Nazrana Times

ਪੰਜਾਬੀ

ਸਤਬੀਰ ਸਿੰਘ ਬਾਰੇ ਚੱਲ ਰਹੀ ਖ਼ਬਰ ਗਲਤ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਸਪੱਸ਼ਟੀਕਰਨ

05 Oct, 2026 12:07 PM

ਅੰਮ੍ਰਿਤਸਰ (ਨਜ਼ਰਾਨਾ ਟਾਈਮਜ਼): ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੁਝ ਪੰਜਾਬੀ ਮੀਡੀਆ ਚੈਨਲਾਂ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਉਸ ਖ਼ਬਰ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਕੱਤਰੇਤ ਦੇ ਮੁਲਾਜ਼ਮ ਦੱਸੇ ਜਾ ਰਹੇ ਸਤਬੀਰ ਸਿੰਘ ਨੂੰ ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਕਥਿਤ ਜਬਰ-ਜਨਾਹ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਤਲਬ ਕੀਤਾ ਗਿਆ ਹੈ।
ਸਕੱਤਰੇਤ ਵੱਲੋਂ ਜਾਰੀ ਸਪੱਸ਼ਟੀਕਰਨ ਅਨੁਸਾਰ ਇਹ ਜਾਣਕਾਰੀ ਗਲਤ ਹੈ। ਸਕੱਤਰੇਤ ਨੇ ਕਿਹਾ ਕਿ ਸਬੰਧਤ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਸਤਬੀਰ ਸਿੰਘ ਨਾਮ ਦਾ ਨਾ ਕੋਈ ਮੁਲਾਜ਼ਮ ਮੌਜੂਦਾ ਸਮੇਂ ਹੈ ਅਤੇ ਨਾ ਹੀ ਉਸ ਸਮੇਂ ਸੀ।
ਸਕੱਤਰੇਤ ਨੇ ਬਿਨਾਂ ਤਸਦੀਕ ਅਜਿਹੀ ਜਾਣਕਾਰੀ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਮੀਡੀਆ ਅਦਾਰਿਆਂ ਨੂੰ ਖ਼ਬਰਾਂ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਮਾਮਲੇ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਜਾਰੀ ਬਿਆਨ ਮੁਤਾਬਕ ਜਥੇਦਾਰ ਨੇ ਦੋਸ਼ ਲਾਇਆ ਕਿ ਕੁਝ ਮੀਡੀਆ ਚੈਨਲ “ਸਰਕਾਰ ਦੇ ਇਸ਼ਾਰੇ ’ਤੇ” ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ। ਉਨ੍ਹਾਂ ਨੇ ਅਜਿਹੇ ਮੀਡੀਆ ਚੈਨਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

Posted By: GURBHEJ SINGH ANANDPURI

Latest News