ਸਿਆਸਤਦਾਨੋ ਤੇ ਪ੍ਰਚਾਰਕੋ! ਸਿੱਖੀ 'ਤੇ ਹਮਲੇ ਬੰਦ ਕਰੋ
28 Mar, 2026 02:29 AM
ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਬਾਦਲ ਦਲ ਤੇ ਹੋਰ ਰਾਸ਼ਟਰਵਾਦੀ ਪਾਰਟੀਆਂ 'ਚ ਅਨੇਕਾਂ ਸਿੱਖ ਚਿਹਰਿਆਂ ਵਾਲੇ ਅਜਿਹੇ ਸਿਆਸਤਦਾਨ ਸਰਗਰਮ ਨੇ ਜੋ ਸਿੱਖਾਂ ਨੂੰ ਵੱਖਰੀ ਕੌਮ ਹੀ ਨਹੀਂ ਮੰਨਦੇ। ਇਹਨਾਂ ਤੋਂ ਕਦੇ ਵੀ ਪੰਥ ਅਤੇ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਭਾਵੇਂ ਕਿ ਇਹ ਅਖਵਾਉਂਦੇ ਤਾਂ ਆਪਣੇ ਆਪ ਨੂੰ ਸਿੱਖ ਨੇ, ਪਰ ਅਸਲ 'ਚ ਇਹ ਕੇਸਾਧਾਰੀ-ਹਿੰਦੂ ਹੀ ਨੇ। ਇਹ ਜੇ ਕੋਈ ਪ੍ਰਾਪਤੀ ਕਰ ਵੀ ਲੈਣ ਤਾਂ ਉਸਨੂੰ ਸਿੱਖ ਕੌਮ ਅਤੇ ਪੰਜਾਬ ਦੇ ਪਾਲ਼ੇ ਵਿੱਚ ਪਾਉਣ ਦੀ ਬਜਾਏ ਭਾਰਤੀ ਖਾਤੇ ਵਿੱਚ ਹੀ ਪਾਉਣਗੇ ਤੇ ਆਪਣੇ ਆਪ ਨੂੰ ਭਾਰਤ ਮਾਤਾ ਦੇ ਸਪੂਤ, ਦੇਸ਼ ਭਗਤ ਤੇ ਵੱਡੇ ਰਾਸ਼ਟਰਵਾਦੀ ਅਖਵਾਉਣਗੇ।
ਇਹ ਦਾਅਵੇ ਕਰਦੇ ਰਹਿੰਦੇ ਨੇ ਕਿ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਨੇ, ਹਿੰਦੂ-ਸਿੱਖ ਇੱਕ ਹੀ ਨੇ, ਸਾਡਾ ਨਹੁੰ-ਮਾਸ ਦਾ ਰਿਸ਼ਤਾ ਏ, ਆਦਿਕ। ਜਦ ਕਿ ਇਹਨਾਂ ਨੂੰ ਪਤਾ ਵੀ ਹੈ ਕਿ ਸਿੱਖ ਇੱਕ ਵੱਖਰੀ ਕੌਮ, ਪੰਥ ਅਤੇ ਧਰਮ ਹੈ ਜੋ ਹਿੰਦੂਆਂ, ਮੁਸਲਮਾਨਾਂ, ਹੋਰ ਧਰਮਾਂ ਤੇ ਸਮੁੱਚੇ ਸੰਸਾਰ ਨਾਲ਼ੋਂ ਨਿਆਰਾ ਹੈ। ਸਿੱਖ ਕਿਸੇ ਵੀ ਤਰ੍ਹਾਂ ਹਿੰਦੂਆਂ ਦਾ ਅੰਗ ਨਹੀਂ ਹਨ ਤੇ ਨਾ ਹੀ ਹਿੰਦੂ/ਸਨਾਤਨ ਧਰਮ ਦਾ ਕੋਈ ਅੰਸ਼ ਹਨ।
ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਤੋਂ ਹੀ ਸਨਾਤਨੀ/ਹਿੰਦੂ ਵਿਚਾਰਧਾਰਾ ਨੂੰ ਨਹੀਂ ਸੀ ਅਪਣਾਇਆ, ਨਾ ਹੀ ਉਹਨਾਂ ਨੇ ਕਿਸੇ ਪੰਡਿਤ ਤੋਂ ਤਿਲਕ ਲਵਾਇਆ, ਨਾ ਹੀ ਜੰਝੂ ਪਾਇਆ, ਨਾ ਸਿਰ ਮੁੰਡਨ ਕਰਵਾਇਆ ਤੇ ਨਾ ਹੀ ਕਿਸੇ ਦੇਵੀ-ਦੇਵਤੇ ਨੂੰ ਆਪਣਾ ਇਸ਼ਟ ਮੰਨਿਆ ਸੀ। ਗੁਰੂ ਸਾਹਿਬ ਨੇ ਵੱਖਰੇ ਸਿੱਖ ਧਰਮ ਦੀ ਨੀਂਹ ਰੱਖੀ, ਬ੍ਰਾਹਮਣਵਾਦ ਨੂੰ ਮੁੱਢੋਂ ਰੱਦ ਕੀਤਾ, ਜਾਤ-ਪਾਤ ਦੇ ਵਿਤਕਰੇ ਵਿਰੁੱਧ ਆਵਾਜ਼ ਉਠਾਈ, ਬ੍ਰਾਹਮਣਾਂ-ਮੁਲਾਣਿਆਂ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਮਾਨਸਿਕ ਸੋਸ਼ਣ ਅਤੇ ਆਰਥਿਕ ਲੁੱਟ ਦੇ ਪਾਜ ਉਘੇੜੇ, ਬਾਬਰ ਨੂੰ ਜਾਬਰ ਆਖਿਆ, ਕਰਮਕਾਂਡ ਤੇ ਪਖੰਡਵਾਦ ਨੂੰ ਫੋਕਟ-ਕਰਮ ਆਖਿਆ, ਮੂਰਤੀ ਪੂਜਾ-ਬੁੱਤ ਪ੍ਰਸਤੀ ਤੇ ਵਰਤ ਆਦਿਕ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਕੇਵਲ ਇੱਕ ਅਕਾਲ ਪੁਰਖ ਨਾਲ ਜੋੜਿਆ ਤੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਅਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ਜੋ ਬ੍ਰਾਹਮਣ ਦੀ ਵਿਚਾਰਧਾਰਾ ਦੇ ਸਖ਼ਤ ਉਲਟ ਸੀ।
ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤਕ ਸਿੱਖੀ ਦੇ ਸਾਰੇ ਸਿਧਾਂਤ ਅਤੇ ਕਾਰਜ ਹਿੰਦੂਆਂ ਨਾਲੋਂ ਵੱਖਰੇ ਸਿਰਜੇ ਗਏ। 1699 ਦੀ ਵੈਸਾਖੀ 'ਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਖ਼ਾਲਸੇ ਨੂੰ ਪ੍ਰਗਟ ਕਰਨਾ ਤਾਂ ਮਹਾਨ ਕ੍ਰਾਂਤੀਕਾਰੀ ਇਤਿਹਾਸ ਹੈ ਜਿਸ ਨੇ ਮੁਗਲ ਰਾਜ ਦੇ ਤਖ਼ਤੇ ਪਲਟ ਸੁੱਟੇ। ਹਿੰਦੂ ਪਹਾੜੀ ਰਾਜਿਆਂ, ਮੁਗਲਾਂ, ਅਫ਼ਗ਼ਾਨਾਂ ਤੇ ਪਠਾਣਾਂ ਵਿਰੁੱਧ ਜੰਗਾਂ ਕਰਕੇ ਸਿੱਖਾਂ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ, ਨਾਨਕਸ਼ਾਹੀ ਸਿੱਕੇ ਚਲਾਏ ਤੇ ਐਸਾ ਰਾਜ ਪ੍ਰਬੰਧ ਦਿੱਤਾ ਕਿ ਹਿੰਦੂਆਂ ਤੇ ਮੁਸਲਮਾਨਾਂ ਨੇ ਸੁੱਖ ਦਾ ਸਾਹ ਲਿਆ। ਸਿੱਖਾਂ ਦਾ ਇਸ਼ਟ, ਧਰਮ, ਗ੍ਰੰਥ, ਪੰਥ, ਬੋਲੀ, ਸੱਭਿਆਚਾਰ, ਪਹਿਰਾਵਾ, ਸਿਧਾਂਤ, ਇਤਿਹਾਸ, ਪ੍ਰੰਪਰਾ, ਰਵਾਇਤ, ਧਾਰਮਿਕ ਅਸਥਾਨ, ਕਹਿਣੀ-ਬਹਿਣੀ, ਰਹਿਣੀ-ਸਹਿਣੀ, ਜੈਕਾਰਾ, ਨਾਹਰਾ ਭਾਵ ਕਿ ਸਭ ਕੁਝ ਹਿੰਦੂਆਂ ਨਾਲ਼ੋਂ ਵੱਖਰਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਕਹਿਣਾ ਸਿੱਖ ਕੌਮ ਉੱਤੇ ਸਿਧਾਂਤਕ ਹਮਲਾ ਹੈ। ਗੁਰੂ ਕਾਲ ਤੋਂ ਹੀ ਸਿੱਖ, ਹਿੰਦੂਆਂ ਨਾਲੋਂ ਬਿਲਕੁਲ ਵੱਖਰੇ ਜਾਣੇ ਜਾਂਦੇ ਸਨ ਜਿਸ ਦੀਆਂ ਅਨੇਕਾਂ ਮਿਸਾਲਾਂ ਗੁਰਬਾਣੀ, ਇਤਿਹਾਸ ਅਤੇ ਹੋਰ ਹਵਾਲਿਆਂ ਤੋ ਮਿਲਦੀਆਂ ਹਨ।
ਪਰ ਕਦੇ ਭਾਜਪਾ (ਭਗਵੇਂ ਬ੍ਰਿਗੇਡ) ਦੇ ਆਗੂ, ਕਦੇ ਆਰ.ਐਸ.ਐਸ. ਦਾ ਮੁਖੀ, ਕਦੇ ਕੋਈ ਕਾਂਗਰਸੀ ਆਗੂ ਜਾਂ ਹੋਰ ਸਿਆਸੀ ਬਟੇਰੇ ਅਕਸਰ ਹੀ ਸਿੱਖਾਂ ਨੂੰ ਹਿੰਦੂਆਂ ਵਿੱਚ ਰਲਗੱਡ ਕਰਨ ਵਾਲੇ ਪੁੱਠੇ ਜਿਹੇ ਬਿਆਨ ਦੇ ਕੇ ਸਿੱਖਾਂ ਨੂੰ ਚਿੜਾਉਂਦੇ ਰਹਿੰਦੇ ਹਨ। ਹਿੰਦੂਤਵੀਏ ਤਾਂ ਸਿੱਖਾਂ ਦੀ ਹੋਂਦ-ਹਸਤੀ ਨੂੰ ਖ਼ਤਮ ਕਰਨ ਅਤੇ ਆਪਣੇ ਵਿੱਚ ਜਜ਼ਬ ਕਰਨ ਲਈ ਅਜਿਹੀਆਂ ਚਾਲਾਂ ਚੱਲਦੇ ਹਨ ਪਰ ਸਿੱਖ ਚਿਹਰਿਆਂ ਵਾਲੇ ਸਿਆਸਤਦਾਨ ਜਦੋਂ ਅਜਿਹੇ ਘਟੀਆ ਬਿਆਨ ਦਿੰਦੇ ਹਨ ਤਾਂ ਹਰ ਸਿੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣ ਕੇ ਆਪਣੀ ਹੀ ਕੌਮ ਦੀਆਂ ਜੜ੍ਹਾਂ ਵੱਢਣ ਲਈ ਕੰਮ ਕਰ ਰਹੇ ਹਨ ਤਾਂ ਜੋ ਭਾਰਤੀ ਨਿਜ਼ਾਮ ਅਤੇ ਆਪਣੇ ਹਿੰਦੂ ਆਕਾਵਾਂ ਨੂੰ ਖ਼ੁਸ਼ ਕਰ ਸਕਣ।
ਸਿੱਖਾਂ ਨੂੰ ਸਿੱਖ ਚਿਹਰਿਆਂ ਵਾਲੇ ਅਜਿਹੇ ਕੇਸਾਧਾਰੀ-ਹਿੰਦੂ ਸਿਆਸਤਦਾਨਾਂ ਤੋਂ ਸਭ ਤੋਂ ਵੱਧ ਖ਼ਤਰਾ ਹੈ। ਇਹਨਾਂ ਸਿਆਸਦਾਨਾਂ ਨੇ ਤਾਂ ਸਿਆਸੀ ਬੁਰਕੀ ਲਈ ਇਹ ਕਮਲ ਘੋਟਣਾ ਹੀ ਘੋਟਣਾ ਹੈ ਪਰ ਅਫ਼ਸੋਸ ਕਿ ਹੁਣ ਤਾਂ ਸਾਡੀਆਂ ਕੁਝ ਸੰਪਰਦਾਵਾਂ-ਜਥੇਬੰਦੀਆਂ ਦੇ ਆਗੂ, ਅਖੌਤੀ ਪ੍ਰਚਾਰਕ ਤੇ ਖ਼ਾਲਸਈ ਬਾਣੇ 'ਚ ਲੁਕੇ ਵਿਅਕਤੀ ਵੀ ਹਿੰਦੂ ਕਰਮ-ਕਾਂਡ ਕਰਕੇ, ਭਗਵੇਂ ਬ੍ਰਿਗੇਡ ਦੀ ਹਮਾਇਤ ਕਰਕੇ ਅਤੇ ਹਿੰਦੂਤਵ ਵਾਲਾ ਪ੍ਰਚਾਰ ਕਰ-ਕਰਵਾ ਕੇ ਸਿੱਖਾਂ ਨੂੰ ਸਨਾਤਨੀ ਅਖਵਾਉਣ ਤੇ ਕੇਸਾਧਾਰੀ ਹਿੰਦੂ ਬਣਾਉਣ ਉੱਤੇ ਪੂਰੇ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ। ਜੇ ਸਿੱਖ ਨਾ ਸੰਭਲੇ ਤਾਂ ਇਹ ਲੋਕ ਸਿੱਖੀ ਦਾ ਹਿੰਦੂਕਰਨ ਕਰ ਦੇਣਗੇ। ਇਸ ਲਈ ਇਹਨਾਂ ਸਿਆਸਤਦਾਨਾਂ ਤੇ ਪ੍ਰਚਾਰਕਾਂ ਦਾ ਸਿੱਖ ਵਿਰੋਧੀ ਪ੍ਰਚਾਰ-ਬਿਰਤਾਂਤ ਬੰਦ ਕਰਵਾਉਣ ਦੀ ਲੋੜ ਹੈ ਜਾਂ ਫਿਰ ਇਸ ਦੇ ਟਾਕਰੇ ਲਈ ਸਿੱਖਾਂ ਨੂੰ ਸਿਧਾਂਤਕ ਤੌਰ 'ਤੇ ਠੋਸ ਜਵਾਬ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਘੁੱਗੂ ਸਿਆਸਤਦਾਨਾਂ ਅਤੇ ਅਖੌਤੀ ਪ੍ਰਚਾਰਕਾਂ ਨੂੰ ਲੱਗੀ ਬਿਮਾਰੀ ਦਾ ਇਲਾਜ ਗੁਰਬਾਣੀ-ਇਤਿਹਾਸ ਦੇ ਗੂੜ੍ਹ ਗਿਆਨਵਾਨ ਸਿੱਖਾਂ ਨੂੰ ਕਰਨਾ ਹੀ ਪੈਣਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







