Nazrana Times

ਪੰਜਾਬੀ

ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਪੂਰਾ ਮੁਆਵਜਾ ਦਿੱਤਾ ਜਾਵੇ - ਸ ਤਲਵੰਡੀ।

19 Oct, 2026 06:20 PM

ਮੁਕਤਸਰ ਸਾਹਿਬ 19 ਅਕਤੂਬਰ , ਬਿੰਦਰ ਸਿੰਘ ਖੁੱਡੀ ਕਲਾਂ  - ਯੂਥ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਵਫਦ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਵਫਦ ਵਿੱਚ ਸ ਨਵੀਨਿੰਦਰ ਸਿੰਘ ਲੌਂਗੋਵਾਲ ਅਤੇ ਸ ਅਮਰਿੰਦਰ ਸਿੰਘ ਬੰਨੀ ਬਰਾੜ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਨਾਲ ਸਨ। 

ਇਸ ਦੌਰੇ ਦੌਰਾਨ ਸ ਗੁਰਜੀਤ ਸਿੰਘ ਤਲਵੰਡੀ ਨੇ DC (ਡਿਪਟੀ ਕਮਿਸ਼ਨਰ) ਮੁਕਤਸਰ ਸਾਹਿਬ ਨਾਲ ਫ਼ੋਨ ਰਾਹੀਂ ਗੱਲਬਾਤ ਕਰਕੇ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਗਿਰਦਾਵਰੀ ਕਰਵਾਉਣ ਅਤੇ ਕਿਸਾਨਾਂ ਨੂੰ ਖਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਹ ਵਫਦ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧਿਗਾਣਾ, ਰੁਪਾਣਾ, ਫੂਲੇਵਾਲਾ, ਦਬੜਾ ਅਤੇ ਭੰਗਚੜੀ ਵਿੱਚ ਗੜੇਮਾਰੀ ਤੇ ਤੂਫ਼ਾਨ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਯੂਥ ਆਗੂ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਦੌਰਾ ਕਰ ਰਿਹਾ ਸੀ। ਇਸ ਦੌਰੇ ਵਿੱਚ ਪਤਾ ਲੱਗਿਆ ਕਿ ਗੜੇਮਾਰੀ ਨੇ ਕਿਸਾਨਾਂ ਦੀ ਮਿਹਨਤ ’ਤੇ ਕਿਵੇਂ ਪਾਣੀ ਫੇਰਿਆ ਅਤੇ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਖੜਾ ਕਰ ਦਿੱਤਾ ਹੈ।

 ਸ ਤਲਵੰਡੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਉਹਨਾਂ ਮੰਗ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਦੀ ਇਸ ਘੜੀ ਵਿੱਚ ਕਿਸਾਨਾਂ ਨੂੰ ਸਹਾਰੇ ਅਤੇ ਸਰਕਾਰੀ ਮਦਦ ਦੀ ਸਖ਼ਤ ਲੋੜ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਦੇਰੀ ਨੁਕਸਾਨ ਦਾ ਜਾਇਜ਼ਾ ਲੈ ਕੇ ਪੀੜਤ ਕਿਸਾਨਾਂ ਨੂੰ ਪੂਰੀ ਰਾਹਤ ਦਿੱਤੀ ਜਾਵੇ। 

Posted By: Binder Singh Kuddi Kalan

Latest News