ਛੋਟੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਂਹਾਂ ਪੱਕੀਆਂ ਕਰਨ ਲਈ ‘ਸ਼ਹਾਦਤਾਂ’ ਦਿੱਤੀਆਂ, ਨਾ ਕਿ ਅਜੋਕੇ ਭਾਰਤ ਲਈ ‘ਬਲੀਦਾਨ’ ਦਿੱਤਾ - ਜਥੇਦਾਰ ਮਹਿੰਦਰ ਸਿੰਘ ਯੂ.ਕੇ.
ਗੁਰੂ ਗ੍ਰੰਥ, ਗੁਰੂ ਪੰਥ ਨੂੰ ਪਿੱਠ ਦੇ ਕੇ ਸਿੱਖੀ ਸਿਦਕ ਤੋਂ ਭਗੌੜੇ ਕੁਝ ਮੁੱਠੀ ਭਰ ਰਾਸ਼ਟਰਵਾਦੀ ਸਿੱਖਾਂ ਦੀ ਸਹਾਇਤਾ ਨਾਲ਼, ਭਾਜਪਾ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ‘ਵੀਰ ਬਾਲ ਦਿਵਸ’ ਵਜੋਂ 26 ਦਸੰਬਰ 2023 ਨੂੰ ਮਨਾਇਆ ਹੈ। ਇਸ ਸਮਾਗਮ ਵਿੱਚ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ :
“ਆਜ ਦੇਸ਼ ਵੀਰ ਸਾਹਿਬਜ਼ਾਦੋਂ ਕੇ ਅਮਰ ਬਲੀਦਾਨ ਕੋ ਯਾਦ ਕਰ ਰਹਾ ਹੈ।”
ਪਿਛਲੇ ਸਾਲ ਵੀ ਜਦੋਂ ਭਾਜਪਾ ਸਰਕਾਰ ਨੇ ‘ਵੀਰ ਬਾਲ ਦਿਵਸ’ ਮਨਾਇਆ ਸੀ ਤਾਂ ਸ੍ਰੀ ਨਰਿੰਦਰ ਮੋਦੀ ਨੇ ਓਦੋਂ ਵੀ ਕਿਹਾ ਸੀ ਕਿ :
“ਭਾਰਤ ਕੇ ਉਹ ਬੇਟੇ (ਸਾਹਿਬਜ਼ਾਦੇ) ਵੀਰ ਬਾਲਕ ਮੌਤ ਸੇ ਭੀ ਨਹੀਂ ਘਬਰਾਏ, ਉਹ ਦੀਵਾਰ ਮੇਂ ਜਿੰਦਾ ਚੁਨ ਦੀਏ ਗਏ ਲੇਕਿਨ ਉਨਹੋਂ ਨੇ ਔਰੰਗਜ਼ੇਬ ਕੇ ਮਨਸੂਬੋਂ ਕੋ ਹਮੇਸ਼ਾਂ ਕੇ ਲੀਏ ਦਫ਼ਨ ਕਰ ਦੀਆ, ਇਸੀ ਲੀਏ ਵੋਹ ਹਮਾਰੇ ਰਾਸ਼ਟਰ ਕਾ ਗੌਰਵ ਹੈਂ।”
ਸ੍ਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਸੀ ਕਿ :
“ਸਾਥੀਓ! ਸਿੱਖ ਗੁਰੂ ਪਰੰਪਰਾ ਕੇਵਲ ਆਸਥਾ ਔਰ ਅਧਿਆਤਮਕ ਕੀ ਪਰੰਪਰਾ ਨਹੀਂ ਹੈ, ਯਹ ਏਕ ਸ੍ਰੇਸ਼ਟ ਭਾਰਤ ਕੇ ਵਿਚਾਰ ਕਾ ਭੀ ਪ੍ਰੇਰਨਾ ਪੁੰਜ ਹੈ।”
ਇਸੇ ਤਰ੍ਹਾਂ ਸ੍ਰੀ ਅਦਿਿਤਆ ਨਾਥ ਯੋਗੀ ਨੇ ਜੋ ਭਗਵੇਂ ਲਿਬਾਸ ਨਾਲ਼ ਭਗਵੀਂ ਪੱਗ ਬੰਨ੍ਹ ਕੇ ਜੋ ਕਿਹਾ ਉਸ ਦਾ ਸ਼ਾਰਅੰਸ਼ ਹੈ ਕਿ :
“ਭੈਣੋ ਔਰ ਭਾਈਓ! ਆਜ ਭਾਰਤ ਕੇ ਇਤਿਹਾਸ ਕਾ ਏਕ ਐਸਾ ਦਿਵਸ ਹੈ, ਜੋ ਹਰ ਯੁਵਾ ਕੋ ਹਰ ਬੱਚੇ ਕੋ ਨਈ ਪ੍ਰੇਰਨਾ ਦੇਤਾ ਹੈ। ਗੁਰੂ ਗੋਬਿੰਦ ਸਿੰਘ ਕੇ ਪਿਤਾ ਤੇਗ ਬਹਾਦਰ ਨੇ ਸਵੈਮ ਕਾ ਬਲੀਦਾਨ ਦੇ ਕਰ ਦੇਸ਼ ਔਰ ਸਨਾਤਨ ਧਰਮ ਕੀ ਰੱਖਿਆ ਕੀ, ਗੁਰੂ ਗੋਬਿੰਦ ਸਿੰਘ ਕੇ ਸਾਹਿਬਜ਼ਾਦੋਂ ਨੇ ਭੀ ਦੇਸ਼ ਔਰ ਧਰਮ ਕੀ ਰੱਖਿਆ ਕਰਨੇ ਕੇ ਲੀਏ ਜੋ ਮਹਾਨ ਬਲੀਦਾਨ ਦੀਯਾ, ਸਾਹਿਬਜ਼ਾਦੋਂ ਕੇ ਪ੍ਰਤੀ ਸਨਮਾਨ ਕਰਨੇ ਕਾ ਦਿਵਸ ਹੈ ‘ਵੀਰ ਬਾਲ ਦਿਵਸ’।”
ਇਸੇ ਤਰ੍ਹਾਂ ਪਿਛਲੇ ਸਾਲ ਵੀ ਸ੍ਰੀ ਨਰਿੰਦਰ ਮੋਦੀ ਨੇ ‘ਵੀਰ ਬਾਲ ਦਿਵਸ’ ਦੀ ਵਿਆਖਿਆ ਇਹਨਾਂ ਸ਼ਬਦਾਂ ਨਾਲ਼ ਕੀਤੀ ਸੀ ਕਿ :
“ਗੁਰੂ ਗੋਬਿੰਦ ਸਿੰਘ ਜੀ ਕਾ ਅਟਲ ਸੰਕਲਪ ਥਾ ਕਿ ਰਾਸ਼ਟਰ ਧਰਮ ਕੀ ਰੱਖਿਆ ਕੇ ਲੀਏ ਬੜੇ ਬਲੀਦਾਨ ਕੀ ਜ਼ਰੂਰਤ ਹੈ, ਉਨਹੋਂ ਨੇ ਅਪਨੇ ਪਿਤਾ ਸੇ ਕਹਾ ਕਿ ਆਪ ਸੇ ਮਹਾਨ ਕੌਨ ਹੈ, ਯਹ ਬਲੀਦਾਨ ਆਪ ਦੀਜੀਏ, ਜਬ ਵੋਹ ਪਿਤਾ ਬਨੇ ਉਸੀ ਤਰ੍ਹਾਂ ਉਨਹੋਂ ਨੇ ਰਾਸ਼ਟਰ ਧਰਮ ਕੇ ਲੀਏ ਅਪਨੇ ਬੇਟੋਂ ਕਾ ਬਲੀਦਾਨ ਦੇਨੇ ਸੇ ਭੀ ਸੰਕੋਚ ਨਹੀਂ ਕੀਆ।”
ਹੁਣ ਇੱਥੇ ਵਿਚਾਰਨਯੋਗ ਨੁਕਤਾ ਇਹ ਹੈ ਕਿ ਸਿੱਖ ਧਰਮ ਵਿੱਚ ‘ਸ਼ਹਾਦਤ’ ਦਾ ਸੰਕਲਪ ਹੈ, ‘ਬਲੀਦਾਨ’ ਦਾ ਨਹੀਂ। ਕੇਵਲ ਹਿੰਦੂ ਧਰਮ ਵਿੱਚ ਹੀ ਬਲੀਦਾਨ ਦਾ ਵਿਧਾਨ ਹੈ। ਸਿੱਖੀ ਤੋਂ ਪਹਿਲਾਂ ਦੇ ਭਾਰਤੀ ਚਿੰਤਨ ਵਿੱਚ ‘ਸ਼ਹੀਦੀ’ ਦਾ ਸੰਕਲਪ ਹੈ ਹੀ ਨਹੀਂ ਸੀ, ਸ਼ਹਾਦਤ ਨੂੰ ਪ੍ਰਗਟ ਕਰਨ ਲਈ ਸ਼ਬਦ ਕਿੱਥੋਂ ਹੋਣੇ ਸਨ ? ਧਰਮ ਦਾ ਦੂਜਾ ਨਾਂ ਹੀ ‘ਵਰਣ ਆਸ਼ਰਮ’ ਸੀ, ਜੋ ਅਨਿਆਂ ਦਾ ਕੋਹੇਤੂਰ ਸੀ। ਵੰਡੀਆਂ ਏਨੀਆਂ ਸਨ ਕਿ ਹਿੰਦੂ ਧਰਮ ਦੀ ਪਰਿਭਾਸ਼ਾ ਅੱਜ ਤਕ ਨਹੀਂ ਮਿਲ਼ਦੀ ਤਾਂ ਫਿਰ ਧਰਮ ਵਾਸਤੇ ਕੌਣ ਸਿਰ ਧੜ ਦੀ ਬਾਜ਼ੀ ਲਾਉਂਦਾ ਅਤੇ ਕਿਹੜੇ ਧਰਮ ਲਈ ? ਅਜਿਹੇ ਵਾਤਾਵਰਣ ਵਿੱਚ ਧਰਮ, ਨਿਆਂ ਸੱਚ ਅਤੇ ਹੱਕ ਦੇ ਮਸਲੇ ਤਾਂ ਚਰਚਾਯੋਗ ਵੀ ਨਹੀਂ ਸਨ ਬਣ ਸਕਦੇ। ਫਿਰ ਕਿਸੇ ਨੂੰ ਸ਼ਹੀਦੀ ਲਈ ਕਿਵੇਂ ਪ੍ਰੇਰਦੇ? ਇਹਨਾਂ ਕਾਰਨਾਂ ਕਰਕੇ ਹਿੰਦੂ ਧਰਮ ਵਿੱਚ ‘ਸ਼ਹੀਦੀ’ ਦੀ ਥਾਂ ‘ਬਲੀਦਾਨ’ ਦੀ ਪਰੰਪਰਾ ਬ੍ਰਾਹਮਣਾਂ ਨੇ ਸ਼ੁਰੂ ਕਰ ਦਿੱਤੀ।
ਉਕਤ ਤੱਥਾਂ ਦੇ ਆਧਾਰ ’ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ‘ਵੀਰ ਬਾਲ ਦਿਵਸ’ ਨਾਲ਼ ਕੋਈ ਸਰੋਕਾਰ ਨਹੀਂ ਹੈ। ਉਹ ‘ਬਾਲ’ ਨਹੀਂ ਸਾਡੇ ‘ਬਾਬੇ’ ਸਨ। ਹੈਰਾਨੀ ਤੇ ਨਮੋਸ਼ੀ ਓਦੋਂ ਮਹਿਸੂਸ ਹੁੰਦੀ ਹੈ, ਜਦੋਂ ਨਰਿੰਦਰ ਮੋਦੀ ਤੇ ਭਗਵਾਂਧਾਰੀ ਅਦਿੱਤਿਆ ਨਾਥ ਯੋਗੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਲੀਦਾਨ’ ਵਿੱਚ ਬਦਲ ਕੇ ਸਿੱਖ ਧਰਮ, ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ ਹੁੰਦੇ ਹਨ ਤਾਂ ਮੋਦੀ-ਭਗਤ ਰਾਸ਼ਟਰਵਾਦੀ-ਸਿੱਖ ਜੈਕਾਰੇ ਲਾ ਰਹੇ ਹੁੰਦੇ ਹਨ। ਸਿੱਖਾਂ ਦੀ ਬਹੁਗਿਣਤੀ ਬੌਧਿਕ ਪੱਖੋਂ ਕੰਗਾਲ ਹੋ ਚੁੱਕੀ ਹੈ।
‘ਪੰਜਾਬ ਟਾਈਮਜ਼’ ਦੇ ਅੰਕ 3010 ਦੀ ਸੰਪਾਦਕੀ ਵਿੱਚ ‘ਸਿੱਖਿਆ ਬਾਰੇ ਭਾਜਪਾ ਦਾ ਭਗਵਾਂ ਏਜੰਡਾ ਬਨਾਮ ਲੋਕ ਹਿੱਤ’ ਦੇ ਸਿਰਲੇਖ ਹੇਠ ਸ: ਰਜਿੰਦਰ ਸਿੰਘ ਪੁਰੇਵਾਲ ਲਿਖਦੇ ਹਨ: “ਇਹ ਓਦੋਂ ਕੀਤਾ ਜਾ ਰਿਹਾ ਹੈ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਸਿਰ ਉੱਤੇ ਹਨ। ਇਸ ਦੇ ਨਾਲ਼ ਹੀ ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਸਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਨੂੰ ਪਾਠਕ੍ਰਮ ਦੇ ਹਿੱਸੇ ਵਜੋਂ ਮਹਾਂਭਾਰਤ ਅਤੇ ਰਮਾਇਣ ਦੀ ਪੜ੍ਹਾਈ ਕਰਾਈ ਜਾਵੇ, ਪਰ ਸਿੱਖ ਧਰਮ ਦੀ ਪੜ੍ਹਾਈ ਬਾਰੇ ਸਿਲੇਬਸ ਖ਼ਤਮ ਕੀਤੇ ਜਾ ਰਹੇ ਹਨ, ਜੋ ਸਰਬੱਤ ਦੇ ਭਲੇ ਦਾ ਸੁਨੇਹਾ ੰਿਦੰਦੇ ਹਨ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਲ ਦਿਵਸ’ ਵਜੋਂ ਮਨਾਉਣ ਦਾ ਮਨੋਰਥ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣ ਦਾ ਹੈ। ਭਾਰਤ ਦੇ ਮਨੁੱਖੀ ਸਰੋਤ ਵਿਕਾਸ ਦੇ ਮੰਤਰਾਲੇ ਦਾ ਕੰਮਕਾਰ ਦਾ ਢੰਗ ਹੀ ਬਦਲ ਗਿਆ ਹੈ। ਉਹ ਸੰਘ ਪਰਿਵਾਰ ਦੇ ਬ੍ਰਿਤਾਂਤ ਨੂੰ ਫਿਟ ਕਰਨ ਲਈ ਇਤਿਹਾਸ ਨੂੰ ਮੁੜ ਲਿਖਣ ’ਤੇ ਰੁੱਝਾ ਹੋਇਆ ਹੈ। ਇਸ ਪ੍ਰਸਾਸ਼ਨ ਦੇ ਪਿੱਛੇ ਆਰ.ਐਸ.ਐਸ. ਹੈ, ਜੋ ਰੈਡੀਕਲ ਸੰਸਥਾ ਹੈ। ਜਿੱਥੇ ਇੱਕ ਗੰਭੀਰ ਸਾਜ਼ਿਸ਼ ਤੇ ਹਮਲੇ ਤਹਿਤ ਭਾਰਤ ਦੇ ਲੋਕਤੰਤਰ ਅਤੇ ਸੈਕੂਲਰਇਜ਼ਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਓਥੇ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਲਈ ਆਰ.ਐਸ.ਐਸ. ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਦੁਬਾਰਾ ਲਿਖਵਾ ਲਿਆ ਹੈ। ਇਸ ਕੰਮ ਲਈ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਚਿਰੰਜੀਵ ਸਿੰਘ ਨੂੰ 85 ਲੱਖ ਰੁਪਏ ਦਿੱਤੇ ਸਨ। ਸਿੱਖਾਂ ਦੀਆਂ ਮੁੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਦਿੱਲੀ ਗੁਰਦੁਆਰਾ ਕਮੇਟੀ ਆਦਿ ਨੇ ਲਿਖਵਾਏ ਜਾ ਰਹੇ ਗ਼ਲਤ ਸਿੱਖ ਇਤਿਹਾਸ, ਗੁਰ ਇਤਿਹਾਸ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ ਆਰ.ਐਸ.ਐਸ. ਤੇ ਭਾਜਪਾ ਦੀ ਹਾਂ ਵਿੱਚ ਹਾਂ ਮਿਲ਼ਾਉਂਦੀਆਂ ਨਜ਼ਰ ਆ ਰਹੀਆਂ ਹਨ, ਜੋ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ। ਆਰ.ਐਸ.ਐਸ. ਤੇ ਭਾਜਪਾ ਆਪਣੀ ਮਰਜ਼ੀ ਨਾਲ਼ ਲਿਖਵਾਏ ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ਼ ਸਿੱਖ ਧਰਮ ਦਾ ਭਗਵਾਂਕਰਨ ਕਰਨ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਮਿਟਾਉਣ ਲਈ ਯਤਨਸ਼ੀਲ ਹੈ। ਇਤਿਹਾਸ ਵੀ ਇੱਕ ਸ਼ਸਤਰ ਦੀ ਤਰ੍ਹਾਂ ਹੁੰਦਾ ਹੈ। ਪਰਤਾਵੇ ਨਾਲ਼ ਪਤਾ ਲੱਗਦਾ ਹੈ ਕਿ ਸੱਚਮੁੱਚ ਇਤਿਹਾਸ ਦਾ ਸ਼ਸਤਰ ਸਭ ਤੋਂ ਵੱਧ ਅਸਰ ਕਰਨ ਵਾਲ਼ਾ ਹੁੰਦਾ ਹੈ। ਤਲਵਾਰ ਦੀ ਧਾਰ ਤੋਂ ਮਨੁੱਖ ਬਚ ਜਾਏੇ ਤਾਂ ਬਚ ਜਾਏ, ਮੋਈਆਂ ਹੋਈਆਂ ਕੌਮਾਂ ਜਿਊਂਦੀਆਂ ਹੋ ਜਾਣ ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ। ਗੱਲ ਕੀ ਇਤਿਹਾਸ ਦੀ ਮਾਰ, ਤੋਪਾਂ ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਤੇ ਹਵਾਈ ਜਹਾਜ਼ ਦਿਆਂ ਬੰਬਾਂ ਦੀ ਮਾਰ ਤੋਂ ਵੀ ਵਧੇਰੇ ਘਾਤਕ ਸਾਬਤ ਹੋਈ ਹੈ। ਰਾਜਸੀ ਤਾਕਤਾਂ ਜੇ ਕਿਸੇ ਜਾਤੀ ਜਾਂ ਕੌਮ ਨੂੰ ਅਧੀਨ ਕਰਨਾ ਚਾਹੁਣ ਤੇ ਸਮਝਣ ਕਿ ਤਲਵਾਰ ਦੀ ਲੜਾਈ ਨਾਲ਼ ਅਸੀਂ ਇਸ ਦੇ ਵਾਰੇ ਨਹੀਂ ਆ ਸਕਦੇ ਤਾਂ ਉਸ ਜਾਤੀ ਜਾਂ ਕੌਮ ਲਈ ਇਤਿਹਾਸ ਦਾ ਸ਼ਸਤਰ ਵਰਤਦੇ ਹਨ।
ਦੂਸਰਾ ਤਰੀਕਾ ਚਾਣਕੀਆ ਨੀਤੀ ਵਾਲ਼ਾ ਵਰਤਦੇ ਹਨ ਕਿਉਂਕਿ ਚਾਣਕੀਆ ਨੀਤੀ ਕਹਿੰਦੀ ਹੈ ਕਿ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਤਾਕਤ (ਬਲ਼) ਨਾਲ਼ ਨਹੀਂ ਹਰਾ ਸਕਦੇ ਅਤੇ ਉਸ ਨੂੰ ਹਰਾਉਣ ਦੀ ਸਮਰੱਥਾ ਵੀ ਨਹੀਂ ਰੱਖਦੇ ਤਾਂ ਫਿਰ ਉਸ ਦੇ ਧਰਮ ਵਿਸ਼ਵਾਸ ਵਿੱਚ ਦੁਬਿਧਾ ਪਾ ਦਿਓ, ਉਸ ਦੀ ਸ਼ਕਤੀ ਅੱਧੀ ਰਹਿ ਜਾਵੇਗੀ।
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਆਰ.ਐਸ.ਐਸ. ਤੇ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ-ਹਸਤੀ ਨੂੰ ਮਿਟਾਉਣ ਲਈ ਗੁਰ ਇਤਿਹਾਸ, ਸਿੱਖ ਇਤਿਹਾਸ ਦਾ ਹਿੰਦੂਕਰਨ ਕਰ ਕੇ ਇਤਿਹਾਸ ਦੇ ਸ਼ਸਤਰ ਦੀ ਵਰਤੋਂ ਕਰ ਰਹੀ ਹੈ। ਸਿੱਖ ਇਤਿਹਾਸ ਦੇ ਇਤਿਹਾਸਕ ਸੋਮਿਆਂ ਵਿਚਲੇ ਮਿਲ਼ਾਵਟੀ ਅੰਸ਼ਾਂ ਨੂੰ ਉਭਾਰ ਕੇ ਸਿੱਖ ਧਰਮ ਦੇ ਪ੍ਰਚਾਰਕਾਂ ਵਿੱਚ ਭਰਾ ਮਾਰੂ ਜੰਗ ਦਾ ਮਾਹੌਲ ਸਿਰਜ ਰਹੀ ਹੈ। ਆਰ.ਐਸ.ਐਸ. ਨੇ ਸਿੱਖ ਇਤਿਹਾਸ ਦੀ ਵਿਆਖਿਆ ਹਿੰਦੂ ਧਰਮ ਦੇ ਹੱਕ ਵਿੱਚ ਭੁਗਤਾਉਣ ਲਈ ਕਰਵਾ ਲਈ ਹੈ ਅਤੇ ਸਿੱਖ ਧਰਮ ਵਿੱਚ ਅਨੇਕਾਂ ਦੁਬਿਧਾਵਾਂ ਪਾ ਦਿੱਤੀਆਂ ਹਨ ਅਤੇ ਆਪਣੀ ਕੇਸਾਧਾਰੀ ਸ਼ਾਖਾ ‘ਰਾਸ਼ਟਰੀ ਸਿੱਖ ਸੰਗਤ’ ਰਾਹੀਂ ਇਹਨਾਂ ਦੁਬਿਧਾਵਾਂ ਦਾ ਪ੍ਰਚਾਰ ਯੋਜਨਾਬੱਧ ਤਰੀਕੇ ਨਾਲ਼ ਕਰਵਾਇਆ ਜਾ ਰਿਹਾ ਹੈ। ਸਿੱਖੀ ਦੀ ਦੁਸ਼ਮਣ ਅਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ.ਐਸ.ਐਸ. ਵਾਲ਼ੇ ਗੁਰ-ਇਤਿਹਾਸ ਨੂੰ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖ਼ਾਵਾਂ ਵਿੱਚ ਜਿੱਥੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫ਼ੋਟੋ ਦੇ ਨਾਲ਼ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫ਼ੋਟੋ ਵੀ ਰੱਖਦੇ ਹਨ, ਓਥੇ ਆਰ.ਐਸ.ਐਸ. ਵਾਲ਼ੇ ਆਪਣੀਆਂ ਸ਼ਾਖ਼ਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫ਼ੋਟੋ ਅੱਗੇ ਅਜਿਹੇ ਗੀਤ ਵੀ ਗਾਉਂਦੇ ਹਨ ਕਿ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ, ਦਸਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ ਤੇ ਤੇਰੇ ਰਾਹ ’ਤੇ ਚੱਲ ਕੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ।
ਹੁਣ ਇੱਥੇ ਪਹਿਲਾ ਵਿਚਾਰਨਯੋਗ ਤੱਥ ਇਹ ਹੈ ਕਿ ਦਸਮੇਸ਼ ਪਿਤਾ (ਗੁਰੂ ਗੋਬਿੰਦ ਸਿੰਘ) ਦੇ ਪੁੱਤ ਕੇਵਲ ਗੱਲਾਂ ਨਾਲ਼ ਨਹੀਂ ਬਣਿਆ ਜਾ ਸਕਦਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਨ ਲਈ ਗੁਰੂ ਨੂੰ ਸੀਸ ਭੇਟ ਕਰ ਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਛਕਣੀ ਪੈਂਦੀ ਹੈ।
ਦੂਸਰਾ ਵਿਚਾਰਨਯੋਗ ਤੱਥ ਇਹ ਹੈ ਕਿ 1704 ਈ: ਨੂੰ ਸਰਸਾ ਨਦੀ ਦੇ ਕਿਨਾਰੇ ਗਊ ਅਤੇ ਗੀਤਾ ਦੀਆਂ ਕਸਮਾਂ ਤੋੜ ਕੇ ਦਸਮੇਸ਼ ਪਿਤਾ ’ਤੇ ਹਮਲਾ ਕਰਨ ਵਾਲ਼ੇ ਪਹਾੜੀ ਹਿੰਦੂ ਰਾਜੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲ਼ੇ ਗੰਗੂ ਬ੍ਰਾਹਮਣ ਤੇ ਸੁੱਚਾਨੰਦ ਦੇ ਵਾਰਸ, ਸਾਹਿਬਜ਼ਾਦਿਆਂ ਦੇ ਵਾਰਿਸ ਕਿਵੇਂ ਹੋ ਸਕਦੇ ਹਨ? ਸਾਹਿਬਜ਼ਾਦਿਆਂ ਦੇ ਵਾਰਿਸ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਉਹ ਖ਼ਾਲਸਾ ਪੰਥ ਹੈ, ਜਿਸ ਉੱਤੋਂ ਆਪਣੇ ਚਾਰੇ ਬਿੰਦੀ ਪੁੱਤਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ : ‘ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।’
ਅੱਲ੍ਹਾ ਯਾਰ ਖ਼ਾਂ ਜੋਗੀ ਦੀਆਂ ਇਹਨਾਂ ਸਤਰ੍ਹਾਂ ਨਾਲ਼ ਸਮਾਪਤੀ ਕਰਦੇ ਹਾਂ, ਜੋ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲਿਖੀਆਂ ਹਨ :
‘ਹਮ ਜਾਨ ਦੇਕਰ ਔਰੋਂ ਕੀ ਜਾਨ ਬਚਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪੇ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
ਗੱਦੀ ਸੇ ਤਾਜ-ਓ-ਤਖ਼ਤ ਬਸ ਅਬ ਕੌਮ ਪਾਏਗੀ।
ਦੁਨੀਆਂ ਮੇ ਜ਼ਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ।
ਜੋਗੀ ਜੀ ਇਸ ਕੇ ਬਾਅਦ ਹੂਈ ਥੋੜ੍ਹੀ ਦੇਰ ਥੀ।
ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ।’
ਦਸੰਬਰ 1704 ਈ: ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਈ 1710 ਨੂੰ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਮਾਰ ਕੇ ਉਸ ਦੀ ਲਾਸ਼ ਸਰਹੰਦ ਵਿੱਚ ਦਰਖ਼ਤ ’ਤੇ ਪੁੱਠੀ ਟੰਗ ਦਿੱਤੀ ਅਤੇ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀ ਹਕੂਮਤ ਦਾ ਤਖ਼ਤਾ ਉਲ਼ਟਾ ਕੇ ਖ਼ਾਲਸਾ ਰਾਜ ਸਥਾਪਤ ਕਰ ਲਿਆ ਸੀ। ਉਕਤ ਤੱਥ ਇਹ ਸਪਸ਼ਟ ਕਰਦੇ ਹਨ ਕਿ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਂਹਾਂ ਪੱਕੀਆਂ ਕਰਨ ਲਈ ‘ਸ਼ਹਾਦਤਾਂ’ ਦਿੱਤੀਆਂ, ਨਾ ਕਿ ਅਜੋਕੇ ਭਾਰਤ ਲਈ ‘ਬਲੀਦਾਨ’ ਦਿੱਤਾ।
Posted By: ਸ. ਮਹਿੰਦਰ ਸਿੰਘ ਯੂ. ਕੇ.