ਭਾਈ ਸੰਦੀਪ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਪੰਥਕ ਆਗੂਆਂ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ
ਸੰਦੀਪ ਸਿੰਘ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ - ਸਿਮਰਨਜੀਤ ਸਿੰਘ ਮਾਨ
ਹੁਸ਼ਿਆਰਪੁਰ, 12 ਅਕਤੂਬਰ (ਕੰਵਰ ਪ੍ਰਤਾਪ ਸਿੰਘ ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦੇ ਮੈਂਬਰ ਸਵ. ਸ. ਸੰਦੀਪ ਸਿੰਘ ਖਾਲਸਾ ਜੀ, ਜੋ ਬੀਤੀ 1 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਿਜਲੀ ਘਰ ਚੌਂਕ, ਟਾਂਡਾ (ਉੜਮੁੜ) ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਵਿਛੜੇ ਨੌਜਵਾਨ ਆਗੂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ, ਅਹੁਦੇਦਾਰ, ਯੂਥ ਵਿੰਗ ਦੇ ਨੁਮਾਇੰਦੇ, ਪੰਥਕ ਜਥੇਬੰਦੀਆਂ ਦੇ ਆਗੂ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਇਸ ਦੁੱਖਦਾਈ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਸਵ. ਸ. ਸੰਦੀਪ ਸਿੰਘ ਖਾਲਸਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਪਰਿਵਾਰ ਲਈ ਆਪਣੇ ਪਿਆਰੇ ਜੀਅ ਨੂੰ ਸਦਾ ਲਈ ਗੁਆ ਦੇਣਾ ਬਹੁਤ ਵੱਡਾ ਸਦਮਾ ਹੁੰਦਾ ਹੈ ਅਤੇ ਅਜਿਹੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਪੰਥਕ ਵਿਚਾਰਧਾਰਾ, ਖਾਲਿਸਤਾਨ ਦੇ ਸਿਆਸੀ ਸੰਘਰਸ਼ ਅਤੇ ਜਥੇਬੰਦਕ ਸਰਗਰਮੀਆਂ ਨਾਲ ਜੁੜ ਕੇ ਬਿਤਾਇਆ। ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਸਾਥੀਆਂ ਨਾਲ ਸਾਂਝ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ. ਸਿਮਰਨਜੀਤ ਸਿੰਘ ਮਾਨ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਭਵਿੱਖ ਵਿੱਚ ਵੀ ਪਰਿਵਾਰ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਸ. ਸੰਦੀਪ ਸਿੰਘ ਖਾਲਸਾ ਜੀ ਦੀ ਯਾਦ ਅਤੇ ਇਸ ਮੌਕੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਵੀ ਸਵ. ਸ. ਸੰਦੀਪ ਸਿੰਘ ਖਾਲਸਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਥੇਬੰਦੀ ਲਈ ਆਪਣੇ ਨੌਜਵਾਨ ਸਾਥੀ ਦਾ ਇਸ ਤਰ੍ਹਾਂ ਅਚਾਨਕ ਵਿਛੜ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਪਾਰਟੀ ਦੇ ਹੇਠ ਲਿਖੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ: ਸ. ਹਰਪਾਲ ਸਿੰਘ ਬਲੇਰ (ਕੌਮੀ ਜਨਰਲ ਸਕੱਤਰ), ਸ. ਅੰਮ੍ਰਿਤਪਾਲ ਸਿੰਘ ਛੰਦੜਾ (ਜਨਰਲ ਸਕੱਤਰ), ਸ. ਕੁਸ਼ਲਪਾਲ ਸਿੰਘ ਮਾਨ (ਸਕੱਤਰ), ਸ. ਗੁਰਜੰਟ ਸਿੰਘ ਕੱਟੂ (ਜਨਰਲ ਸਕੱਤਰ), ਸ. ਕਰਨੈਲ ਸਿੰਘ ਨਾਰੀਕੇ (ਜਨਰਲ ਸਕੱਤਰ), ਸ. ਹਰਜਿੰਦਰ ਸਿੰਘ ਜੱਖੂ, ਸ. ਗੁਰਨਾਮ ਸਿੰਘ ਸਿੰਘੜੀਵਾਲ (ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ), ਸ. ਪਰਮਿੰਦਰ ਸਿੰਘ, ਸ. ਗੁਰਬਚਨ ਸਿੰਘ ਪਵਾਰ (ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ), ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਦਲ ਖਾਲਸਾ ਦੇ ਨੁਮਾਇੰਦੇ, ਸ. ਸ਼ਿੰਗਾਰਾ ਸਿੰਘ ਬਡਲਾ (ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ), ਸ. ਧਰਮ ਸਿੰਘ ਕਲੌੜ (ਮੈਂਬਰ ਪੀ.ਏ.ਸੀ.), ਸ. ਸਤਨਾਮ ਸਿੰਘ ਰੱਤੋਕੇ (ਮੈਂਬਰ ਪੀ.ਏ.ਸੀ.), ਸ. ਹਰਦੀਪ ਸਿੰਘ ਨਾਰੀਕੇ (ਮੀਤ ਪ੍ਰਧਾਨ ਯੂਥ ਵਿੰਗ), ਸ. ਅਮਰਿੰਦਰ ਸਿੰਘ ਜੋਰਾ (ਮੀਡੀਆ ਇੰਚਾਰਜ ਪੰਜਾਬ), ਸ. ਭੁਪਿੰਦਰ ਪ੍ਰਤਾਪ ਸਿੰਘ (ਪੀ.ਏ./ਪੀ.ਐਸ. ਸ. ਸਿਮਰਨਜੀਤ ਸਿੰਘ ਮਾਨ), ਸ. ਜਸਕੀਰਤ ਸਿੰਘ ਮੰਡੀ (ਜ਼ਿਲ੍ਹਾ ਯੂਥ ਪ੍ਰਧਾਨ ਖੰਨਾ), ਸ. ਪਵਨਪ੍ਰੀਤ ਸਿੰਘ ਢੋਲੇਵਾਲ (ਸਰਪੰਚ ਅਤੇ ਦਫ਼ਤਰ ਸਕੱਤਰ ਸ੍ਰੀ ਅਨੰਦਪੁਰ ਸਾਹਿਬ), ਸ. ਲੱਖਾ ਸਿੰਘ ਗਵਾਰਾ ਸਮੇਤ ਹੋਰ ਪਾਰਟੀ ਆਗੂਆਂ, ਵਰਕਰਾਂ ਅਤੇ ਸੰਗਤਾਂ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
Posted By: GURBHEJ SINGH ANANDPURI