Nazrana Times

ਪੰਜਾਬੀ

ਖ਼ਾਲਿਸਤਾਨ 'ਚ ਕਿਸੇ ਧਰਮ ਗ੍ਰੰਥ ਦੀ ਬੇਅਦਬੀ, ਬਲਾਤਕਾਰ ਤੇ ਦੰਗੇ ਨਹੀਂ ਹੋਣਗੇ, ਸਭ ਧਰਮਾਂ ਨੂੰ ਸਨਮਾਨ ਮਿਲੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

31 Mar, 2025 01:35 AM
ਖ਼ਾਲਿਸਤਾਨ 'ਚ ਕਿਸੇ ਧਰਮ ਗ੍ਰੰਥ ਦੀ ਬੇਅਦਬੀ, ਬਲਾਤਕਾਰ ਤੇ ਦੰਗੇ ਨਹੀਂ ਹੋਣਗੇ, ਸਭ ਧਰਮਾਂ ਨੂੰ ਸਨਮਾਨ ਮਿਲੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ 30 ਮਾਰਚ , ਜੁਗਰਾਜ ਸਿੰਘ ਸਰਹਾਲੀ, ਸੋਧ ਸਿੰਘ ਬਾਜ 

ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ 25 ਮਾਰਚ 1992 ਨੂੰ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਨਰਿੰਦਰ ਸਿੰਘ ਲਾਟੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ, ਪਿੰਡ ਫਤਾਹਪੁਰ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਦਵਿੰਦਰ ਸਿੰਘ ਫਤਾਹਪੁਰ, ਇਸਤਰੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਬੀਬੀ ਰਸ਼ਪਿੰਦਰ ਕੌਰ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫ਼ਤਰ ਸਕੱਤਰ ਮਨਪ੍ਰੀਤ ਸਿੰਘ ਆਜ਼ਾਦ ਨੇ ਪੰਥਕ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਸ਼ਹੀਦ ਭਾਈ ਨਰਿੰਦਰ ਸਿੰਘ ਲਾਟੀ ਦੀ ਭੈਣ ਦਾ ਸਨਮਾਨ ਕੀਤਾ। ਇਸ ਮੌਕੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਖ਼ਾਲਿਸਤਾਨੀ ਸੰਘਰਸ਼ ਅਤੇ ਜੁਝਾਰੂ ਸਿੰਘਾ ਦਾ ਸ਼ਾਨਾਮੱਤਾ ਇਤਿਹਾਸ ਸ੍ਰਵਣ ਕਰਵਾਇਆ। ਉਹਨਾਂ ਨੇ ਸੰਤ ਜਰਨੈਲ ਸਿੰਘ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਵਿਜੇ ਭਾਰਦਵਾਜ ਅਤੇ ਹਿਮਾਚਲ ਦੇ ਅਮਨ ਸੂਦ ਨੂੰ ਵੀ ਆੜੇ ਹੱਥੀਂ ਲਿਆ,ਮ। ਉਹਨਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਦੀ ਲੜਾਈ ਹਿੰਦੂਆਂ ਨਾਲ ਨਹੀਂ, ਬਲਕਿ ਹਿੰਦ ਸਰਕਾਰ ਨਾਲ ਸੀ। ਉਹਨਾਂ ਨੇ ਸਿੱਖ ਰਾਜ ਅਤੇ ਹਿੰਦੁਸਤਾਨੀ ਰਾਜ ਵਿਚਲੇ ਫਰਕਾਂ ਨੂੰ ਵੀ ਸਮਝਾਇਆ। ਉਹਨਾਂ ਦੱਸਿਆ ਕਿ ਸਿੱਖ ਰਾਜ ਵਿੱਚ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਹੋਈ, ਕਿਸੇ ਵੀ ਧਰਮ ਦੀ ਲੜਕੀ ਨਾਲ ਬਲਾਤਕਾਰ ਨਹੀਂ ਹੋਇਆ, ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ ਅਤੇ ਇੱਕ ਵੀ ਦੰਗਾ ਨਹੀਂ ਹੋਇਆ ਤੇ ਸਿੱਖਿਆ ਦਾ ਪ੍ਰਬੰਧ ਵੀ ਬਹੁਤ ਉੱਚਾ ਸੀ। ਉਹਨਾਂ ਇਹ ਵੀ ਦੱਸਿਆ ਕਿ ਅੱਜ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਸਿੱਖਾਂ ਦੇ ਕਕਾਰਾਂ ਤੇ ਪੰਜਾਬੀ ਬੋਲੀ ਉੱਤੇ ਪਾਬੰਦੀਆਂ ਲੱਗ ਰਹੀਆਂ ਹਨ, ਪੰਜਾਬ ਅਤੇ ਭਾਰਤ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਸਿੱਖਾਂ ਅਤੇ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦਾ ਸੁਪਨਾ ਅਵੱਸ਼ ਪੂਰਾ ਹੋਵੇਗਾ ਤੇ ਖਾਲਿਸਤਾਨ ਵਿੱਚ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਵੇਗਾ। ਖ਼ਾਲਿਸਤਾਨ ਵਿੱਚ ਕਿਸੇ ਧਰਮ ਗ੍ਰੰਥ ਦੀ ਬੇਅਦਬੀ, ਬਲਾਤਕਾਰ ਅਤੇ ਦੰਗੇ ਨਹੀਂ ਹੋਣਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਤੇ ਜੁਝਾਰੂ ਸਿੰਘਾਂ ਨੇ ਜੋ ਜੰਗ ਸ਼ੁਰੂ ਕੀਤੀ ਸੀ ਉਹ ਜੰਗ ਓਹੀ ਸੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਾਡੇ ਜੁਝਾਰੂ ਸਿੰਘ ਹੀ ਪੰਥ ਅਤੇ ਪੰਜਾਬ ਦੇ ਅਸਲ ਵਾਰਸ ਅਤੇ ਨਾਇਕ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #