Nazrana Times

ਪੰਜਾਬੀ

ਫੈਡਰੇਸ਼ਨ ਵੱਲੋਂ ਜਥੇਦਾਰ ਨੂੰ ਚਿੱਠੀ : ਸਿੱਖਾਂ ਦੇ ਕਾਤਲਾਂ ਦੇ ਕੇਸ ਲੜਨ ਵਾਲੇ ਸਤਨਾਮ ਸਿੰਘ ਕਲੇਰ ਨੂੰ ਪੰਥ 'ਚੋਂ ਛੇਕਿਆ ਜਾਏ ਤੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਹਟਾਇਆ ਜਾਏ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

14 Jul, 2026 02:56 PM

ਅੰਮ੍ਰਿਤਸਰ, 14 ਜੁਲਾਈ , ਜੁਗਰਾਜ ਸਿੰਘ ਸਰਹਾਲੀ-
ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਂ 'ਤੇ ਦਫ਼ਤਰ ਇੰਚਾਰਜ ਸ. ਬਗੀਚਾ ਸਿੰਘ ਨੂੰ ਪੱਤਰ ਸੌਂਪਿਆ ਜਿਸ ਵਿੱਚ ਸਿੱਖਾਂ ਦੇ ਕਾਤਲਾਂ ਦੇ ਕੇਸ ਲੜਨ ਵਾਲੇ ਸਤਨਾਮ ਸਿੰਘ ਕਲੇਰ ਨੂੰ ਪੰਥ 'ਚੋਂ ਛੇਕਣ ਅਤੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਛੇ ਜੂਨ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਅੰਗਦ ਸਿੰਘ ਖ਼ਾਲਸਾ ਤੇ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਦੇ ਦਸਤਖ਼ਤਾਂ ਹੇਠ ਜਥੇਦਾਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਸਤਨਾਮ ਸਿੰਘ ਕਲੇਰ ਅਤੇ ਉਨ੍ਹਾਂ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ (ਜੋ ਕਿ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਹਨ) ਨੇ ਬੀਤੇ ਸਮੇਂ ਵਿੱਚ ਸੁਮੇਧ ਸੈਣੀ ਸਮੇਤ ਉਨ੍ਹਾਂ ਅਨੇਕਾਂ ਜ਼ਾਲਮ ਪੁਲਿਸ ਅਫ਼ਸਰਾਂ ਦੇ ਅਦਾਲਤੀ ਕੇਸ ਲੜੇ ਹਨ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਸੀ। ਸਿੱਖਾਂ ਦੇ ਕਾਤਲਾਂ ਦੀ ਮਦਦ ਕਰਨ ਵਾਲੇ ਅਜਿਹੇ ਵਿਅਕਤੀਆਂ ਦਾ ਪੰਥਕ ਸੰਸਥਾਵਾਂ ਵਿੱਚ ਹੋਣਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਹੈ। ਇਸ ਸਮੇਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਦਫ਼ਤਰ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ ਅਤੇ ਇਹ ਅਕਾਲੀ ਦਲ ਦੇ ਇੱਕ 'ਸਬ-ਆਫ਼ਿਸ' ਵਾਂਗ ਕੰਮ ਕਰ ਰਿਹਾ ਹੈ। ਅਜਿਹੇ ਪੱਖਪਾਤੀ ਕਮਿਸ਼ਨ ਤੋਂ ਪੰਥਕ ਨਿਆਂ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਕਮਿਸ਼ਨ ਦੇ ਮੈਂਬਰਾਂ ਦੇ ਪੈਨਲ ਭੇਜਣ ਸਮੇਂ ਨਿਯਮਾਂ (ਸਾਬਤ ਸੂਰਤ ਹੋਣ ਦੀ ਸ਼ਰਤ) ਨੂੰ ਛਿੱਕੇ ਟੰਗਿਆ ਗਿਆ। ਅਸੀਂ ਮੰਗ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਉਸ ਪ੍ਰਧਾਨ ਦੀ ਜਵਾਬ-ਤਲਬੀ ਕੀਤੀ ਜਾਵੇ ਜਿਸ ਨੇ ਸਿੱਖਾਂ ਦੇ ਕਾਤਲਾਂ ਦੇ ਵਕੀਲ ਸਤਨਾਮ ਸਿੰਘ ਕਲੇਰ ਦਾ ਨਾਮ ਇਸ ਪੈਨਲ ਵਿੱਚ ਸ਼ਾਮਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਸੀ। ਸਾਡੀ ਆਪ ਜੀ ਅੱਗੇ ਅਪੀਲ ਹੈ ਕਿ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਅਹੁਦੇ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਜਾਣ ਅਤੇ ਸਿੱਖਾਂ ਦੇ ਕਾਤਲਾਂ ਦੀ ਮਦਦ ਕਰਨ ਬਦਲੇ ਉਸ ਨੂੰ ਪੰਥ 'ਚੋਂ ਛੇਕਿਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ (ਬਾਦਲ) ਨੂੰ ਸਖ਼ਤ ਸਵਾਲ ਕੀਤਾ ਜਾਵੇ ਕਿ ਉਨ੍ਹਾਂ ਨੇ ਕਾਤਲ ਪੁਲਿਸ ਅਫ਼ਸਰਾਂ ਦੇ ਹਮਾਇਤੀਆਂ ਅਤੇ ਅਜਿਹੇ ਸਿੱਖ ਵਿਰੋਧੀ ਚਿਹਰਿਆਂ ਨੂੰ ਪਾਰਟੀ ਵਿੱਚ ਮੁੱਖ ਬੁਲਾਰਿਆਂ ਵਰਗੇ ਅਹੁਦੇ ਦੇ ਕੇ ਕਿਉਂ ਥਾਂ ਦਿੱਤੀ ਹੋਈ ਹੈ ? ਪੰਥ ਆਪਣੇ ਕਾਤਲਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਹੋਰ ਲੰਮਾ ਸਮਾਂ ਸਮਝੌਤਾ ਨਹੀਂ ਕਰ ਸਕਦਾ। ਉਮੀਦ ਹੈ ਕਿ ਆਪ ਜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਸ਼ਹੀਦਾਂ ਦੇ ਖ਼ੂਨ ਨਾਲ ਵਫ਼ਾਦਾਰੀ ਕਮਾਉਂਦੇ ਹੋਏ ਇਸ ਮਾਮਲੇ 'ਤੇ ਤੁਰੰਤ ਅਤੇ ਇਤਿਹਾਸਕ ਫ਼ੈਸਲਾ ਲਵੋਗੇ।

Posted By: GURBHEJ SINGH ANANDPURI

Latest News