Nazrana Times

ਪੰਜਾਬੀ

ਜ਼ਾਲਮ ਥਾਣੇਦਾਰ ਸੂਬਾ ਸਰਹੰਦ ਨੇ ਮੇਰੇ ਪਰਿਵਾਰ ਉੱਤੇ ਵੀ ਕੀਤਾ ਸੀ ਤਸ਼ੱਦਦ, ਪੰਥਕ ਯੋਧਿਆਂ 'ਤੇ ਦਮਦਮੀ ਟਕਸਾਲ ਨੂੰ ਸਦਾ ਮਾਣ ਰਹੇਗਾ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

02 Oct, 2025 12:55 AM
ਜ਼ਾਲਮ ਥਾਣੇਦਾਰ ਸੂਬਾ ਸਰਹੰਦ ਨੇ ਮੇਰੇ ਪਰਿਵਾਰ ਉੱਤੇ ਵੀ ਕੀਤਾ ਸੀ ਤਸ਼ੱਦਦ, ਪੰਥਕ ਯੋਧਿਆਂ 'ਤੇ ਦਮਦਮੀ ਟਕਸਾਲ ਨੂੰ ਸਦਾ ਮਾਣ ਰਹੇਗਾ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

ਅੰਮ੍ਰਿਤਸਰ, 1 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ 
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਰਹੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਖ਼ਾਲਸਾਈ ਰਵਾਇਤਾਂ ਅਨੁਸਾਰ ਸੋਧੇ ਗਏ ਜ਼ਾਲਮ ਥਾਣੇਦਾਰ ਸੂਬਾ ਸਰਹੰਦ ਨੇ ਉਹਨਾਂ ਦੇ ਪਰਿਵਾਰ ਉੱਤੇ ਵੀ ਬੇਤਹਾਸ਼ਾ ਤਸ਼ੱਦਦ ਕੀਤਾ ਸੀ। ਇਸ ਬੁੱਚੜ ਥਾਣੇਦਾਰ ਸੂਬਾ ਸਿਹੁੰ ਉਰਫ ਸੂਬਾ ਸਰਹੰਦ ਅਤੇ ਇਸ ਦੇ ਸਾਥੀ ਅਫਸਰ ਐਸ ਐਸ ਪੀ ਅਜੀਤ ਸਿਹੁੰ ਸੰਧੂ, ਡੀ ਐਸ ਪੀ ਖੂਬੀ ਰਾਮ, ਪਰਮਰਾਜ ਸਿਹੁੰ ਉਮਰਾਨੰਗਲ ਅਤੇ ਐਸ ਐਚ ਓ ਜਸਪਾਲ ਸਿੰਘ ਨੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਰਹਿੰਦੇ ਮੇਰੇ ਭਰਾਵਾਂ ਨੂੰ ਅਥਾਹ ਤਸੀਹੇ ਦਿੱਤੇ ਅਤੇ ਹਰਿਆਣਾ ਦੇ ਪਿੰਡ ਰਜ਼ਾਬਾਦ ਵਿਖੇ ਮੇਰੀ ਭੈਣ ਬਲਬੀਰ ਕੌਰ ਅਤੇ ਛੋਟੀ ਉਮਰ ਦੇ ਭਣੇਵੇਂ ਗੁਰਜਿੰਦਰ ਸਿੰਘ ਉੱਤੇ ਥਾਣੇਦਾਰ ਸੂਬਾ ਸਰਹੰਦ ਨੇ ਮੁਗਲ ਹਾਕਮਾਂ ਵਾਂਗ ਤਸ਼ੱਦਦ ਕੀਤਾ, ਇਹਨਾਂ ਨੇ ਮੇਰੀ ਭੈਣ ਦੇ ਕੇਸ ਮਰੋੜੇ ਅਤੇ ਫਿਰ ਲੱਤ ਤੋੜ ਦਿੱਤੀ ਜੋ ਅੱਜ ਤੱਕ ਲੰਗੜਾ ਕੇ ਤੁਰਦੀ ਹੈ। ਇਹਨਾ ਜ਼ਾਲਮਾਂ ਨੇ ਮੇਰੀ ਭੈਣ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਤੇ ਉਸ ਸਮੇਂ ਮੇਰੀ ਭਣੇਵੀਂ ਨੇ ਬੜੀ ਦਲੇਰੀ ਨਾਲ ਇਹਨਾਂ ਪੁਲਸੀਆਂ ਨੂੰ ਲਾਹਣਤਾਂ ਪਾਉਂਦਿਆ ਸਵਾਲ ਕੀਤੇ ਸਨ ਕਿ ਜੇਕਰ ਸਾਡਾ ਮਾਮਾ ਗੁਰਨਾਮ ਸਿੰਘ ਬੰਡਾਲਾ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਪਹਿਰਾ ਦਿੰਦਿਆਂ ਖ਼ਾਲਿਸਤਾਨ ਦੀ ਆਜ਼ਾਦੀ ਲਈ ਲੜ ਰਿਹਾ ਹੈ ਤਾਂ ਸਰਦਾਰ ਭਗਤ ਸਿੰਘ ਵੀ ਤਾਂ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਿਆ ਸੀ ਤੇ ਕੀ ਉਸ ਸਮੇਂ ਅੰਗਰੇਜ਼ ਹਕੂਮਤ ਨੇ ਵੀ ਭਗਤ ਸਿੰਘ ਦੀ ਭੈਣ ਦੀ ਲੱਤ ਤੋੜੀ ਸੀ ? ਕੀ ਉਸ ਦੇ ਭਰਾਵਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ? ਕੀ ਉਸ ਦੇ ਮਾਂ-ਪਿਓ ਨੂੰ ਵੀ ਕੁੱਟਿਆ ਸੀ ? ਤੁਸੀਂ ਤਾਂ ਅੰਗਰੇਜ਼ਾਂ ਤੇ ਮੁਗਲਾਂ ਨਾਲੋਂ ਵੀ ਗਰਕੇ ਹੋਏ ਹੋ! ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਮੇਰੀ ਭਣੇਵੀਂ ਨੇ ਸੂਬੇ ਨੂੰ ਕਿਹਾ ਕਿ ਸੂਬਿਆ ਜਿਵੇਂ ਤੂੰ ਮੇਰੀ ਮਾਂ ਦੀ ਲੱਤ ਤੋੜੀ ਹੈ, ਇਵੇਂ ਹੀ ਤੇਰੀ ਲੱਤ ਟੁੱਟੇਗੀ ਤੇ ਤੂੰ ਵੀ ਲੰਗੜਾ ਕੇ ਤੁਰੇਗਾ ਤੇ ਇੱਕ ਦਿਨ ਗੁਰੂ ਦਾ ਖਾਲਸਾ ਤੈਨੂੰ ਸੋਧ ਕੇ ਬਦਲਾ ਜ਼ਰੂਰ ਲਵੇਗਾ। ਤੇ ਫਿਰ ਓਹੀ ਕੁਝ ਹੋਇਆ। ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਦੱਸਿਆ ਕਿ ਬੰਡਾਲਾ ਪਿੰਡ ਰਹਿੰਦੇ ਉਸਦੇ ਇੱਕ ਭਰਾ ਜੰਬਰ ਸਿੰਘ ਨੂੰ ਇੰਨੇ ਖੌਫਨਾਕ ਤਸੀਹੇ ਦਿੱਤੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਾ। ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਥਾਣੇਦਾਰ ਸੂਬਾ ਸਰਹੰਦ ਨੂੰ ਸੋਧਣ ਵਾਲੇ ਭਾਈ ਸੰਦੀਪ ਸਿੰਘ ਸੰਨੀ ਅਤੇ ਇਸ ਦੇ ਭੋਗ ਉੱਤੇ ਡੱਟ ਕੇ ਵਿਰੋਧ ਕਰਨ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਸਿੰਘਾਂ ਸੂਰਮਿਆਂ ਉੱਤੇ ਸਿੱਖ ਕੌਮ ਅਤੇ ਦਮਦਮੀ ਟਕਸਾਲ ਨੂੰ ਹਮੇਸ਼ਾਂ ਮਾਣ ਰਹੇਗਾ। ਇਹਨਾਂ ਸਿੰਘਾਂ ਨੇ ਸਿੱਖ ਕੌਮ ਦੀ ਅਣਖ਼, ਸਵੈਮਾਣ ਨੂੰ ਜਿਉਂਦਾ ਰੱਖਿਆ ਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵਾਂਗ ਗਰਜੇ ਹਨ। ਉਹਨਾਂ ਕਿਹਾ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਭਾਈ ਗੁਰਦੇਵ ਸਿੰਘ ਦੇਬੂ ਨੂੰ ਸ਼ਹੀਦ ਕਰਨ ਵਾਲੇ ਬੁੱਚੜ ਐਸ ਐਸ ਪੀ ਸਵਰਨ ਘੋਟਣੇ ਦੇ ਭੋਗ ਮੌਕੇ ਜਲੰਧਰ ਵਿੱਚ ਦਮਦਮੀ ਟਕਸਾਲ ਦੇ ਯੋਧੇ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਤਤਕਾਲੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਡਟਵਾਂ ਵਿਰੋਧ ਕੀਤਾ ਸੀ ਅਤੇ ਹੁਣ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਉੱਤੇ ਵੀ ਦਮਦਮੀ ਟਕਸਾਲ ਦੇ ਯੋਧਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਫੈਡਰੇਸ਼ਨ ਭਿੰਡਰਾਂਵਾਲਾ) ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਅੰਮ੍ਰਿਤਸਰ ਦੇ ਪਿੰਡ ਵੱਲਾ ਦੇ ਸੰਧੂ ਫਾਰਮ ਵਿਖੇ ਪਹੁੰਚ ਕੇ ਪੁਲਿਸ ਵਾਲਿਆਂ ਨਾਲ ਤਕਰਾਰ ਕਰਦੇ ਹੋਏ ਬੜੀ ਬਹਾਦਰੀ ਨਾਲ ਡੱਟ ਕੇ ਵਿਰੋਧ ਕੀਤਾ ਹੈ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਦੇ ਵਾਰਸ ਹੋਣ ਦਾ ਸਬੂਤ ਦਿੱਤਾ ਹੈ, ਇਹ ਟਕਸਾਲ ਵਿਦਵਾਨਾਂ ਅਤੇ ਯੋਧਿਆਂ ਦੀ ਖਾਣ ਹੈ। ਭਾਈ ਰਣਜੀਤ ਸਿੰਘ ਨੂੰ ਛੋਟੀ ਉਮਰੇ ਮੈਂ ਹੀ ਪ੍ਰੇਰ ਕੇ ਦਮਦਮੀ ਟਕਸਾਲ ਵਿੱਚ ਭੇਜਿਆ ਸੀ ਤੇ ਇਹ ਸਾਡੀ ਟਕਸਾਲ ਦਾ ਯੋਧਾ ਤੇ ਹੀਰਾ ਹੈ। ਉਹਨਾਂ ਕਿਹਾ ਕਿ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਦੌਰਾਨ ਵੀ ਸੂਬੇ ਅਤੇ ਇਸ ਦੇ ਸਾਥੀਆਂ ਨੂੰ ਸੋਧਣ ਦੇ ਕਈ ਯਤਨ ਹੋਏ ਸਨ। ਸੂਬੇ ਦੀ ਮੌਤ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਸੀਨੇ ਵਿੱਚ ਠੰਡ ਪਈ ਹੈ। ਅਜੋਕੇ ਬੁੱਚੜ ਪੁਲਿਸ ਅਫਸਰਾਂ ਨੂੰ ਵੀ ਸੂਬੇ ਦੇ ਹਸ਼ਰ ਤੋਂ ਕੁਝ ਸਿੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਵੱਲੋਂ ਅਰੰਭਿਆ ਸੰਘਰਸ਼ ਜਾਰੀ ਹੈ ਤੇ ਖ਼ਾਲਿਸਤਾਨ ਅਵੱਸ਼ ਬਣੇਗਾ ਜਿਸ ਲਈ ਹਜ਼ਾਰਾਂ ਸ਼ਹਾਦਤਾਂ ਹੋ ਚੁੱਕੀਆਂ ਹਨ ਅਤੇ ਹੋ ਰਹੀਆਂ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #