ਅਜ਼ਾਦ ਭਾਰਤ 'ਚ ਗੁਲਾਮ ਨੇ ਸਿੱਖ, ਖ਼ਾਲਿਸਤਾਨ ਦੀ ਸਥਾਪਨਾ ਜ਼ਰੂਰੀ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
02 Feb, 2025 05:30 AM
ਅੰਮ੍ਰਿਤਸਰ, 2 ਫਰਵਰੀ (ਨਜ਼ਰਾਨਾ ਟਾਇਮਸ ਬਿਊਰੋ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਸਰਵਨ ਸਿੰਘ ਲਾਧੂਪੁਰ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲਾਧੂਪੁਰ ਵਿਖੇ ਬਾਪੂ ਗੁਰਚਰਨ ਸਿੰਘ ਫਰੀਡਮ ਫਾਈਟਰ ਸਮਾਰਕ 'ਚ ਉਹਨਾਂ ਦੇ ਪਰਿਵਾਰ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਰਾਗੀ ਭਾਈ ਸਤਨਾਮ ਸਿੰਘ ਤੇ ਰਾਗੀ ਭਾਈ ਮਹਿਕਦੀਪ ਸਿੰਘ ਦੇ ਜਥੇ ਨੇ ਕੀਰਤਨ ਅਤੇ ਕਵੀਸ਼ਰ ਭਾਈ ਅਜੀਤ ਸਿੰਘ ਦਰਦੀ ਦੇ ਜਥੇ ਨੇ ਜੋਸ਼ੀਲਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਉਪਰੰਤ ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਇੰਟਰਨੈਸ਼ਨਲ ਪੰਥਕ ਦਲ ਦੇ ਕਾਰਜਕਾਰੀ ਪ੍ਰਧਾਨ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲੇ, ਜਥੇਦਾਰ ਬਾਬਾ ਸੱਜਣ ਸਿੰਘ ਜੀ (ਵਾੜਾਸ਼ੇਰਸਿੰਘ ਵਾਲੇ), ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਗੁਰਿੰਦਰ ਸਿੰਘ ਬਾਜਵਾ, ਜੁਝਾਰੂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਤੇ ਭਾਈ ਬਖ਼ਤਾਵਰ ਸਿੰਘ ਨੇ ਪੰਥ ਤੇ ਪੰਜਾਬ ਦੇ ਅਜੋਕੇ ਹਲਾਤਾਂ ਸੰਬੰਧੀ ਵਿਚਾਰ ਸਾਂਝੇ ਕੀਤੇ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਪਰ 1947 ਤੋਂ ਬਾਅਦ ਭਾਰਤੀ ਫ਼ੋਰਸਾਂ ਨੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਿਸ ਕਾਰਨ ਸਿੱਖ ਲਗਾਤਾਰ ਸੰਘਰਸ਼ਸ਼ੀਲ ਹਨ। ਅਜ਼ਾਦ ਭਾਰਤ 'ਚ ਸਿੱਖ ਗੁਲਾਮ ਹਨ ਤੇ ਖ਼ਾਲਿਸਤਾਨ ਦੀ ਸਥਾਪਨਾ ਸਿੱਖਾਂ ਲਈ ਬੇਹੱਦ ਜ਼ਰੂਰੀ ਹੈ। ਭਾਈ ਗੁਰਚਰਨ ਸਿੰਘ ਲਾਧੂਪੁਰ ਨੇ ਭਾਰਤ ਦੀ ਅਜ਼ਾਦੀ ਲਈ ਜੇਲ੍ਹਾਂ ਕੱਟੀਆਂ ਤੇ ਤਸ਼ੱਦਦ ਝੱਲਿਆ ਪਰ ਭਾਰਤੀ ਫੋਰਸਾਂ ਨੇ ਉਹਨਾਂ ਦੇ ਸਪੁੱਤਰ ਭਾਈ ਸਰਵਣ ਸਿੰਘ ਲਾਧੂਪੁਰ ਨੂੰ ਹੀ ਸ਼ਹੀਦ ਕਰ ਦਿੱਤਾ। ਜੂਨ 1984 'ਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਸੰਵਿਧਾਨ, ਤਿਰੰਗੇ ਝੰਡੇ, ਜੈ ਹਿੰਦ, 26 ਜਨਵਰੀ ਤੇ 15 ਅਗਸਤ ਨਾਲ ਸਾਡਾ ਕੋਈ ਸੰਬੰਧ ਨਹੀਂ ਰਿਹਾ। ਅਜ਼ਾਦੀ ਲਈ ਸਿੱਖਾਂ ਨੂੰ ਦੋਹਰੀ ਲੜਾਈ ਕਰਨੀ ਪੈ ਰਹੀ ਹੈ, ਸਾਡਾ ਦੇਸ਼ ਓਹੀ ਹੋਵੇਗਾ ਜਿੱਥੇ ਸਾਡਾ ਧਰਮ, ਬੋਲੀ ਤੇ ਸੱਭਿਆਚਾਰ ਮਹਿਫੂਜ਼ ਰਹੇਗਾ।
ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲਿਆਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਲਗਾਤਾਰ ਸਾਡੇ ਨਾਲ ਬੇਇਨਸਾਫ਼ੀਆਂ ਹੋ ਰਹੀਆਂ ਹਨ। ਜਥੇਦਾਰ ਬਾਬਾ ਸੱਜਣ ਸਿੰਘ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਦੇ ਸ਼ਹੀਦਾਂ ਦਾ ਇਕੱਠਾ ਸਮਾਗਮ ਹੋਣਾ ਚਾਹੀਦਾ ਹੈ। ਭਾਈ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਤੇ ਝਾੜੂ ਪਾਰਟੀ ਵਾਲਿਆਂ ਨੇ ਪੰਥ ਤੇ ਪੰਜਾਬ ਨੂੰ ਰੱਜ ਕੇ ਜ਼ਲੀਲ ਕੀਤਾ ਹੈ। ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਕਿਹਾ ਕਿ ਮੈਨੂੰ ਆਪਣੇ ਪਤੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਅਤੇ ਹੋਰਾਂ ਸ਼ਹੀਦਾਂ ਉੱਤੇ ਮਾਣ ਹੈ ਪਰ ਅਫ਼ਸੋਸ ਕਿ ਸੰਘਰਸ਼ ਦੌਰਾਨ ਮੈਨੂੰ ਸ਼ਹਾਦਤ ਪ੍ਰਾਪਤ ਨਹੀਂ ਹੋ ਸਕੀ। ਭਾਈ ਬਖਤਾਵਰ ਸਿੰਘ ਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਮੰਗ ਵੱਧਦੀ ਜਾ ਰਹੀ ਹੈ ਤੇ ਸਿੱਖਾਂ ਵੱਲੋਂ ਅਜ਼ਾਦੀ ਮੰਗਣ ਨੂੰ ਜੁਰਮ ਸਮਝਿਆ ਜਾ ਰਿਹਾ ਹੈ ਪਰ ਇਹ ਸਾਡਾ ਹੱਕ ਹੈ।
ਸਮੂਹ ਪੰਥਕ ਆਗੂਆਂ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦਾਂ ਦੇ ਲਿਖੇ ਜਾ ਰਹੇ ਇਤਿਹਾਸ ਦੀ ਸ਼ਲਾਘਾ ਵੀ ਕੀਤੀ ਅਤੇ ਸ਼ਹੀਦ ਭਾਈ ਸਰਵਨ ਸਿੰਘ ਲਾਧੂਪੁਰ ਦੀ ਦੀ ਸ਼ਹਾਦਤ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਕੁਰਬਾਨੀ ਨੂੰ ਪ੍ਰਣਾਮ ਵੀ ਕੀਤਾ। ਸਮਾਗਮ ਦੀ ਸਮਾਪਤੀ 'ਤੇ 30 ਤੋਂ ਵੱਧ ਸ਼ਹੀਦਾਂ ਦੇ ਪਰਿਵਾਰਾਂ, ਜੁਝਾਰੂ ਸਿੰਘਾਂ, ਧਰਮੀ ਫ਼ੌਜੀਆਂ ਤੇ ਪੰਥਕ ਸ਼ਖਸੀਅਤਾਂ ਦਾ ਸਿਰੋਪੇ, ਦੁਸ਼ਾਲੇ ਤੇ ਸ਼ੀਲਡਾਂ ਨਾਲ ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤੇ।
Posted By: GURBHEJ SINGH ANANDPURI








