Nazrana Times

ਪੰਜਾਬੀ

ਹਕੂਮਤੀ ਸੰਦ ਬਣ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼

28 Mar, 2026 02:21 AM
ਹਕੂਮਤੀ ਸੰਦ ਬਣ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼

ਅੱਜ-ਕੱਲ੍ਹ ਬਥੇਰੇ ਇਹੋ ਜਿਹੇ ਅਖੌਤੀ ਵਿਦਵਾਨ, ਲੇਖਕ, ਬੁਲਾਰੇ, ਬੁੱਧੀਜੀਵੀ, ਪ੍ਰਚਾਰਕ ਤੇ ਸਿਆਸੀ ਆਗੂ ਪੈਦਾ ਹੋ ਗਏ ਨੇ ਜੋ ਸਿੱਖੀ ਦੀ ਵਿਆਖਿਆ ਸਿੱਖੀ ਸਿਧਾਂਤਾਂ ਦੇ ਖਿਲਾਫ ਕਰੀ ਜਾਂਦੇ ਨੇ, ਇਹਨਾਂ ਵਿੱਚੋਂ ਬਹੁਤਿਆਂ ਨੇ ਇਹ ਜ਼ੋਰ ਦਿੱਤਾ ਹੋਇਆ ਹੈ ਕਿ ਗੁਰੂ ਸਾਹਿਬਾਨਾਂ ਜਾਂ ਪੁਰਾਤਨ ਸਿੱਖਾਂ ਨੇ ਕਦੇ ਰਾਜ ਦੀ ਗੱਲ ਨਹੀਂ ਕੀਤੀ, ਰਾਜ ਦੀ ਗੱਲ ਕਰਨੀ ਬਹੁਤ ਮਾੜੀ ਹੈ, ਸਿੱਖਾਂ ਨੂੰ ਹਿੰਦੂਆਂ ਅਤੇ ਭਾਰਤ ਦੇ ਗੁਲਾਮ ਬਣ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੇ ਸਿੱਖ ਅਕਸਰ ਹੀ ਸਿੱਖ ਰਾਜ (ਖਾਲਿਸਤਾਨ) ਦੀ ਗੱਲ ਕਰਦੇ ਹਨ ਉਹ ਬਹੁਤ ਮਾੜੇ ਨੇ, ਉਹਨਾਂ ਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਇਹੋ ਜਿਹੇ ਵਿਦਵਾਨ ਚਾਹੁੰਦੇ ਹਨ ਕਿ ਸਿੱਖ ਹਿੰਦੂਆਂ ਦੇ ਅਹਿਸਾਨਮੰਦ ਹੋ ਕੇ ਰਹਿਣ। ਜਦ ਕਿ ਅਸਲੀਅਤ ਇਹ ਹੈ ਕਿ ਹਿੰਦੂ ਕਦੇ ਵੀ ਸਿੱਖਾਂ ਦੇ ਅਹਿਸਾਨ ਦਾ ਕਰਜ਼ਾ ਨਹੀਂ ਦੇ ਸਕਦੇ। ਸਾਫ਼ ਗੱਲ ਹੈ ਕਿ ਜੇ ਗੁਰੂ ਸਾਹਿਬਾਨ ਨੇ ਜਬਰ-ਜ਼ੁਲਮ ਖਿਲਾਫ਼ ਸੰਘਰਸ਼ ਕੀਤਾ ਤਾਂ ਹੀ ਅੱਜ ਮੰਦਰਾਂ ਵਿੱਚ ਟੱਲ ਖੜਕਦੇ ਨੇ, ਨਹੀਂ ਤਾਂ ਹੁਣ ਨੂੰ ਹਿੰਦੂ ਧਰਮ ਤਿੰਨ ਸਦੀਆਂ ਪਹਿਲਾਂ ਹੀ ਖਤਮ ਹੋ ਚੁੱਕਾ ਹੁੰਦਾ। ਆਸ ਤਾਂ ਇਹ ਸੀ ਕਿ ਭਾਰਤ ਦੀ ਅਜ਼ਾਦੀ ਮਗਰੋਂ ਹਿੰਦੂ ਇਤਿਹਾਸ ਦੇ ਬੀਤੇ ਦੌਰ ਵਿੱਚ ਸਿੱਖਾਂ ਦੇ ਕੀਤੇ ਅਹਿਸਾਨਾਂ ਦਾ ਕਰਜ਼ਾ ਅਦਾ ਕਰਨ ਵੱਲ ਧਿਆਨ ਦੇਣਗੇ ਕਿ ਹੁਣ ਸਾਡੇ ਕੋਲ਼ ਰਾਜ-ਸੱਤਾ ਹੈ ਤੇ ਹੁਣ ਅਸੀਂ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਮੁੱਲ ਪਾਵਾਂਗੇ। ਪਰ ਹਿੰਦੂਆਂ ਨੇ ਅਕ੍ਰਿਤਘਣ ਬਣਨਾ ਜ਼ਿਆਦਾ ਵਧੀਆ ਮੰਨਿਆ। 1947 ਤੋਂ ਬਾਅਦ ਕੁਝ ਸਾਲ ਤਾਂ ਸਿੱਖ ਉਡੀਕਦੇ ਰਹੇ ਕਿ ਸ਼ਾਇਦ ਹਿੰਦੂ ਅਕਲ ਕਰਨਗੇ। ਪਰ ਹਿੰਦੂਆਂ ਨੇ ਤਾਂ 1984 ਤਕ ਓਹ ਹਾਲਾਤ ਬਣਾ ਧਰੇ ਕਿ ਸਿੱਖਾਂ ਨੂੰ ਓਹ ਮੁਸਲਮਾਨ ਚੰਗੇ ਜਾਪਣ ਲਾ ਦਿੱਤੇ, ਜਿਨ੍ਹਾਂ ਨਾਲ਼ ਹਿੰਦੂਆਂ ਕਰਕੇ ਸਿੱਖ ਭਿੜਦੇ ਰਹੇ ਸਨ। ਹੁਣ ਮੁਸਲਮਾਨ ਵੀ ਮਿਹਣਾ ਮਾਰਨ ਜੋਗੇ ਹੋ ਗਏ ਕਿ ਸਰਦਾਰੋ, ਇਹਨਾਂ ਹਿੰਦੂਆਂ ਪਿੱਛੇ ਸਾਡੇ ਬਜ਼ੁਰਗਾਂ ਖਿਲਾਫ਼ ਭਿੜਦੇ ਰਹੇ ਪਰ ਸਿੱਖਾਂ ਨੇ ਤਾਂ ਮੁਸਲਮਾਨਾਂ ਦੇ ਜ਼ੁਲਮ ਦਾ ਵੀ ਵਿਰੋਧ ਕੀਤਾ ਸੀ, ਹੁਣ ਹਿੰਦੂ ਦੇ ਜਬਰ ਦਾ ਵੀ ਵਿਰੋਧ ਕਰਨਾ ਹੈ। ਜਦ ਈਸਾਈ ਗੋਰਿਆਂ ਨੇ ਸਿੱਖੀ ਉੱਤੇ ਹਮਲਾ ਬੋਲਿਆ, ਸਿੱਖਾਂ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਤੇ ਉਹਨਾਂ ਦਾ ਰਾਜ-ਭਾਗ ਖਤਮ ਹੋ ਗਿਆ। ਗਰੰਟੀ ਹੈ ਕਿ ਅੰਗਰੇਜ਼ ਖਿਲਾਫ਼ ਸਿੱਖ ਨਾ ਉਠਦੇ, ਹੁਣ ਨੂੰ ਭਾਰਤ ਵਿੱਚ ਇੰਗਲੈਂਡ ਦਾ ਹੀ ਰਾਜ ਹੋਣਾ ਸੀ। ਅਸਲ ਵਿੱਚ ਸਿੱਖ ਵਿੱਚ ਗ਼ੁਲਾਮੀ ਝੱਲਣ ਦੀ ਬਿਰਤੀ ਹੀ ਨਹੀਂ। ਸਿੱਖ ਬਾਦਸ਼ਾਹ ਹੁੰਦਾ ਹੈ ਜਾਂ ਬਾਗ਼ੀ। ਸਾਡੀ ਕੌਮ ਵਿੱਚ ਬਥੇਰੇ ਐਹੋ ਜਿਹੇ ਸਿਆਣੇ, ਸੂਝਵਾਨ, ਦੂਰਅੰਦੇਸ਼ ਸੱਜਣ ਨੇ ਜੋ ਖਾਲਸਾ ਬਾਗ਼ੀ ਜਾਂ ਬਾਦਸ਼ਾਹ ਵਾਲ਼ੇ ਸੰਕਲਪ ਨੂੰ ਨੀਵਾਂ ਵਿਖਾ ਕੇ ਭਾਰਤੀ ਸਿਆਸਤਦਾਨਾਂ ਕੋਲ਼ੋਂ ਪੰਥ ਤੇ ਪੰਜਾਬ ਲਈ ਮੰਗਾਂ ਮੰਗ ਕੇ ਖਾਲਸੇ ਨੂੰ ਮੰਗਤੇ ਬਣਾ ਕੇ ਪੇਸ਼ ਕਰਦੇ ਰਹਿੰਦੇ ਨੇ। ਦਸਮੇਸ਼ ਪਿਤਾ ਦੇ ਬਚਨ ਨੇ, "ਇਨ ਗਰੀਬ ਸਿੰਘਨ ਕੋ ਦਿਉਂ ਪਾਤਸ਼ਾਹੀ, ਏ ਯਾਦ ਕਰੇ ਹਮਰੀ ਗੁਰਿਆਈ"। ਗੁਰੂ ਜੀ ਨੇ ਕਿਹੜੀ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਹੈ ? ਇੱਕ ਹੋਰ ਬਚਨ ਹੈ ਸਿੰਘਾਂ ਦਾ, "ਕਿ ਰਾਜ ਕਰਹਿੰ ਕਿ ਲੜ ਮਰਹਿੰ ਹੈ" ਮਤਲਬ ਖਾਲਸਾ ਬਾਗ਼ੀ ਹੁੰਦਾ ਜਾਂ ਬਾਦਸ਼ਾਹ। ਜਾਂ ਰਾਜ ਕਰਾਂਗੇ ਜਾਂ ਲੜ ਮਰਾਂਗੇ। ਜਦ ਜਕਰੀਆਂ ਖਾਂ ਨੇ ਨਵਾਬੀ ਦੀ ਖਿੱਲਅਤ ਭੇਜੀ ਸੀ ਤਾਂ ਸਿੰਘਾਂ ਨੇ ਕਿਹਾ ਸੀ, "ਹਮ ਕੋ ਸਤਿਗੁਰ ਬਚਨ ਪਾਤਿਸ਼ਾਹੀ, ਹਮ ਕੋ ਜਾਪਤ ਢਿਗ ਸੋਊ ਆਹੀ। ਹਮ ਰਾਖਤ ਪਾਤਿਸ਼ਾਹੀ ਦਾਵਾ। ਜਾ ਇਤ ਕੋ ਜਾ ਅਗਲੋ ਪਾਵਾ।” ਉਹ ਸਿੰਘ ਤਾਂ ਕਹਿੰਦੇ ਰਹੇ ਕਿ ਸਾਨੂੰ ਬਾਦਸ਼ਾਹੀ ਭੋਗਣ ਦਾ ਬਚਨ ਸਤਿਗੁਰਾਂ ਨੇ ਕੀਤਾ ਹੋਇਆ ਹੈ ਤੇ ਇਹ ਸਾਡਾ ਬਾਦਸ਼ਾਹੀ ਦਾ ਦਾਵਾ ਬਣਦਾ ਹੈ। ਪੁਰਾਤਨ ਹਰ ਗ੍ਰੰਥ ਤਾਂ ਸਾਨੂੰ ਇਹ ਦੱਸਦਾ ਹੈ ਕਿ ਸਿੰਘਾਂ ਨੂੰ ਸਤਿਗੁਰਾਂ ਨੇ ਖ਼ਾਲਸਾ ਰਾਜ ਕਾਇਮ ਕਰਨ ਦਾ ਹੁਕਮ ਕੀਤਾ ਹੈ ਤੇ ਹੁਣ ਨਵੇਂ-ਨਵੇਂ ਉੱਠੇ ਵਿਦਵਾਨ ਸਾਨੂੰ ਮੱਤਾਂ ਦਿੰਦੇ ਨੇ ਗੁਰੂ ਸਾਹਿਬ ਨੇ ਰਾਜ-ਭਾਗ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ। "ਨਾਨਕਿ ਰਾਜ ਚਲਾਇਆ ਸਚ ਕੋਟੁ ਸਤਾਣੀ ਨੀਵ ਦੇ।” ਇਸ ਗੁਰਵਾਕ ਵਿੱਚ ਰਾਜ ਦੀ ਗੱਲ ਹੈ, ਕੀ ਇਹ 'ਵਿਦਵਾਨ' ਇਸ ਨੂੰ ਖ਼ਤਮ ਕਰ ਦੇਣਗੇ ? "ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ। ਜੇ ਤੂ ਏਵੇ ਰਖਸੀ ਜੀਓ ਸਰੀਰਹੁ ਲੇਹਿ।” ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੁਕਮ ਕਰਦੇ ਨੇ ਕਿ ਗ਼ੁਲਾਮ ਰਹਿਣ ਨਾਲ਼ੋਂ ਮੌਤ ਵਧੀਆ ਪਰ ਇਹ ਕਹਿੰਦੇ ਜੀ ਗ਼ੁਲਾਮੀ ਭੋਗੋ। ਕਿੰਨਾ ਕੁਫ਼ਰ ਤੋਲਦੇ ਨੇ ਕਿ ਗੁਰੂ ਸਾਹਿਬ ਨੇ ਰਾਜ ਦੀ ਗੱਲ ਹੀ ਨਹੀਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹਿੰਦ ਕੀ ਕਰਨ ਭੇਜਿਆ ਸੀ ? ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਦੀ ਕਾਇਮੀ ਗੁਰੂ ਸਾਹਿਬ ਦੀ ਇੱਛਾ ਤੋਂ ਉਲ਼ਟ ਕੀਤੀ ਹੁੰਦੀ ਤਾਂ ਜਿਹੜੇ ਸਿੰਘ ਦਸ਼ਮੇਸ਼ ਪਿਤਾ ਜੀ ਨੇ ਬਾਬਾ ਬੰਦਾ ਸਿੰਘ ਦੇ ਨਾਲ਼ ਦੱਖਣ ਤੋਂ ਭੇਜੇ ਸੀ, ਉਹ ਨਾ ਰੋਕਦੇ-ਟੋਕਦੇ ? ਕਲਗੀਧਰ ਪਾਤਸ਼ਾਹ ਦੇ ਖਾਸਮ-ਖ਼ਾਸ, ਭਰੋਸੇਯੋਗ ਸਿੱਖਾਂ ਨਾਲ਼ੋਂ ਆਹ ਅੱਜ ਦੇ 'ਵਿਦਵਾਨਾਂ' ਨੂੰ ਬਹੁਤੀ ਅਕਲ ਐ, ਜਿਹੜੇ ਕਹਿੰਦੇ ਕਿ ਗੁਰੂ ਸਾਹਿਬ ਨੇ ਤਾਂ ਕਦੇ ਰਾਜ ਸਿਰਜਣ ਦੀ ਗੱਲ ਹੀ ਨਹੀਂ ਕੀਤੀ। ਸਿੱਖ ਰਾਜ-ਖ਼ਾਲਿਸਤਾਨ ਦੇ ਵਿਰੋਧੀ ਇਹਨਾਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਵਰਗੇ ਸਾਰੇ ਸਿੱਖ ਗ਼ਲਤ ਲੱਗਦੇ ਹੋਣਗੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਕਹਿੰਦੇ ਹੁੰਦੇ ਸੀ ਕਿ ਕੌਮ ਦੇ ਗਲ਼ੋਂ ਗ਼ੁਲਾਮੀ ਲਾਹੁਣੀ ਐ। ਉਹ ਤਾਂ ਫਿਰ ਬਹੁਤ ਮਾੜੇ ਲੱਗਦੇ ਹੋਣਗੇ। ਸਿੱਖ ਇਤਿਹਾਸ ਦਾ ਹਰ ਉਹ ਪਾਤਰ ਜੀਹਨੇ ਖ਼ਾਲਸਾ ਰਾਜ ਸਿਰਜਣ ਲਈ, ਕਾਇਮ ਰੱਖਣ ਲਈ, ਗ਼ੁਲਾਮੀ ਦੇ ਖਿਲਾਫ਼ ਤੇ ਅਜ਼ਾਦੀ ਦੇ ਹੱਕ ਵਿੱਚ ਕੋਈ ਵੀ ਸਰਗਰਮੀ ਕੀਤੀ ਹੋਵੇਗੀ, ਉਹ ਸਾਰੇ ਲੋਕ ਇਹਨਾਂ ਵਿਦਵਾਨਾਂ ਨੂੰ ਗ਼ਲਤ ਜਾਪਦੇ ਹੋਣੇ ਨੇ। ਕੀ ਗੱਲ ਸਿੱਖੀ ਕੋਈ ਟੱਲੀਆਂ ਵਜਾਉਣ ਵਾਲ਼ਿਆਂ ਦਾ ਧਰਮ ਐ, ਕੀ ਸਿੱਖੀ ਵਿੱਚ ਮੀਰੀ-ਪੀਰੀ ਦਾ ਸਿਧਾਂਤ ਨਹੀਂ ? ਖ਼ਾਲਸੇ ਨੇ ਧਰਮ ਦਾ ਰਾਜ ਕਾਇਮ ਕਰਨਾ ਹੈ ਜਿੱਥੇ ਗੁਰਮਤਿ ਅਨੁਸਾਰੀ ਕਲਿਆਣਕਾਰੀ ਸਿਧਾਂਤ ਲਾਗੂ ਕਰ ਕੇ ਮਨੁੱਖਤਾ ਦਾ ਭਲਾ ਕੀਤਾ ਜਾ ਸਕੇ। ਕਿਸੇ ਨਾਲ਼ ਰੰਗ, ਨਸਲ, ਜਾਤ, ਧਰਮ ਕਰਕੇ ਵਿਤਕਰਾ ਨਾ ਹੋਵੇ ਜਿਵੇਂ ਕਿ ਪਹਿਲਾਂ ਜਦ ਵੀ ਸਿੱਖਾਂ ਕੋਲ਼ ਰਾਜ-ਭਾਗ ਆਇਆ ਤਾਂ ਇੱਕ ਵੀ ਸ਼ਖ਼ਸ ਨਾਲ਼ ਉਹਦੇ ਧਰਮ ਕਰਕੇ ਵਿਤਕਰਾ ਨਹੀਂ ਹੋਇਆ। ਵੀਰੋ, ਇਹਨਾਂ ਵਿਦਵਾਨਾਂ ਤੋਂ ਸਾਵਧਾਨ ਰਹੋ ਜਿਹੜੇ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਇੱਕ ਵੀ ਲਾਈਨ ਪੜ੍ਹੇ ਬਿਨਾਂ ਸਿੱਖੀ ਦੀ ਵਿਆਖਿਆ ਕਰਨ ਦਾ ਦਾਅਵਾ ਕਰਦੇ ਫਿਰਦੇ ਨੇ। ਇਹ ਭਾਰਤੀ ਹਕੂਮਤ ਦਾ ਸੰਦ ਬਣ ਕੇ ਹਿੰਦੂਤਵ ਦੀ ਬੋਲੀ ਬੋਲ ਕੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: GURBHEJ SINGH ANANDPURI

Loading…
Loading the web debug toolbar…
Attempt #