Nazrana Times

ਪੰਜਾਬੀ

ਗੁਰੂ ਨਾਨਕ ਸਾਹਿਬ ਹਿੰਦੂ ਨਹੀਂ ਸਨ...

17 Sep, 2026 11:55 PM

ਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੂਆਂ ਦੇ ਘਰ ਜਨਮ ਲਿਆ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਹਿੰਦੂ ਸਨ। ਉਹਨਾਂ ਨੇ ਤਾਂ ਮੁੱਢ ਤੋਂ ਹੀ ਆਪਣੇ ਪਿਤਾ-ਪੁਰਖੀ ਹਿੰਦੂ ਧਰਮ ਦੀਆਂ ਰਹੁ-ਰੀਤਾਂ ਨੂੰ ਅਪਣਾਇਆ ਹੀ ਨਹੀਂ ਤੇ ਇੱਕ ਨਵੇਂ ਅਤੇ ਵੱਖਰੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਮਨੁੱਖ ਦਾ ਧਰਮ ਓਹੀ ਹੁੰਦਾ ਹੈ ਜਿਸ ਦਾ ਉਹ ਧਾਰਨੀ ਹੁੰਦਾ ਹੈ ਤੇ ਜਿਸ ਧਰਮ ਨੂੰ ਕਦੇ ਧਾਰਨ ਹੀ ਨਾ ਕੀਤਾ ਹੋਵੇ ਉਸ ਨੂੰ ਉਸ ਧਰਮ ਨਾਲ ਜੋੜਿਆ ਹੀ ਨਹੀਂ ਜਾ ਸਕਦਾ। 

ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਨਾਤਨ/ਹਿੰਦੂ ਧਰਮ ਨਾਲੋਂ ਬਿਲਕੁਲ ਵੱਖਰੀ ਸੀ। ਉਹਨਾਂ ਨੇ ਹਿੰਦੂ ਰਹੁ-ਰੀਤਾਂ ਅਤੇ ਕਰਮਕਾਂਡਾਂ ਦਾ ਡਟ ਕੇ ਵਿਰੋਧ ਕੀਤਾ। ਨੌਂ ਸਾਲ ਦੀ ਉਮਰ ਵਿੱਚ ਜਨੇਊ ਦੀ ਰਸਮ ਵੇਲੇ ਉਹਨਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਤੇ ਹਿੰਦੂ ਧਰਮ ਵਿੱਚ ਦਾਖਲਾ ਹੀ ਨਾ ਲਿਆ। ਨਾ ਉਹਨਾਂ ਨੇ ਸਿਰ ਮੁੰਡਵਾਇਆ, ਨਾ ਟਿੱਕਾ ਲਵਾਇਆ, ਨਾ ਕਿਸੇ ਅੱਗ ਦੀ ਪੂਜਾ ਕੀਤੀ, ਨਾ ਹੀ ਕਿਸੇ ਦੇਵੀ-ਦੇਵਤੇ ਨੂੰ ਧਿਆਇਆ ਅਤੇ ਨਾ ਹੀ ਹਿੰਦੂ ਧਰਮ ਦੇ ਗ੍ਰੰਥਾਂ ਨੂੰ ਅਪਣਾਇਆ। ਗੁਰੂ ਸਾਹਿਬ ਨੇ ੧ਓ ਦਾ ਪ੍ਰਚਾਰ ਕੀਤਾ ਤੇ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਮੰਨਿਆ। ਇਸ ਲਈ ਉਹ ਅਕਾਲ ਦੇ ਸੁਤ ਅਤੇ ਅਕਾਲ ਵੰਸ਼ੀ ਸਨ। 

ਜਿਵੇਂ ਹਜ਼ਰਤ ਮੂਸਾ ਜੀ ਬੁੱਤ-ਪ੍ਰਸਤਾਂ ਦੇ ਘਰ ਪੈਦਾ ਹੋਏ ਪਰ ਬੁੱਤ-ਪ੍ਰਸਤੀ ਦੇ ਖ਼ਿਲਾਫ਼ ਸਨ ਤੇ ਉਹਨਾਂ ਨੇ ਯਹੂਦੀ ਧਰਮ ਦੀ ਨੀਂਹ ਰੱਖੀ। ਹਜ਼ਰਤ ਈਸਾ ਜੀ ਯਹੂਦੀਆਂ ਦੇ ਘਰ ਪੈਦਾ ਹੋਏ ਪਰ ਉਹਨਾਂ ਨੇ ਈਸਾਈ ਧਰਮ ਦੀ ਨੀਂਹ ਰੱਖੀ। ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ੀਆ ਦੇ ਘਰ ਪੈਦਾ ਹੋਏ ਪਰ ਉਹਨਾਂ ਨੇ ਇਸਲਾਮ/ਮੁਸਲਿਮ ਧਰਮ ਦੀ ਨੀਂਹ ਰੱਖੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਭਾਵੇਂ ਹਿੰਦੂਆਂ ਦੇ ਘਰ ਪੈਦਾ ਹੋਏ ਪਰ ਉਹਨਾਂ ਨੇ ਬਿਲਕੁਲ ਸੁਤੰਤਰ, ਨਿਵੇਕਲੇ, ਨਿਆਰੇ ਅਤੇ ਵਿਲੱਖਣ ਸਿੱਖ ਧਰਮ ਦੀ ਨੀਂਹ ਰੱਖੀ। 

ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵਿਆਹ ਸਮੇਂ ਵੀ ਅੱਗ ਦੇ ਦੁਆਲੇ ਫੇਰੇ ਨਹੀਂ ਸਨ ਲਏ ਬਲਕਿ ਉਹਨਾਂ ਨੇ ਮੂਲ ਮੰਤਰ ਲਿਖ ਕੇ ਬਾਣੀ ਦੇ ਦੁਆਲੇ ਲਾਵਾਂ ਲਈਆਂ ਸਨ। ਗੁਰੂ ਸਾਹਿਬ ਨਾ ਤਾਂ ਹਿੰਦੂ ਧਰਮ ਦੇ ਪ੍ਰਚਾਰਕ ਸਨ ਅਤੇ ਨਾ ਹੀ ਸੁਧਾਰਕ ਸਨ। ਉਹਨਾਂ ਨੇ ਹਿੰਦੂ ਧਰਮ ਨੂੰ ਮੂਲੋਂ ਰੱਦ ਕੀਤਾ ਤੇ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕੀਤਾ। ਹਿੰਦੂ ਧਰਮ ਸਮਾਜ ਵਿੱਚ ਵੰਡੀਆਂ ਪਾਉਂਦਾ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਹੈ। 

ਗੁਰੂ ਸਾਹਿਬ ਨੂੰ ਹਿੰਦੂ, ਭਾਰਤੀ ਜਾਂ ਹਿੰਦੁਸਤਾਨੀ ਕਹਿਣਾ ਇਹ ਇੱਕ ਵੱਡੀ ਮੂਰਖਤਾ ਅਤੇ ਕੋਝੀ ਚਾਲ ਹੈ। ਗੁਰੂ ਸਾਹਿਬ ਦਾ ਹਿੰਦੂਕਰਨ ਤੇ ਰਾਸ਼ਟਰੀਕਰਨ ਕਰਨਾ ਇਹ ਸਿੱਖ ਧਰਮ 'ਤੇ ਵੱਡਾ ਸਿਧਾਂਤਕ ਹਮਲਾ ਹੈ ਜਿਸ ਤੋਂ ਸੁਚੇਤ ਹੋਣ ਅਤੇ ਜਵਾਬ ਦੇਣ ਦੀ ਲੋੜ ਹੈ। ਸਿੱਖਾਂ ਨੂੰ ਹਿੰਦੂ ਸਾਬਤ ਦੇ ਕਰਨ ਲਈ ਭਾਰਤ ਸਰਕਾਰ, ਭਾਜਪਾ ਅਤੇ ਆਰ.ਐੱਸ.ਐੱਸ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਪਰ ਸੱਚ ਦੇ ਸੂਰਜ ਨੇ ਕਦੇ ਨਹੀਂ ਛੁਪਣਾ। 

ਗੁਰੂ ਸਾਹਿਬਾਨਾਂ ਦੇ ਸਮੇਂ ਹੀ ਇਹ ਗੱਲ ਪ੍ਰਚਲਿਤ, ਸਥਾਪਿਤ ਅਤੇ ਸਿੱਧ ਹੋ ਚੁੱਕੀ ਸੀ ਕਿ ਸਿੱਖ ਇੱਕ ਵੱਖਰਾ ਧਰਮ ਅਤੇ ਪੰਥ ਹੈ ਇਹ ਹਿੰਦੂਆਂ ਦਾ ਹਿੱਸਾ ਨਹੀਂ। ਗੁਰਬਾਣੀ ਅਤੇ ਇਤਿਹਾਸ ਵਿੱਚ ਇਸ ਗੱਲ ਦੇ ਅਨੇਕਾਂ ਪ੍ਰਮਾਣ, ਸਬੂਤ, ਹਵਾਲੇ, ਗਵਾਹੀਆਂ ਅਤੇ ਠੋਸ ਉਦਾਹਰਨਾਂ ਹਨ। ਗੁਰੂ ਸਾਹਿਬ ਨੇ ਸਾਨੂੰ ਧਰਮ ਗ੍ਰੰਥ, ਧਰਮ ਸਥਾਨ, ਬੋਲੀ, ਪਹਿਰਾਵਾ, ਸਿਧਾਂਤ, ਫ਼ਲਸਫ਼ਾ, ਸੰਸਕਾਰ ਅਤੇ ਚਿੰਨ੍ਹ ਸਭ ਕੁਝ ਵੱਖਰੇ ਬਖ਼ਸ਼ੇ ਹਨ। ਸਿੱਖ ਇੱਕ ਵੱਖਰੀ ਕੌਮ ਹਨ ਇਸ ਨੂੰ ਸਨਾਤਨੀ/ਬ੍ਰਾਹਮਣੀ/ਹਿੰਦੂ ਗਲਬੇ ਤੋਂ ਬਚਾਉਣ ਲਈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਅਤੇ ਗੁਰਮਤਿ/ਸਿੱਖ ਮੱਤ/ਸਿੱਖੀ ਸਿਧਾਂਤਾਂ ਵਿੱਚ ਪ੍ਰਪੱਕ ਹੋਈਏ। ਇਹ ਗੱਲ ਹਿੱਕ ਠੋਕ ਕੇ ਕਹੀਏ ਕਿ ਨਾ ਹੀ ਗੁਰੂ ਸਾਹਿਬ ਹਿੰਦੂ ਸਨ ਤੇ ਨਾ ਹੀ ਸਿੱਖ ਹਿੰਦੂ ਹਨ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News