਲੈ ਕੇ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। 

​ ਪੰਜਾਬ 'ਚ ਕਿਸਾਨਾਂ ਵੱਲੋਂ ਗਰਮੀਆਂ ਦੀ ਤਪਸ਼ ਸਹਿ ਕੇ ਅਤੇ ਬਿਜਲੀ ਦੇ ਕੱਟਾਂ ਨਾਲ ਦੋ ਚਾਰ ਹੁੰਦਿਆਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਰਹੀ ਹੈ।ਜਦਕਿ ਕਈ ਅਗੇਤੀਆਂ ਕਿਸਮਾਂ ਦੀ ਵਾਢੀ ਸ਼ੁਰੂ ਹੋਣ ਨਾਲ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਪਹੁੰਚ ਗਈ ਹੈ। ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ। ਪਰ ਇਸ ਮੌਸਮੀ ਬਦਲਾਅ ਅਤੇ ਮੀਂਹ ਦੇ ਕਾਰਨ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਈ ਝੋਨੇ ਦੀ ਫ਼ਸਲ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਗਈ ਹੈ। ਫ਼ਸਲ ਦੇ ਗਿੱਲੇ ਹੋ ਜਾਣ ਕਾਰਨ ਨਾ ਸਿਰਫ਼ ਉਸ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ। ਸਗੋਂ ਸਰਕਾਰੀ ਖਰੀਦ ਦੇ ਨਿਯਮਾਂ ਅਨੁਸਾਰ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜੋ ਫ਼ਸਲ ਅਜੇ ਖੇਤਾਂ ਵਿੱਚ ਵਾਢੀ ਲਈ ਤਿਆਰ ਖੜ੍ਹੀ ਹੈ।ਉਸ ਦੇ ਡਿੱਗਣ ਅਤੇ ਦਾਣੇ ਕਾਲੇ ਪੈਣ ਦਾ ਡਰ ਵੀ ਬਣਿਆ ਹੋਇਆ ਹੈ। ਜਿਸ ਨਾਲ ਫ਼ਸਲ ਦੇ ਝਾੜ 'ਤੇ ਬਹੁਤ ਮਾੜਾ ਅਸਰ ਪਵੇਗਾ। 

​ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ, ਜੋ ਹੁਣ ਸੱਚ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਬੇਮੌਸਮੀ ਬਾਰਸ਼ ਕਾਰਨ ਤਾਪਮਾਨ ਵਿੱਚ ਵੀ ਛੇ ਤੋਂ ਸੱਤ ਡਿਗਰੀ ਤੱਕ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।ਜਿਸ ਨਾਲ ਸਵੇਰ ਅਤੇ ਸ਼ਾਮ ਵੇਲੇ ਠੰਢ ਦਾ ਅਹਿਸਾਸ ਹੋਣ ਲੱਗਾ ਹੈ।

ਆਮ ਲੋਕਾਂ ਲਈ ਭਾਵੇਂ ਇਹ ਮੌਸਮ ਸੁਹਾਵਣਾ ਅਤੇ ਗਰਮੀ ਤੋਂ ਰਾਹਤ ਦੇਣ ਵਾਲਾ ਹੋ ਸਕਦਾ ਹੈ। ਪਰ ਕਿਸਾਨਾਂ ਦੇ ਪਰਿਵਾਰਾਂ ਲਈ ਇਹ ਚਿੰਤਾ ਅਤੇ ਪ੍ਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਬਣਿਆ ਹੋਇਆ ਹੈ। ਸੂਬੇ ਦੇ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਪੀੜਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਪਈ ਫ਼ਸਲ ਨੂੰ ਸੁਰੱਖਿਅਤ ਬਚਾਉਣ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਗਿੱਲੀ ਹੋਈ ਫ਼ਸਲ ਦੀ ਖਰੀਦ ਸਮੇਂ ਨਮੀ ਦੀ ਮਾਤਰਾ ਵਿੱਚ ਬਣਦੀ ਛੋਟ ਦਿੱਤੀ ਜਾਵੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਨੂੰ ਹੋਰ ਵਾਧੂ ਆਰਥਿਕ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।

Posted By: GURBHEJ SINGH ANANDPURI

Latest News