ਸੁਖਬੀਰ ਬਾਦਲ ਭਾਜਪਾ ਵਿੱਚ ਹੀ ਸ਼ਾਮਿਲ ਹੋ ਜਾਵੇ..
ਸੁਖਬੀਰ ਸਿੰਘ ਬਾਦਲ ਦੇ ਭਾਜਪਾ ਨਾਲ ਮੁੜ ਗੱਠਜੋੜ ਦੀਆਂ ਖ਼ਬਰਾਂ ਨੇ ਉਸ ਦੀ ਪੰਥਕ ਸਿਆਸਤ ਦੇ ਦਾਅਵਿਆਂ ਨੂੰ ਫਿਰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ ਗੱਠਜੋੜ ਦਾ ਐਲਾਨ ਛੇਤੀ ਹੋ ਸਕਦਾ ਹੈ, ਭਾਵੇਂ ਹਾਲੇ ਰਸਮੀ ਐਲਾਨ ਨਹੀਂ ਹੋਇਆ। ਜੇ ਇਹ ਸਾਂਝ ਮੁੜ ਪੈਂਦੀ ਹੈ ਤਾਂ ਸੁਖਬੀਰ ਦੱਸੇ ਕਿ ਉਸ ਦੇ ਪਹਿਲੇ ਬਿਆਨਾਂ ਦੀ ਕੀ ਕੀਮਤ ਰਹਿ ਜਾਵੇਗੀ ? ਪੰਥ ਦਾ ਨਾਂ ਲੈ ਕੇ ਭਾਜਪਾ ਨੂੰ ਭੰਡਣਾ ਅਤੇ ਫਿਰ ਸੱਤਾ ਲਈ ਉਸੇ ਨਾਲ ਹੱਥ ਮਿਲਾਉਣਾ ਆਪਣੇ ਹੀ ਬੋਲਾਂ ਤੋਂ ਮੁੱਕਰਨ ਦੀ ਸਿਖਰ ਹੋਵੇਗੀ। ਸੁਖਬੀਰ ਬਾਦਲ ਨੇ ਹੀ ਭਾਜਪਾ ਵਿੱਚ ਜਾਣ ਵਾਲਿਆਂ ਦੇ ਡੀ.ਐੱਨ.ਏ. ਟੈਸਟ ਕਰਵਾਉਣ ਦੀ ਗੱਲ ਕੀਤੀ ਸੀ। ਹੁਣ ਆਪਣੇ ਉਸ ਬਿਆਨ ਬਾਰੇ ਉਸ ਦਾ ਕੀ ਖ਼ਿਆਲ ਹੈ ? ਜਿਹੜੀ ਭਾਜਪਾ ਨਾਲ ਜਾਣ ਵਾਲਿਆਂ ਦੀ ਪਛਾਣ ਉੱਤੇ ਕੱਲ੍ਹ ਸਵਾਲ ਚੁੱਕਦਾ ਸੀ, ਅੱਜ ਉਸੇ ਨਾਲ ਸਾਂਝ ਪਾਉਣ ਲਈ ਕਿਉਂ ਉਤਾਵਲਾ ਹੈ ? ਕੀ ਭਾਜਪਾ ਬਦਲ ਗਈ ਹੈ ਜਾਂ ਸੁਖਬੀਰ ਦੀ ਸੱਤਾ ਦੀ ਭੁੱਖ ਹੋਰ ਵਧ ਗਈ ਹੈ ? ਦੂਜਿਆਂ ਨੂੰ ਮਿਹਣੇ ਮਾਰਨ ਵਾਲਾ ਆਪਣੇ ਵਾਰੀ ਚੁੱਪ ਕਿਉਂ ਹੈ ? ਇਹ ਸਿਆਸਤ ਹੈ ਜਾਂ ਥੁੱਕ ਕੇ ਚੱਟਣ ਦੀ ਤਿਆਰੀ ? ਅਕਾਲੀ ਦਲ ਦੀ ਭਾਜਪਾ ਨਾਲ ਲਗਭਗ ਚੌਵੀ ਸਾਲ ਦੀ ਸਾਂਝ ਦਾ ਹਿਸਾਬ ਕੌਣ ਦੇਵੇਗਾ ? ਉਸ ਸਾਂਝ ਨੇ ਪੰਥਕ ਸਿਆਸਤ ਨੂੰ ਸੱਤਾ ਦੇ ਹਿਸਾਬਾਂ ਵਿੱਚ ਉਲਝਾ ਕੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ। ਬਾਦਲ ਪਰਿਵਾਰ ਦੀ ਸਿਆਸਤ ਚਮਕਦੀ ਰਹੀ, ਪਰ ਪੰਥਕ ਹੱਕ ਪਿੱਛੇ ਧੱਕੇ ਜਾਂਦੇ ਰਹੇ। ਹੁਣ ਉਸੇ ਰਾਹ ਮੁੜ ਤੁਰਨ ਦੀ ਤਿਆਰੀ ਤੋਂ ਕੌਮ ਕੀ ਆਸ ਰੱਖੇ ? ਪੁਰਾਣੇ ਘਾਟੇ ਦਾ ਹਿਸਾਬ ਦਿੱਤੇ ਬਿਨਾਂ ਨਵੀਂ ਸਾਂਝ ਨੂੰ ਪੰਜਾਬ ਦੇ ਭਲੇ ਦਾ ਨਾਂ ਦੇਣਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਸੁਖਬੀਰ ਦੇ ਇਸ ਪੈਂਤੜੇ ਵਿੱਚ ਪੰਥਕ ਅਸੂਲ ਕਿੱਥੇ ਹਨ ? ਕੱਲ੍ਹ ਦੇ ਬੋਲ ਅੱਜ ਦੀ ਕੁਰਸੀ ਲਈ ਨਿਗਲ ਜਾਣ ਵਾਲੀ ਲੀਡਰਸ਼ਿਪ ਉੱਤੇ ਕੌਮ ਭਰੋਸਾ ਕਿਵੇਂ ਕਰੇ ? ਪੰਥ ਭਾਵੇਂ ਸੰਕਟਾਂ ਵਿੱਚ ਘਿਰਿਆ ਰਹੇ, ਪੰਜਾਬ ਭਾਵੇਂ ਆਪਣੇ ਹੱਕਾਂ ਲਈ ਲੜਦਾ ਰਹੇ, ਪਰ ਇਹਨਾਂ ਦੀ ਸਿਆਸੀ ਦੁਕਾਨ ਚੱਲਦੀ ਰਹਿਣੀ ਚਾਹੀਦੀ ਹੈ। ਫੋਕੇ ਬਿਆਨਾਂ ਨਾਲ ਪੰਥ ਦੀ ਸੇਵਾ ਨਹੀਂ ਹੁੰਦੀ। ਜਿਹੜੇ ਅਸੂਲ ਸੱਤਾ ਦੀ ਸੰਭਾਵਨਾ ਵੇਖਦਿਆਂ ਹੀ ਬਦਲ ਜਾਣ, ਉਹ ਅਸੂਲ ਨਹੀਂ, ਲੋਕਾਂ ਨੂੰ ਵਰਗਲਾਉਣ ਦੇ ਬਹਾਨੇ ਹੁੰਦੇ ਹਨ। ਸੁਖਬੀਰ ਬਾਦਲ ਨੂੰ ਜੇ ਭਾਜਪਾ ਨਾਲ ਐਨਾ ਹੀ ਮੋਹ ਹੈ ਤਾਂ ਉਸ ਨੂੰ ਅਕਾਲੀ ਦਲ ਤੋਂ ਕਿਨਾਰਾ ਕਰਕੇ ਸਿੱਧਾ ਭਾਜਪਾ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ। ਅਕਾਲੀ ਦਲ ਅਤੇ ਪੰਥ ਨੂੰ ਆਪਣੀ ਸਿਆਸੀ ਸੌਦੇਬਾਜ਼ੀ ਲਈ ਕਿਉਂ ਵਰਤਦਾ ਹੈ ? ਅਕਾਲੀ ਦਲ ਸ਼ਹੀਦਾਂ ਅਤੇ ਮੋਰਚਿਆਂ ਦੀ ਵਿਰਾਸਤ ਹੈ, ਬਾਦਲ ਪਰਿਵਾਰ ਦੀ ਜਾਇਦਾਦ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੌਮ ਦੀ ਸੰਸਥਾ ਹੈ। ਇਹਨਾਂ ਸੰਸਥਾਵਾਂ ਦਾ ਵੱਕਾਰ ਕਿਸੇ ਪਰਿਵਾਰ ਦੀ ਕੁਰਸੀ ਦੀ ਭੇਟ ਨਹੀਂ ਚੜ੍ਹਨ ਦੇਣਾ ਚਾਹੀਦਾ। ਸਾਡਾ ਖ਼ਦਸ਼ਾ ਸਾਫ਼ ਹੈ ਕਿ ਭਾਜਪਾ ਅਤੇ ਆਰ.ਐੱਸ.ਐੱਸ. ਵੱਲ ਇਹ ਝੁਕਾਅ ਸਿੱਖ ਧਰਮ ਦੀ ਅਜ਼ਾਦ ਹੋਂਦ ਲਈ ਘਾਤਕ ਰਾਹ ਖੋਲ੍ਹ ਸਕਦਾ ਹੈ। ਸਿੱਖੀ ਨੂੰ ਸਨਾਤਨੀ ਪਛਾਣ ਵਿੱਚ ਸਮੇਟਣ ਵਾਲੀ ਸੋਚ ਅੱਗੇ ਪੰਥਕ ਆਗੂਆਂ ਦਾ ਝੁਕਣਾ ਕਿਵੇਂ ਪ੍ਰਵਾਨ ਹੋ ਸਕਦਾ ਹੈ ? ਬਾਬਾ ਹਰਨਾਮ ਸਿੰਘ ਧੁੰਮਾ ਲਈ ਵੀ ਇਹੋ ਸਵਾਲ ਹੈ। ਦਮਦਮੀ ਟਕਸਾਲ ਦੀ ਵਿਰਾਸਤ ਗੁਰਮਤਿ ਅਤੇ ਖ਼ਾਲਸਾਈ ਨਿਆਰੇਪਣ ਉੱਤੇ ਪਹਿਰਾ ਦੇਣ ਦੀ ਹੈ। ਉਸ ਵਿਰਾਸਤ ਨੂੰ ਹਿੰਦੂਤਵੀ ਸਿਆਸਤ ਦੀ ਨੇੜਤਾ ਲਈ ਵਰਤਣਾ ਪੰਥਕ ਸੇਵਾ ਨਹੀਂ ਕਿਹਾ ਜਾ ਸਕਦਾ। ਪੰਥ ਵੱਲ ਮੁੜਨ ਦੀ ਥਾਂ ਭਾਜਪਾ ਵੱਲ ਵੱਧਦੇ ਕਦਮ ਸੁਖਬੀਰ ਦੀਆਂ ਤਰਜੀਹਾਂ ਉੱਤੇ ਗੰਭੀਰ ਸਵਾਲ ਹਨ। ਕੌਮ ਨੂੰ ਹੁਣ ਬਿਆਨਾਂ ਦੀ ਚਮਕ ਪਿੱਛੇ ਲੁਕੇ ਸੱਤਾ ਦੇ ਹਿਸਾਬ ਪਛਾਣਨੇ ਪੈਣਗੇ। ਸੁਖਬੀਰ ਬਾਦਲ ਨੇ ਜੇ ਭਾਜਪਾ ਦਾ ਹੀ ਪੱਲਾ ਫੜਨਾ ਹੈ ਤਾਂ ਪੰਥਕ ਨੁਮਾਇੰਦਗੀ ਦਾ ਦਾਅਵਾ ਛੱਡੇ। ਆਪਣੀ ਕੁਰਸੀ ਲਈ ਅਕਾਲੀ ਦਲ ਦੀ ਵਿਰਾਸਤ ਅਤੇ ਪੰਥ ਦਾ ਭਵਿੱਖ ਦਾਅ ਉੱਤੇ ਲਾਉਣਾ ਬੰਦ ਕਰੋ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ