ਜਾਗਦੀ ਅਤੇ ਸੁੱਤੀ ਅੱਖ ਦੇ ਸੁਪਨੇ !
- ਵੰਨ ਸੁਵੰਨ
- 25 Apr, 2026 11:08 PM (Asia/Kolkata)
ਜਾਗਦੀ ਅਤੇ ਸੁੱਤੀ ਅੱਖ ਦੇ ਸੁਪਨੇ !
ਜਿਹੜੀ ਵਾਰਤਾ ਮੈਂ ਲਿਖਣ ਜਾ ਰਿਹਾ ਹਾਂ,ਇਹੋ ਜਿਹੀਆਂ ਕਥਾ-ਕਹਾਣੀਆਂ ਤਾਂ ਲਗਭਗ ਸਾਰਿਆਂ ਨੇ ਹੀ ਪੜ੍ਹੀਆਂ ਸੁਣੀਆਂ ਹੁੰਦੀਆਂ ਹਨ ਪਰ ਇਨ੍ਹਾਂ ਦੇ ਸੱਚੀਆਂ ਹੋਣ ਦਾ ਪਤਾ ਉਦੋਂ ਲਗਦਾ ਹੈ ਜਦ ਕਿਤੇ ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਅਣਸੁਖਾਵੇਂ ਜਿਹੇ ਹਾਲਾਤਾਂ ਵਿੱਚੋਂ ਖੁਦ ਲੰਘ ਰਹੇ ਹੋਈਏ।
ਕਹਿੰਦੇ ਕਿਸੇ ਬਾਦਸ਼ਾਹ ਦਾ ਇਕਲੌਤਾ ਪੁੱਤਰ ਬਿਮਾਰ ਹੋ ਗਿਆ।ਬਿਸਤਰੇ-ਮਰਗ 'ਤੇ ਪਏ ਔਖੇ ਔਖੇ ਸਾਹ ਲੈ ਰਹੇ ਆਪਣੇ ਪੁੱਤਰ ਦੇ ਸਿਰਾਹਣੇ ਬੈਠੇ ਬਾਦਸ਼ਾਹ ਤੇ ਮਹਾਰਾਣੀ ਹੱਥ ਜੋੜ ਜੋੜ ਬੇਟੇ ਦੀ ਤੰਦਰੁਸਤੀ ਲਈ ਪ੍ਰਮਾਤਮਾਂ ਅੱਗੇ ਅਰਜੋਦੜੀਆਂ ਕਰੀ ਜਾ ਰਹੇ ਸਨ।ਸਾਰੀ ਰਾਤ ਬੀਤ ਚੁੱਕੀ ਸੀ।ਤੜਕੇ ਜਾ ਕੇ ਉਣੀਦਰੇ ਦੇ ਮਾਰੇ ਬਾਦਸ਼ਾਹ ਦੀ ਅੱਖ ਲੱਗ ਗਈ ਤੇ ਉੱਧਰੋਂ ਪੁੱਤਰ ਦੇ ਪ੍ਰਾਣ ਪੰਖੇਰੂ ਉਡ ਗਏ ! ਜਾਗਦੀ ਰਾਣੀ ਨੇ ਇਕ ਪਾਸੇ ਨੂੰ ਪੁੱਤਰ ਦਾ ਲੁੜਕਿਆ ਸਿਰ ਦੇਖ ਕੇ ਜੋਰ ਦੀ ਧਾਹ ਮਾਰੀ!ਜਿਉਂ ਹੀ ਉਸਨੇ ਬਾਦਸ਼ਾਹ ਨੂੰ ਸੁੱਤਾ ਦੇਖ ਕੇ ਰੋਂਦਿਆਂ ਹੋਇਆਂ ਬਾਹੋਂ ਫੜ ਕੇ ਝੰਜੋੜਿਆ ਤਾਂ ਉਹ ਉੱਭੜਵਾਹੇ ਅੱਖਾਂ ਖੋਲ੍ਹਦਿਆਂ ਸਾਹਮਣੇ ਦੇਖ ਇਕ ਦਮ ਹੱਸਣ ਲੱਗਾ !!
ਹੈਰਾਨ ਪ੍ਰੇਸ਼ਾਨ ਹੋਈ ਰਾਣੀ ਅੱਖਾਂ ਅੱਡਦੀ ਹੋਈ ਬੋਲੀ ਕਿ ਪਾਗਲ ਹੋ ਗਏ ਹੋ ?ਇਕਲੌਤਾ ਪੁੱਤ ਚੜ੍ਹਾਈ ਕਰ ਗਿਆ ਹੈ ਪਰ ਤੁਹਾਨੂੰ ਹਾਸਾ......??
ਇਕ ਦਮ ਗਹਿਰ ਗੰਭੀਰ ਮੁਦਰਾ ਵਿਚ ਬਾਦਸ਼ਾਹ ਕਹਿਣ ਲੱਗਾ-
"ਰਾਣੀ ਜੀ,ਥੋੜਾ ਚਿਰ ਹੋਇਆ ਮੈਂ ਆਪਣੇ ਇੱਕ ਬਿਮਾਰ ਪੁੱਤਰ ਲਈ ਅਰਦਾਸਾਂ ਕਰ ਰਿਹਾ ਸਾਂ।ਅਚਾਨਕ ਅੱਖ ਲੱਗੀ ਤੋਂ ਮੈਨੂੰ ਸੁਪਨਾ ਆ ਗਿਆ ਕਿ ਮੈਂ ਜੰਗਲ਼ ਵਿਚ ਸ਼ਿਕਾਰ ਖੇਡ੍ਹ ਰਿਹਾ ਹਾਂ।ਸੱਜੇ-ਖੱਬੇ ਸ਼ਸਤਰਾਂ ਬਸਤਰਾਂ ਨਾਲ਼ ਸਜੇ ਹੋਏ ਘੋੜਸਵਾਰ ਮੇਰੇ ਸੱਤ ਪੁੱਤਰ ਨਾਲ ਨਾਲ ਚੱਲ ਰਹੇ ਹਨ.........!
ਰਾਣੀਏਂ,ਇਸ ਸੁਪਨੇ ਤੋਂ ਪਹਿਲਾਂ ਮੈਂ ਜਾਗਦਾ ਹੋਇਆ ਬਿਮਾਰ ਪਏ ‘ਇੱਕ ਪੁੱਤ’ ਦਾ ਬਾਪ ਸਾਂ..... ਸੁਪਨਾ ਆਇਆ ਤਾਂ ਮੈਂ ‘ਸੱਤ ਪੁੱਤਰਾਂ’ ਦਾ ਬਾਪ ਬਣ ਗਿਆ ਪਰ ਛਿਣ-ਭੰਗਰ ਵਿੱਚ ਹੀ ਅੱਖ ਖੁੱਲ੍ਹੀ ਤੋਂ ਦੇਖਿਆ ਤਾਂ ‘ਇੱਕ ਪੁੱਤ ਵੀ ਹੈ ਨਹੀਂ’ ਸੀ ਮੇਰਾ !"
ਸੋ ਦੋਸਤੋ ਸੋਚਿਆ ਜਾਵੇ ਤਾਂ 'ਜਾਗਦੀਆਂ ਅੱਖਾਂ’ ਅਤੇ ‘ਸੁੱਤੀਆਂ ਅੱਖਾਂ’ ਦੇ ਮਾੜੇ-ਚੰਗੇ ਸੁਪਨਿਆਂ ਦਾ ਸੰਗ੍ਰਹਿ ਹੀ ਤਾਂ ਇਹ ਜ਼ਿੰਦਗੀ ਹੈ !
‘ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥
ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥’
(ਸ੍ਰੀ ਗੁਰੂ ਗ੍ਰੰਥ ਸਾਹਿਬ-੮੦੮)
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Leave a Reply