Nazrana Times

ਪੰਜਾਬੀ

ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਲਿਖਣ ਵਾਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

02 Oct, 2025 10:35 PM
ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਲਿਖਣ ਵਾਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

ਸ੍ਰੀ ਅੰਮ੍ਰਿਤਸਰ, 2 ਅਕਤੂਬਰ ਤਾਜੀਮਨੂਰ ਕੌਰ 


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਲਿਖਣ ਦਾ ਰਿਕਾਰਡ ਬਣਾਉਣ ਵਾਲੀ 18 ਸਾਲਾ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਦਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ। ਇਸ ਮੌਕੇ ਗੁਰਸ਼ਰਨ ਕੌਰ ਨੇ ਜਥੇਦਾਰ ਗੜਗੱਜ ਨੂੰ ਆਪਣੇ ਵੱਲੋਂ ਲਿਖੀ ਕਵਿਤਾਵਾਂ ਦੀ ਇੱਕ ਪੁਸਤਕ ਵੀ ਭੇਟ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਸ਼ਰਨ ਕੌਰ ਨੇ ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਮੌਕੇ ਉੱਤੇ ਹੀ ਕਲਮ ਨਾਲ ਲਿਖ ਕੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ। ਉਹ ਦੁਨੀਆ ਅੰਦਰ ਅਜਿਹਾ ਕਰਨ ਵਾਲੀ ਪਹਿਲੀ ਗੁਰਸਿੱਖ ਤੇ ਦਸਤਾਰਧਾਰੀ ਬੱਚੀ ਹੈ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਵਿੱਚ ਬੀਬੀਆਂ ਅਤੇ ਭੈਣਾਂ ਦੇ ਹੱਕ ਦੀ ਗੱਲ ਆਖੀ ਹੈ। ਗੁਰਬਾਣੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦੀ ਸੇਵਾ ਦਾ ਵੀ ਜ਼ਿਕਰ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਅੰਦਰ ਵੀ ਬੀਬੀਆਂ ਦਾ ਵਿਸ਼ੇਸ਼ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਅੱਜ ਵੀ ਸਾਡੀਆਂ ਬਹੁਤ ਧੀਆਂ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਉੱਪਰ ਚੱਲਦਿਆਂ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੀਆਂ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਿੱਖੀ ਦੀ ਸ਼ਾਨ ਨੂੰ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੀ ਗੁਰਸ਼ਰਨ ਕੌਰ ਬੰਡਾਲਾ ਵੱਲੋਂ ਵੀ ਆਪਣੀ ਸਿੱਖ ਪਛਾਣ ਕਾਇਮ ਰੱਖਦਿਆਂ ਕਵਿਤਾਵਾਂ ਲਿਖਣ ਦਾ ਰਿਕਾਰਡ ਬਣਾਇਆ ਹੈ ਜੋ ਕਿ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਧੀ ਹੋਣ ਦੇ ਨਾਤੇ ਬੱਚੀ ਗੁਰਸ਼ਰਨ ਕੌਰ ਦਾ ਹੌਸਲਾ ਵਧਾਉਣ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਇਸ ਬੱਚੀ ਨੂੰ ਹੋਰ ਤਰੱਕੀਆਂ ਬਖ਼ਸ਼ਣ ਤੇ ਹੋਰ ਵੀ ਗੁਰਸਿੱਖ ਧੀਆਂ ਪ੍ਰੇਰਣਾ ਲੈ ਕੇ ਆਪੋ ਆਪਣੇ ਖੇਤਰਾਂ ਵਿੱਚ ਅੱਗੇ ਵਧਣ ਤੇ ਸਿੱਖੀ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਇਸ ਬੱਚੀ ਦੇ ਸਿਰ ਉੱਤੇ ਮਾਪਿਆਂ ਦਾ ਹੱਥ ਨਹੀਂ ਪਰ ਇਹ ਅਕਾਲ ਪੁਰਖ ਦੇ ਓਟ ਆਸਰੇ ਫਿਰ ਵੀ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ।

Posted By: TAJEEMNOOR KAUR

Loading…
Loading the web debug toolbar…
Attempt #