ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਪਰਵਿੰਦਰ ਸਿੰਘ ਝੋਟਾ ਸਮੇਤ ਬਿਕਰਮਜੀਤ ਸਿੰਘ ਅਤੇ ਗੁਲਜ਼ਾਰ ਦੇ ਪਰਿਵਾਰਾਂ ਨੂੰ ਕੱਲ ਮਿਲਣਗੇ
ਬਿੰਦਰ ਸਿੰਘ ਖੁੱਡੀ ਕਲਾਂ
ਬਰਨਾਲਾ, 19 ਅਕਤੂਬਰ
:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੱਲ ਦੀ ਪੰਜਾਬ ਫੇਰੀ ਦੇ ਸ਼ਡਿਊਲ ਅਨੁਸਾਰ ਸਾ਼ਾਹ ਦੁਪਹਿਰ 12 ਵਜੇ ਮਾਨਸਾ, ਦੁਪਹਿਰ 1:15 ਵਜੇ ਸੰਗਰੂਰ ਅਤੇ ਦੁਪਹਿਰ 3:15 ਵਜੇ ਗੁਰਦਾਸਪੁਰ ਪਹੁੰਚਣਗੇ।ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਵੱਲੋਂ ਮਾਨਸਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਬਿਕਰਮਜੀਤ ਦਾ ਗੁਰਦਾਸਪੁਰ ਵਿੱਚ ਕਤਲ ਹੋਇਆ ਸੀ ਅਤੇ ਗੁਲਜ਼ਾਰ ਸਿੰਘ ਨੇ ਸੰਗਰੂਰ ਵਿੱਚ ਖੁਦਕੁਸ਼ੀ ਕਰ ਲਈ ਸੀ। ਇਹ ਤਿੰਨੇ ਹੀ ਨਸ਼ਾ ਵਿਰੋਧੀ ਕਾਰਕੁੰਨ ਵਜੋਂ ਜਾਣੇ ਜਾਂਦੇ ਸਨ ਅਤੇ ਇਨ੍ਹਾਂ ਘਟਨਾਵਾਂ ਨੇ ਸੂਬੇ ਵਿੱਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ।ਹਾਲਾਂਕਿ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਮਾਨਸਾ ਫੇਰੀ ਨੂੰ ਲੈ ਕੇ ਸਿਆਸੀ ਅਤੇ ਸਥਾਨਕ ਪੱਧਰ 'ਤੇ ਵਿਵਾਦ ਵੀ ਪੈਦਾ ਹੋਇਆ ਸੀ। ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਬਣਾਈ ਐਕਸ਼ਨ ਕਮੇਟੀ ਨੇ ਉਨ੍ਹਾਂ ਦੀ ਮਾਨਸਾ ਫੇਰੀ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। ਕਮੇਟੀ ਵੱਲੋਂ ਸਾਫ਼ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਸਟੇਜ ‘ਤੇ ਨਹੀਂ ਜਾਣ ਦਿੱਤਾ ਜਾਵੇਗਾ।
ਜਦਕਿ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਅੰਦੋਲਨ ਨਾਲ ਜੁੜੇ ਕੁਝ ਲੋਕਾਂ ‘ਤੇ ਉਨ੍ਹਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਪਣੇ ਤੌਰ 'ਤੇ ਫੈਸਲੇ ਲੈਣ ਦੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਲਈ ਇਨਸਾਫ਼ ਪ੍ਰਾਪਤ ਕਰਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜ਼ੀਹ ਹੈ ਅਤੇ ਇਸ ਮਕਸਦ ਲਈ ਸਮਰਥਨ ਦੇਣ ਵਾਲੇ ਕਿਸੇ ਵੀ ਰਾਜਨੀਤਿਕ ਨੇਤਾ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।ਝੋਟਾ ਦੇ ਪਿਤਾ ਨੇ ਅੱਗੇ ਸਪੱਸ਼ਟ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਸਕਦੇ ਹਨ ਅਤੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ 'ਤੇ ਆਉਣ ਦੀ ਲੋੜ ਨਹੀਂ ਹੈ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਹੁਣ ਨਿਯਮਿਤ ਤੌਰ ‘ਤੇ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ ਕਰੇਗੀ। ਉਨ੍ਹਾਂ ਮੰਨਿਆ ਕਿ ਉਹ ਖੁਦ ਪਿਛਲੀਆਂ ਦੋ ਜਾਂ ਤਿੰਨ ਮੀਟਿੰਗਾਂ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ, ਜਿਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਮੀਟਿੰਗਾਂ ਵਿੱਚ ਅਸਲ ਵਿੱਚ ਕੀ ਚਰਚਾ ਹੋਈ ਸੀ। ਪ੍ਰਸ਼ਾਸਨ ਵੱਲੋਂ ਅਮਿਤ ਸ਼ਾਹ ਦੇ ਇਸ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Posted By: Binder Singh Kuddi Kalan