Nazrana Times

ਪੰਜਾਬੀ

ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦਿਆਂਗਾ-ਮਲਵਿੰਦਰ ਸਿੰਘ ਚਾਹਲ

19 Nov, 2026 05:35 PM

ਕਿਹਾ-ਹਲਕੇ ਦੀ ਤਰੱਕੀ,ਹਰ ਪਰਿਵਾਰ ਦੀ ਖੁਸ਼ਹਾਲੀ ਅਤੇ ਹਰ ਵਿਅਕਤੀ ਦਾ ਸਨਮਾਨ ਮੇਰਾ ਸੰਕਲਪ ਹੈ

ਕਪੂਰਥਲਾ 19 ਨਵੰਬਰ ਗੌਰਵ ਮੜੀਆ 

ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਕਪੂਰਥਲਾ ਹਲਕੇ ਤੋਂ ਅਜਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ(ਮੰਮੂ ਚਾਹਲ)ਹਲਕੇ ਦੇ ਵੱਖ ਵੱਖ ਪਿੰਡ ਤੇ ਸ਼ਹਿਰੀ ਵਾਰਡਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਨਣ ਤੇ ਹਲਕੇ ਦੇ ਵਿਕਾਸ ਲਈ ਰਣਨੀਤੀ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਜਨ-ਸੰਪਰਕ ਮੁਹਿੰਮ ਤਹਿਤ ਅੱਜ ਹਲਕੇ ਦੇ ਪਿੰਡ ਕੱਸੋਚਾਹਲ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਸੁਝਾਅ ਤੇ ਵਿਚਾਰ ਸੁਣੇ।ਇਸ ਦੌਰਾਨ ਪਿੰਡ ਵਾਸੀਆਂ ਦੇ ਮਿਲੇ ਸਮਰਥਨ ਤੇ ਮੰਮੂ ਚਾਹਲ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਖਰਾ ਉਤਰਦੇ ਹੋਏ ਹਲਕੇ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ।ਉਨ੍ਹਾਂਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਅਤੇ ਉਹ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ।ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦੇ ਜਮਪਲ ਹਨ ਤੇ ਉਨ੍ਹਾਂ ਦਾ ਕਪੂਰਥਲਾ ਹਲਕੇ ਨਾਲ ਗੂੜ੍ਹਾ ਰਿਸ਼ਤਾ ਹੈ।ਉਨ੍ਹਾਂਨੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹਲਕੇ ਦੇ ਲੋਕਾਂ ਨੇ ਆਪਣਾ ਪਿਆਰ,ਵਿਸ਼ਵਾਸ ਅਤੇ ਆਸ਼ੀਰਵਾਦ ਦੇ ਕੇ ਵਿਧਾਇਕ ਚੁਣਿਆ,ਤਾਂ ਕਪੂਰਥਲਾ ਹਲਕੇ ਦੇ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ।ਮੰਮੂ ਚਾਹਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਅਜਿਹਾ ਕਪੂਰਥਲਾ ਬਣਾਉਣਾ ਹੈ,ਜਿੱਥੇ ਆਮ ਆਦਮੀ ਨੂੰ ਇਨਸਾਫ਼ ਲਈ ਸਿਫ਼ਾਰਿਸ਼ ਦੀ ਲੋੜ ਨਾ ਪਵੇ,ਹਰ ਸ਼ਿਕਾਇਤ ਦੀ ਸੁਣਵਾਈ ਹੋਵੇ,ਬੱਚਿਆਂ ਨੂੰ ਮਿਆਰੀ ਸਿੱਖਿਆ,ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਕਿਸਾਨਾਂ ਨੂੰ ਬਣਦਾ ਸਹਿਯੋਗ ਅਤੇ ਹਰ ਪਿੰਡ ਤੇ ਮੁਹੱਲੇ ਨੂੰ ਬੁਨਿਆਦੀ ਸਹੂਲਤਾਂ ਮਿਲਣ।ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਆਪਣੀਆਂ ਮੁੱਖ ਤਰਜੀਹਾਂ ਸਾਂਝੀਆਂ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਲਈ ਪਾਰਦਰਸ਼ੀ ਹੈਲਪਲਾਈਨ ਅਤੇ ਟ੍ਰੈਕਿੰਗ ਪ੍ਰਣਾਲੀ,24 ਘੰਟਿਆਂ ਅੰਦਰ ਮੁੱਢਲੀ ਕਾਰਵਾਈ ਦਾ ਟੀਚਾ,ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਸੁਧਾਰ,ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ,ਸਾਫ਼ ਪੀਣ ਵਾਲਾ ਪਾਣੀ, ਵਧੀਆ ਸੜਕਾਂ,ਸਟਰੀਟ ਲਾਈਟਾਂ ਅਤੇ ਨਿਕਾਸੀ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੇ ਪ੍ਰਮੁੱਖ ਸੰਕਲਪ ਹੋਣਗੇ।ਮੰਮੂ ਚਾਹਲ ਨੇ ਕਿਹਾ ਕਿ ਲੋਕ ਭਲਾਈ ਅਤੇ ਵਿਕਾਸ ਲਈ ਲਗਾਤਾਰ ਯਤਨ ਕਰਦਿਆਂ ਹਲਕੇ ਦੇ ਹਰ ਪਿੰਡ,ਵਾਰਡ ਅਤੇ ਮੁਹੱਲੇ ਤੱਕ ਪਹੁੰਚਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।ਉਨ੍ਹਾਂ ਕਿਹਾ ਮੈਂ ਬਿਨਾਂ ਕਿਸੇ ਸਰਕਾਰੀ ਅਹੁਦੇ ਦੇ ਵੀ ਇੱਕ ਆਮ ਵਰਕਰ ਅਤੇ ਸਮਾਜ ਸੇਵੀ ਵਜੋਂ ਲੋਕਾਂ ਦੇ ਅਨੇਕਾਂ ਮਸਲੇ ਉਠਾਏ ਹਨ ਅਤੇ ਕਈ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਹਨ।ਮੇਰੇ ਲਈ ਰਾਜਨੀਤੀ ਸਿਰਫ਼ ਅਹੁਦਾ ਪ੍ਰਾਪਤ ਕਰਨ ਦਾ ਸਾਧਨ ਨਹੀਂ,ਸਗੋਂ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੈ।ਅੰਤ ਵਿੱਚ ਮੰਮੂ ਚਾਹਲ ਨੇ ਕਿਹਾ ਕਿ ਹਲਕੇ ਦੇ ਲੋਕ ਹੀ ਉਨ੍ਹਾਂ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਕਾਇਮ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।ਮੇਰਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ,ਸਗੋਂ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਕੇ ਵਿਖਾਉਣਾ ਹੈ।ਕਪੂਰਥਲਾ ਦੀ ਤਰੱਕੀ,ਹਰ ਪਰਿਵਾਰ ਦੀ ਖੁਸ਼ਹਾਲੀ ਅਤੇ ਹਰ ਵਿਅਕਤੀ ਦਾ ਸਨਮਾਨ ਮੇਰਾ ਸੰਕਲਪ ਹੈ।

Posted By: Gaurav Maria

Latest News