ਗੁਰਦੁਆਰਾ ਗੁਰੂ ਨਾਨਕ ਦਰਬਾਰ ਬੋਆਵਿਸਤਾ , ਪੁਰਤਗਾਲ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ
01 Apr, 2025 09:45 PM
ਓਦੀਮੇਰਾ 1 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਾਨਕ ਨਾਮ ਲੇਵਾ ਸਿੱਖਾਂ ਰੂਪੀ ਫੁੱਲਵਾੜੀ ਦੇ ਫੁੱਲ ਸੰਸਾਰ ਦੇ ਜਿਸ ਵੀ ਖਿੱਤੇ ਵਿੱਚ ਵੱਸਦੇ ਹਨ ਉਥੇ ਹੀ ਸੰਗਤ ਕਰਨ ਲਈ ਧਰਮਸ਼ਾਲਾ (ਪੁਰਾਤਨ ਨਾਮ) ਯਾਨੀ ਗੁਰਦੁਆਰਾ ਸਾਹਿਬ ਸਥਾਪਿਤ ਕਰ ਲੈਂਦੇ ਹਨ ਜਿੱਥੇ ਉਹ ਸੰਗਤੀ ਰੂਪ ਵਿੱਚ ਆਪਣੇ ਧਰਮ ਨਾਲ ਜੁੜੇ ਰਹਿੰਦੇ ਹਨ। ਏਸੇ ਤਰਜ਼ਮਾਨੀ ਤੇ ਪੁਰਤਗਾਲ ਦੀ ਓਦੀਮੇਰਾ ਸਟੇਟ ਦੇ ਜਿਲ੍ਹਾ ਬੇਜਾ ਦੇ ਇੱਕ ਪਿੰਡ ਬੋਆਵਿਸਤਾ ਵਿੱਚ ਸਥਿੱਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੋਆਵਿਸਤਾ, ਪੁਰਤਗਾਲ ਵਿਖੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਦਿਵਾਨ ਸਜਾਏ ਗਏ। ਜਿਸ ਵਿੱਚ ਪਹਿਲਾਂ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਅਤੇ ਸੰਗਤਾਂ ਨੇ ਰਲ ਮਿਲ ਕੇ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਉਪਰੰਤ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਉਪਰੰਤ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਅਖੀਰ ਕਥਾਵਾਚਕ ਭਾਈ ਪੂਰਨ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਸੰਗਤਾਂ ਵੱਲੋਂ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਸਮਾਗਮ ਦਾ ਆਨੰਦ ਮਾਣਿਆ।
Posted By: GURBHEJ SINGH ANANDPURI








