ਕੀ ਕਹਿੰਦੀ ਹੈ ਸੋਨੀਆ ਗਾਂਧੀ ਦੀ ਕਿਤਾਬ...?
ਅੱਜ-ਕੱਲ੍ਹ ਸੋਨੀਆ ਗਾਂਧੀ ਵੱਲੋਂ ਲਿਖੀ ਕਿਤਾਬ ਦੀ ਬਹੁਤ ਚਰਚਾ ਹੋ ਰਹੀ ਹੈ। ਜਿਸ ਉੱਤੇ ਭਾਜਪਾ, ਬਾਦਲ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰਾਂ ਵੱਲੋਂ ਆਪੋ-ਆਪਣੀ ਸਿਆਸਤ ਦੇ ਹਿਸਾਬ ਨਾਲ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਪਰ ਅਸਲ ਗੱਲ ਤੋਂ ਤਾਂ ਸਾਰੇ ਪਾਸੇ ਹਨ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਕੇਵਲ ਕਾਂਗਰਸ ਨਾਲ ਜੋੜ ਕੇ ਵੀ ਵੇਖਿਆ ਨਹੀਂ ਜਾ ਸਕਦਾ ਕਿਉਂਕਿ ਇਸ ਵਿੱਚ ਸਮੁੱਚਾ ਭਾਰਤੀ-ਤੰਤਰ ਦੋਸ਼ੀ ਸੀ। ਭਾਜਪਾ, ਆਰ.ਐੱਸ.ਐੱਸ., ਕਾਮਰੇਡ, ਅਖੌਤੀ ਅਕਾਲੀ ਅਤੇ ਤਮਾਮ ਹਿੰਦੂਤਵੀ ਪਾਰਟੀਆਂ ਇਸ ਵਿੱਚ ਹਿੱਸੇਦਾਰ ਸਨ। ਸੋਨੀਆ ਵੀ ਇੰਦਰਾ ਗਾਂਧੀ ਬਾਰੇ ਜੋ ਮਰਜ਼ੀ ਕਹੀ ਜਾਵੇ ਕਿ "ਉਸ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਦੁੱਖ, ਦਰਦ ਅਤੇ ਪਛਤਾਵਾ ਸੀ ਤੇ ਉਸਦੇ ਹੰਝੂ ਵਹਿ ਤੁਰੇ ਸਨ" ਪਰ ਸੱਚੀ ਗੱਲ ਤਾਂ ਇਹ ਹੈ ਕਿ ਉਹ ਸਿੱਖ ਕੌਮ ਉੱਤੇ ਘੱਲੂਘਾਰਾ ਤੇ ਨਸਲਕੁਸ਼ੀ ਵਪਰਾ ਕੇ ਸਿੱਖ ਕੌਮ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਭਾਰਤ ਦੀਆਂ ਵੋਟਾਂ ਬਟੋਰਨਾ ਚਾਹੁੰਦੀ ਸੀ। ਜੇ ਇੰਦਰਾ ਨੂੰ ਦੁੱਖ ਹੁੰਦਾ ਤਾਂ ਉਹ ਲੋਕ ਸਭਾ ਦੇ ਭਾਸ਼ਣ ਵਿੱਚ ਇਹ ਨਾ ਆਖਦੀ ਕਿ "ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਲੋਕਾਂ ਨੇ ਫ਼ੌਜੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਫ਼ੌਜ ਲਈ ਇਹ ਬਹੁਤ ਹੀ ਕਠਿਨ ਕਾਰਜ ਸੀ ਤੇ ਫ਼ੌਜ ਨੇ ਇਹ ਬਹੁਤ ਬਹਾਦਰੀ ਨਾਲ ਨਿਭਾਇਆ ਹੈ।" ਉਹ ਤਾਂ ਅਪ੍ਰੇਸ਼ਨ ਸ਼ਾਂਤੀ ਤਹਿਤ ਸਿੱਖ ਕੌਮ ਦਾ ਹੋਰ ਵੀ ਕਤਲੇਆਮ ਕਰਨ ਦੀ ਵਿਉਂਤ ਬਣਾਈ ਬੈਠੀ ਸੀ।
ਕਿਤਾਬ ਵਿੱਚ ਸੋਨੀਆਂ ਵੱਲੋਂ ਇਹ ਕਹਿਣਾ ਕਿ "ਰਾਜੀਵ ਗਾਂਧੀ ਕੱਟੜ ਜਾਂ ਨਫ਼ਰਤ ਭਰਿਆ ਇਨਸਾਨ ਨਹੀਂ ਸੀ" ਇਹ ਗੱਲ ਵੀ ਝੂਠ ਦਾ ਪੁਲੰਦਾ ਹੈ। ਜਦ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ "ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ।" ਰਾਜੀਵ ਨੇ ਲੋਕ ਸਭਾ ਵਿੱਚ ਭਾਸ਼ਣ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਬਾਰੇ ਆਖਿਆ ਸੀ ਕਿ "ਫ਼ੌਜ ਦੀ ਇਸ ਕਾਰਵਾਈ ਲਈ ਪੂਰੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਜਿਸ ਬਹਾਦਰੀ ਨਾਲ ਫ਼ੌਜ ਨੇ ਇਹ ਕਾਰਜ ਨਿਭਾਇਆ ਹੈ ਉਸ ਨੂੰ ਰਿਕਾਰਡ 'ਤੇ ਲਿਆਉਣਾ ਜ਼ਰੂਰੀ ਹੈ।" ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਸਿੱਖ ਬੀਬੀਆਂ ਦੀ ਪੱਤ ਲੁੱਟੀ ਗਈ ਤੇ ਜਾਇਦਾਦਾਂ ਸਾੜੀਆਂ ਗਈਆਂ। ਇੰਦਰਾ ਗਾਂਧੀ ਵਾਂਗ ਹੀ ਰਾਜੀਵ ਦੇ ਮਨ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤ ਹੀ ਨਫ਼ਰਤ ਸੀ।
ਸੋਨੀਆ ਇਹ ਵੀ ਲਿਖਦੀ ਹੈ ਕਿ "ਅਪ੍ਰੇਸ਼ਨ ਬਲੂ ਸਟਾਰ' ਇਸ ਕਰਕੇ ਕਰਨਾ ਪਿਆ ਕਿਉਂਕਿ 15 ਅਗਸਤ 1984 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਖ਼ਾਲਿਸਤਾਨ ਦਾ ਐਲਾਨ ਕਰ ਦੇਣਾ ਸੀ, ਦੇਸ਼ ਦੇ ਟੁਕੜੇ ਹੋ ਜਾਣੇ ਸਨ।" ਪਰ ਜੇ ਇੰਦਰਾ ਗਾਂਧੀ ਨੂੰ ਖ਼ਾਲਿਸਤਾਨ ਬਣਨ ਦੀ ਐਨੀ ਹੀ ਚਿੰਤਾ ਸੀ ਤਾਂ ਫਿਰ ਉਹ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਮੰਨ ਲੈਂਦੀ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰ ਦਿੰਦੀ, ਸਿੱਖਾਂ ਅਤੇ ਪੰਜਾਬ ਨੂੰ ਵੱਧ ਅਧਿਕਾਰ ਦੇ ਦਿੰਦੀ ਪਰ ਇੰਦਰਾ ਨੇ ਮੁਗਲ ਹਕੂਮਤ ਵਾਂਗ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਰਾਹ ਚੁਣਿਆ ਜਿਸ ਨਾਲ ਖ਼ਾਲਿਸਤਾਨ ਬਣਨੋਂ ਰੁਕਿਆ ਨਹੀਂ ਸਗੋਂ ਸੰਤ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਤੇ ਜੂਨ 1984 ਦੇ ਘੱਲੂਘਾਰੇ ਮਗਰੋਂ ਸਿੱਖਾਂ ਨੇ ਖਾਲਿਸਤਾਨ ਦੀ ਆਜ਼ਾਦੀ ਲਈ ਦਸ ਸਾਲ ਹਥਿਆਰਬੰਦ ਸੰਘਰਸ਼ ਲੜਿਆ ਅਤੇ ਜਮਹੂਰੀਅਤ, ਰਾਜਨੀਤਿਕ ਤੇ ਸ਼ਾਂਤਮਈ ਢੰਗ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਹੈ ਜੋ ਅੰਤਰ-ਰਾਸ਼ਟਰੀ ਮੁੱਦਾ ਬਣ ਚੁੱਕਾ ਹੈ। ਹੁਣ ਖ਼ਾਲਿਸਤਾਨ ਤਾਂ ਇੱਕ ਦਿਨ ਬਣ ਕੇ ਰਹੇਗਾ। ਜੇ ਪਾਕਿਸਤਾਨ ਬਣ ਸਕਦਾ ਹੈ, ਬੰਗਲਾਦੇਸ਼ ਬਣ ਸਕਦਾ ਹੈ ਤੇ ਖ਼ਾਲਿਸਤਾਨ ਵੀ ਬਣ ਜਾਂਦਾ ਤਾਂ ਇਸ ਤੋਂ ਇੰਦਰਾ ਨੂੰ ਐਨੀ ਤਕਲੀਫ਼ ਕਿਉਂ ਸੀ। ਪਾਕਿਸਤਾਨ ਵੀ ਤਾਂ ਅਖੌਤੀ ਮਹਾਤਮਾ ਗਾਂਧੀ ਅਤੇ ਨਹਿਰੂ ਨੇ ਬਣਵਾਇਆ ਸੀ, ਬੰਗਲਾਦੇਸ਼ ਇੰਦਰਾ ਗਾਂਧੀ ਨੇ ਬਣਵਾ ਦਿੱਤਾ ਤੇ ਹੁਣ ਖ਼ਾਲਿਸਤਾਨ ਵੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਕਾਰਨ ਹੀ ਬਣਨਾ ਹੈ। ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਹਨ। 6 ਜੂਨ 2020 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ "ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ।" ਓਦੋਂ ਤਾਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਖ਼ਾਲਿਸਤਾਨ ਦੀ ਹਮਾਇਤ ਕਰ ਦਿੱਤੀ ਸੀ। ਕੀ ਹੁਣ ਇਸ ਗੱਲ ਨੂੰ ਲੈ ਕੇ ਵੀ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦੇਵੇਗੀ ? ਸਿੱਧੀ ਜਿਹੀ ਗੱਲ ਹੈ ਕਿ ਇੰਦਰਾ ਗਾਂਧੀ ਨੇ ਖ਼ਾਲਿਸਤਾਨ ਦਾ ਸਿਰਫ਼ ਇੱਕ ਹਊਆ ਖੜ੍ਹਾ ਕੀਤਾ ਸੀ। ਜਦ ਕਿ ਸੰਤ ਜੀ ਤਾਂ ਇਹ ਵੀ ਕਹਿੰਦੇ ਰਹੇ ਸਨ ਕਿ "ਅਸੀਂ ਖ਼ਾਲਿਸਤਾਨ ਮੰਗਦੇ ਨਹੀਂ, ਅਜੇ ਵਿਰੋਧ ਤੇ ਹਮਾਇਤ ਵੀ ਨਹੀਂ ਕਰਦੇ ਪਰ ਜੇ ਸਰਕਾਰ ਦੇਵੇਗੀ ਤਾਂ ਨਾ ਨਹੀਂ ਕਰਦੇ, 1947 ਵਾਲੀ ਗ਼ਲਤੀ ਨਹੀਂ ਕਰਾਂਗੇ।" ਪਰ ਇੰਦਰਾ ਨੇ ਉਹ ਹਲਾਤ ਬਣਾ ਦਿੱਤੇ ਕਿ ਹਰ ਸਿੱਖ ਖ਼ਾਲਿਸਤਾਨ ਦਾ ਹਾਮੀ ਬਣ ਗਿਆ, ਸਿੱਖ ਜਗਤ ਨੇ ਖ਼ਾਲਿਸਤਾਨ ਨੂੰ ਜ਼ੋਰਦਾਰ ਹਮਾਇਤ ਦਿੱਤੀ ਤੇ ਅੱਜ ਸਿੱਖ ਅਤੇ ਖ਼ਾਲਿਸਤਾਨ ਇੱਕ ਹੋ ਚੁੱਕੇ ਹਨ। ਇੰਦਰਾ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਖ਼ਾਲਿਸਤਾਨ ਦੇ ਰਾਹੇ ਪਾ ਦਿੱਤਾ। ਉਸ ਦੀ ਨੂੰਹ ਸੋਨੀਆ ਗਾਂਧੀ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ। ਇੰਦਰਾ ਅਤੇ ਰਾਜੀਵ ਨੂੰ ਸਿੱਖਾਂ ਉੱਤੇ ਕੀਤੇ ਕਹਿਰ ਦਾ ਕੋਈ ਅਫ਼ਸੋਸ ਜਾਂ ਪਛਤਾਵਾ ਨਹੀਂ ਸੀ। ਜੇ ਹੁੰਦਾ ਤਾਂ ਉਹ ਆਪਣੇ ਜਿਉਂਦੇ-ਜੀ ਸਿੱਖ ਕੌਮ ਤੋਂ ਮਾਫ਼ੀ ਮੰਗਦੇ ਪਰ ਉਹਨਾਂ ਉੱਤੇ ਤਾਂ ਭਾਰਤ ਦੀ ਰਾਜ-ਸੱਤਾ ਦਾ ਇਹੋ ਜਿਹਾ ਭੂਤ ਅਤੇ ਨਸ਼ਾ ਸਵਾਰ ਸੀ ਕਿ ਉਹਨਾਂ ਨੂੰ ਆਪਣੇ ਕੀਤੇ ਕਾਰਿਆਂ ਦੀ ਸਜ਼ਾ ਭੋਗਣੀ ਪਈ ਤੇ ਇਸੇ ਕਾਰਨ ਕਾਂਗਰਸ ਵੀ ਦਿਨੋਂ-ਦਿਨ ਹਾਸ਼ੀਏ ਉੱਤੇ ਧੱਕੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਨਵੰਬਰ 1984 ਦੇ ਕਤਲੇਆਮ ਨੂੰ ਸਿੱਖ ਕਦੇ ਵੀ ਨਹੀਂ ਭੁੱਲਣਗੇ ਅਤੇ ਨਾ ਹੀ ਗਾਂਧੀ ਪਰਿਵਾਰ ਨੂੰ ਮਾਫ਼ ਕਰਨਗੇ। ਇਸ ਹਮਲੇ ਦਾ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਉੱਤੇ ਜੋਰ ਪਾਇਆ ਅਤੇ ਹਮਲੇ ਤੋਂ ਬਾਅਦ ਭਾਜਪਾ ਦੇ ਚੌਧਰੀ ਚਰਨ ਸਿਹੁੰ ਨੇ 10 ਜੂਨ 1984 ਨੂੰ ਹਿੰਦੁਸਤਾਨ ਟਾਈਮਜ਼ ਵਿੱਚ ਬਿਆਨ ਦਿੱਤਾ ਕਿ "ਮੈਂ ਫ਼ੌਜ ਨੂੰ ਗੋਲਡਨ ਟੈਂਪਲ ਕੰਪਲੈਕਸ ਵਿੱਚੋਂ ਅੱਤਵਾਦੀ ਬਾਹਰ ਕੱਢਣ ਲਈ ਮੁਬਾਰਕਬਾਦ ਦਿੰਦਾ ਹਾਂ।" ਪਰ ਅੱਜ ਏਹੀ ਭਾਜਪਾ ਉਸ ਹਮਲੇ ਨੂੰ ਗਲਤ ਆਖ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਆਗੂ ਵੀ ਟੀ.ਵੀ. ਚੈੱਨਲਾਂ ਉੱਤੇ ਗ਼ਲਤੀ ਮੰਨ ਰਹੇ ਹਨ। ਹਜ਼ਾਰਾਂ-ਲੱਖਾਂ ਇਲਜ਼ਾਮਾਂ ਤੋਂ ਬਾਅਦ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੱਚੀ-ਸੁੱਚੀ ਅਤੇ ਮਹਾਨ ਸ਼ਖਸੀਅਤ ਦਿਨੋਂ-ਦਿਨ ਨਿੱਖਰ ਰਹੀ ਹੈ ਅਤੇ ਇੰਦਰਾ ਗਾਂਧੀ ਨਫ਼ਰਤ ਦਾ ਪਾਤਰ ਬਣ ਕੇ ਖਲਨਾਇਕ ਬਣ ਚੁੱਕੀ ਹੈ। ਜੂਨ 1984 ਦੇ ਹਮਲੇ ਦੀ ਚਾਹੇ ਹੁਣ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆ ਕੇ ਮਾਫ਼ੀ ਵੀ ਮੰਗ ਲਵੇ ਪਰ ਹੁਣ ਖ਼ਾਲਿਸਤਾਨ ਦਾ ਸੰਘਰਸ਼ ਨਹੀਂ ਰੁਕੇਗਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ