ਭਾਜਪਾ ਨਾਲ ਗੱਠਜੋੜ ਕਰਕੇ ਸੁਖਬੀਰ ਬਾਦਲ ਨੇ ਪੰਥ ਅਤੇ ਪੰਜਾਬ ਦੀ ਹਿੱਕ 'ਚ ਫਿਰ ਖੰਜਰ ਖੋਭਿਆ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਅੰਮ੍ਰਿਤਸਰ, 26 ਨਵੰਬਰ ( ਜੁਗਰਾਜ ਸਿੰਘ ਸਰਹਾਲੀ ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਛੇ ਸਾਲਾਂ ਬਾਅਦ ਬਾਦਲ ਦਲ ਤੇ ਭਾਜਪਾ ਮੁੜ ਇਕੱਠੇ ਹੋ ਗਏ ਹਨ। ਸੁਖਬੀਰ ਬਾਦਲ ਕੱਲ੍ਹ ਤੱਕ ਆਖਦਾ ਸੀ ਕਿ ਜੇ ਭਾਜਪਾ ਪੰਜਾਬ ਵਿੱਚ ਆ ਗਈ ਤਾਂ ਸਿੱਖੀ ਤੇ ਪੰਜਾਬ ਖ਼ਤਮ ਸਮਝੋ। ਅੱਜ ਆਪਣੀ ਪਾਰਟੀ ਤੇ ਪਰਿਵਾਰ ਦੀ ਸਿਆਸਤ ਬਚਾਉਣ ਲਈ, ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ, ਆਪ ਉਸੇ ਭਾਜਪਾ ਦੇ ਪੈਰਾਂ ’ਚ ਜਾ ਡਿੱਗਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਰੱਦ ਕੀਤਾ ਸੀ ਅਤੇ ਜਿਸ ਬਾਬਰ ਦੇ ਜਬਰ ਨੂੰ ਮੂੰਹ ’ਤੇ ਵੰਗਾਰਿਆ ਸੀ, ਭਾਜਪਾ ਉਸੇ ਜਾਬਰ ਸੋਚ ਦੀ ਵਾਰਸ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਭਾਜਪਾ ਨਾਲ ਸਾਂਝ ਰੱਖਣ ਵਾਲੇ ਸਿੱਖਾਂ ਨੂੰ ਡੀ.ਐੱਨ.ਏ. ਟੈਸਟ ਕਰਵਾਉਣ ਦਾ ਮਿਹਣਾ ਮਾਰਦਾ ਸੀ। ਭਾਜਪਾ ਵਿੱਚ ਜਾਣ ਵਾਲਿਆਂ ਨੂੰ ਪੰਜਾਬ ਦੇ ਗ਼ੱਦਾਰ ਆਖਦਾ ਸੀ। ਭਾਜਪਾ ਦੀ ਨੀਤੀ ਨੂੰ ਔਰੰਗਜ਼ੇਬ ਵਾਲੀ ਸੋਚ ਦੱਸਦਾ ਸੀ। ਆਖਦਾ ਸੀ ਕਿ ਅਕਾਲੀ ਦਲ ਆਪਣੇ ਦਮ ’ਤੇ ਚੋਣ ਲੜੇਗਾ ਤੇ ਭਾਜਪਾ ਵੱਲ ਕਦੇ ਮੂੰਹ ਨਹੀਂ ਕਰੇਗਾ। ਹੁਣ ਦੱਸ ਸੁਖਬੀਰ ਸਿਆਂ, ਜਿਹੜਾ ਮਿਹਣਾ ਤੂੰ ਦੂਜਿਆਂ ਨੂੰ ਮਾਰਦਾ ਸੀ, ਆਪਣੀ ਵਾਰੀ ਵੀ ਚੇਤੇ ਹੈ ? ਜੇ ਭਾਜਪਾ ਦਾ ਐਨਾ ਹੀ ਮੋਹ ਹੈ ਤਾਂ ਸਿੱਧਾ ਭਾਜਪਾ ਵਿੱਚ ਜਾ ਰਲ। ਆਪਣੀ ਕੁਰਸੀ ਲਈ ਅਕਾਲੀ ਦਲ ਦੀ ਪੰਥਕ ਵਿਰਾਸਤ ਕਾਹਦੇ ਲਈ ਵਰਤਦਾ ਹੈਂ ? ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਭਾਜਪਾ ਨਾਲ ਮਿਲ ਕੇ ਸੁਖਬੀਰ ਨੂੰ ਅਕਾਲੀ ਦਲ ਤੋਂ ਪਾਸੇ ਕਰਨ ਦਾ ਦੋਸ਼ ਸੁਖਬੀਰ ਨੇ ਆਪ ਲਾਇਆ ਸੀ। 2 ਦਸੰਬਰ 2024 ਦੇ ਫ਼ੈਸਲਿਆਂ ਬਾਰੇ ਵੀ ਆਖਿਆ ਸੀ ਕਿ ਜਥੇਦਾਰਾਂ ਨੇ ਭਾਜਪਾ ਦੇ ਕਹਿਣ ’ਤੇ ਫ਼ੈਸਲੇ ਕੀਤੇ। ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਪੰਥਕ ਚਿਹਰਿਆਂ ਨੂੰ ਭਾਜਪਾ, ਆਰ.ਐੱਸ.ਐੱਸ. ਤੇ ਸਰਕਾਰੀ ਏਜੰਸੀਆਂ ਨਾਲ ਜੋੜ ਕੇ ਭੰਡਿਆ। ਹੁਣ ਭਾਜਪਾ ਵੀ ਦੱਸੇ ਕਿ ਉਸ ਦੇ ਅੱਜ ਦੇ ਸਾਥੀ ਨੇ ਕੱਲ੍ਹ ਉਸ ਉੱਤੇ ਜਿਹੜੇ ਦੋਸ਼ ਲਾਏ ਸਨ, ਉਨ੍ਹਾਂ ਦਾ ਕੀ ਜਵਾਬ ਹੈ ? ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਅਤੇ ਦਿੱਲੀ ਤੇ ਹਰਿਆਣਾ ਦੀਆਂ ਗੁਰਦੁਆਰਾ ਕਮੇਟੀਆਂ ਵਿੱਚ ਭਾਜਪਾ ਦੇ ਦਖ਼ਲ ਦੀ ਗੱਲ ਸੁਖਬੀਰ ਆਪ ਕਰਦਾ ਸੀ। ਸਿਰਸਾ, ਕਾਲਕਾ, ਧੁੰਮਾ ਤੇ ਦਾਦੂਵਾਲ ਦੀ ਭਾਜਪਾ ਨਾਲ ਨੇੜਤਾ ਉੱਤੇ ਉਂਗਲ ਚੁੱਕਦਾ ਸੀ ਕਿ ਇਹ ਭਾਜਪਾ ਨਾਲ ਰਲ ਕੇ ਸਿੱਖੀ ਦਾ ਨੁਕਸਾਨ ਕਰਦੇ ਹੋ। ਹੁਣ ਸੁਖਬੀਰ ਆਪ ਦੱਸੇ ਕਿ ਉਸੇ ਭਾਜਪਾ ਦੀ ਪੂਛ ਕਿਉਂ ਫੜ ਲਈ ਹੈ ? ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦੋਵੇਂ ਧਿਰਾਂ ਫੇਲ੍ਹ ਹੋ ਚੁੱਕੀਆਂ ਹਨ। ਹੁਣ ਇੱਕ-ਦੂਜੇ ਦਾ ਹੱਥ ਫੜ ਕੇ ਹਾਰ ਤੋਂ ਬਚਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡੇਰਿਆਂ ਤੇ ਦੇਹਧਾਰੀ ਗੁਰੂਆਂ ਨਾਲ ਬਾਦਲਕਿਆਂ ਦੀ ਸਾਂਝ ਕਰਕੇ ਸਿੱਖਾਂ ਨੇ ਪਹਿਲਾਂ ਸੰਤਾਪ ਭੋਗਿਆ, ਇਸ ਗੱਠਜੋੜ ਨਾਲ ਉਨ੍ਹਾਂ ਨੂੰ ਮੁੜ ਖੁੱਲ੍ਹ ਮਿਲਣ ਦਾ ਖ਼ਦਸ਼ਾ ਹੈ। ਬੇਅਦਬੀਆਂ ਵਧਣ, ਗੁਰਦੁਆਰਿਆਂ ਦੇ ਮੰਦਰੀਕਰਨ ਅਤੇ ਸਿੱਖੀ ਦੇ ਸਨਾਤਨੀਕਰਨ ਦਾ ਖ਼ਤਰਾ ਹੋਰ ਵਧੇਗਾ। ਬਾਦਲਕਿਆਂ ਨੇ ਭਾਜਪਾ ਨਾਲ ਹੱਥ ਮਿਲਾ ਕੇ 24 ਨਵੰਬਰ ਦੇ ਇਤਿਹਾਸਕ ਦਿਨ ਨੂੰ ਵੀ ਕਲੰਕਿਤ ਕਰ ਦਿੱਤਾ ਹੈ।