Nazrana Times

ਪੰਜਾਬੀ

ਗੁਰਬਾਣੀ ਦੇ ਸ਼ਬਦਾਂ ਦੇ ਗ਼ਲਤ ਅਰਥ ਕਰਕੇ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਮਹਾਂਕੁੰਭ ਇਸ਼ਨਾਨ ਨੂੰ ਸਹੀ ਠਹਿਰਾਉਣਾ ਕਿੰਨਾ ਕੁ ਜਾਇਜ਼ …?

04 Feb, 2025 10:36 PM
ਗੁਰਬਾਣੀ ਦੇ ਸ਼ਬਦਾਂ ਦੇ ਗ਼ਲਤ ਅਰਥ ਕਰਕੇ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਮਹਾਂਕੁੰਭ ਇਸ਼ਨਾਨ ਨੂੰ ਸਹੀ ਠਹਿਰਾਉਣਾ ਕਿੰਨਾ ਕੁ ਜਾਇਜ਼ …?

ਸਭ ਤੋਂ ਪਹਿਲਾਂ ਤੇ ਜੋ ਸਿੰਘ ਦਮਦਮੀ ਟਕਸਾਲ ਨਾਲ ਸੰਬੰਧਿਤ ਹੋ ਕਿ ਵੀ ਤੁਖਾਰੀ ਮਹਲਾ ੪ ਦੇ ਅਰਥ ਗਲਤ ਕਰਦਾ ਹੈ ਤਾਂ ਉਹ ਸਿੱਖ ਕਹਾਉਣ ਦੇ ਕਾਬਿਲ ਨਹੀਂ। ਇਹ ਜੜ੍ਹ ਬੁਧੀ ਪ੍ਰੋ ਸਾਹਿਬ ਸਿੰਘ ਜੀ ਦਾ ਟੀਕਾ ਲੈ ਕੇ ਜਿਸ ਵਿੱਚ ਇੱਕ ਇੱਕ ਸ਼ਬਦ ਦੇ ਅਰਥ ਹਨ ਤੇ ਭਾਵ ਅਰਥ ਨਹੀਂ ਹਨ ਉਸ ਵਿੱਚੋਂ ਹਵਾਲੇ ਦੇ ਕੇ ਇਹ ਸਾਬਿਤ ਕਰ ਰਹੇ ਹਨ ਕਿ ਗੁਰੂ ਸਾਹਿਬ ਜੀ ਵੀ ਤੀਰਥਾਂ ਦੇ ਇਸ਼ਨਾਨ ਕਰਨ ਗਏ ਸਨ। ਤੇ ਆਪਣੇ ਵਾਲੇ ਬਾਬੇ ਦੀ ਤੁਲਨਾ ਗੁਰੂ ਸਾਹਿਬਨਾਂ ਨਾਲ ਕਰ ਰਹੇ ਹਨ। ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਸਤਿਕਾਰ ਯੋਗ ਹਨ। ਉਹਨਾਂ ਦੀ ਇਸ ਬਾਰੇ ਅਜੇ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਤੇ ਅਤੇ ਅਸੀਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਦਾ ਉਥੇ ਜਾਣ ਦਾ ਮਨੋਰਥ ਕੀ ਸੀ। ਮਨੋਰਥ ਜੋ ਵੀ ਹੋਵੇ ਪਰ ਸਿੱਖੀ ਰਹੁ ਰੀਤਾਂ ਤੋਂ ਉਲਟ ਜੋ ਕਾਰਜ ਹੋਇਆ। ਉਸ ਲਈ ਉਹਨਾਂ ਨੂੰ ਪੰਥ ਦੇ ਸਾਹਮਣੇ ਆਪਣਾ ਪੱਖ ਰੱਖ ਕੇ ਮੁਆਫੀ ਯਾਜਨਾ ਕਰ ਲੈਣੀ ਚਾਹੀਦੀ ਹੈ। ਪਰ ਉਹਨਾਂ ਦੇ ਆਲੇ ਦੁਆਲੇ ਘੇਰਾ ਘੱਤੀ ਇਹ ਲਾਣਾ ਆਪਣੀ ਨਵੀਂ ਫਿਲਾਸਫੀ ਲੈ ਕੇ ਆ ਗਿਆ। ਤੇ ਬਾਬਾ ਜੀ ਨੂੰ ਗੁਰੂ ਬਰਾਬਰ ਲਿਆ ਖੜਾ ਕਰ ਰਿਹਾ। ਜੋ ਕਿ ਪੰਥ ਵਿੱਚ ਕਦੇ ਵੀ ਬਰਦਾਸ਼ਤ ਯੋਗ ਨਹੀਂ ਹੈ। ਤੁਖਾਰੀ ਮਹਲਾ ੪ ਦੇ ਨਾਲ ਜੁੜੀ ਸਾਖੀ ਦਾ ਵੀ ਵਰਨਣ ਇਸ ਸਲੋਕ ਦੇ ਅਖੀਰ ਵਿੱਚ ਕਰਾਂਗਾ।

 ਤੁਖਾਰੀ ਮਹਲਾ ੪ 

ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ।। 

ਹੇ ਭਾਈ! ਜੋ ਗੁਰ= ਪੂਜਨੀਕ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਸਭ ਨੂੰ ਦਰਸੁ= ਦਰਸ਼ਨ ਪ੍ਰਾਪਤ ਭਇਆ= ਹੋਇਆ ਹੈ, ਇਹੋ ਹੀ ਅਭੀਚੁ=ਅਭਿਜਿਤ ਨਛ੍ਰੱਤ (ਇਹ ਗੰਗਾ ਦੇ ਜਨਮ ਵਾਲਾ ਦਿਨ ਮੰਨਿਆ ਜਾਂਦਾ ਹੈ) ਵਾਲੇ ਪੁਰਬ ਦੇ ਦਿਹਾੜੇ ਦਾ ਨਾਵਣੁ= ਨਹਾਉਣਾ ਹੈ ਅਧਵਾ ਅਭਿਜਿਤ ਨਛ੍ਰੱਤ ਦੇ ਪੁਰਬ ਪਰ ਨਹਾਉਣ ਲਈ ਲੋਕ ਗੰਗਾ ਉਪਰ ਇਕੱਠੇ ਹੋ ਰਹੇ ਸਨ, ਉਹ ਅਨੇਕਾਂ ਸੰਗਤਾਂ ਨੂੰ ਪੂਜਨੀਕ ਸਤਿਗੁਰਾਂ ਦਾ ਦਰਸ਼ਨ ਪ੍ਰਾਪਤ ਹੋਇਆ।

 ਗੁਰਮਤਿ ਮੈਲੁ ਹਰੀ  ਅਗਿਆਨੁ ਅੰਧੇਰੁ ਗਇਆ।। 

ਸਤਿਗੁਰਾਂ ਨੇ ਸਿੱਖਾਂ, ਸੰਗਤਾਂ ਦੀ ਦੁਰਮਤਿ= ਖੋਟੀ ਮਤ ਰੂਪੀ ਮੈਲੁ=ਮਲੀਨਤਾਈ ਹਰੀ= ਨਾਸ਼ ਕਰ ਦਿੱਤੀ ਅਤੇ ਸਿੱਖਾਂ ਦੇ ਅੰਦਰੋਂ ਅਗਿਆਨ ਦਾ ਅੰਧੇਰੁ= ਹਨੇਰਾ ਵੀ ਚਲਿਆ ਗਿਆ।

  ਗੁਰ ਦਰਸੁ ਪਾਇਆ, ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ।।

ਜਿਨ੍ਹਾਂ ਨੇ ਵੀ ਸ਼ਰਧਾ ਭਾਵਨਾ ਦੇ ਨਾਲ ਗੁਰਾਂ ਦਾ ਦਰਸ= ਦਰਸ਼ਨ ਪਾਇਆ= ਪਾਉਣਾ ਕੀਤਾ ਹੈ, ਉਨ੍ਹਾਂ ਨੇ ਆਪਣੇ ਅੰਦਰੋਂ ਅਗਿਆ ਗਵਾਇਆ= ਗੁਆ ਲਿਆ ਸੀ ਅਤੇ ਉਨ੍ਹਾਂ ਦੇ ਹਿਰਦੇ ਅੰਤਰਿ= ਵਿਚ ਪਰਮਾਤਮਾ ਦੀ ਜੋਤਿ= ਗਿਆਤ ਪ੍ਰਗਾਸੀ= ਪ੍ਰਗਟ ਹੋ ਗਈ।

  ਜਨਮ ਮਰਣ ਦੁਖ, ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ।।

ਉਨ੍ਹਾਂ ਦੇ ਜਨਮ-ਮਰਨ ਆਦਿ ਦੇ ਦੁਖ ਇਕ ਖਿਨ= ਛਿਨ ਮਹਿ= ਵਿਚ ਹੀ ਬਿਨਸੇ= ਨਾਸ਼ ਹੋ ਗਏ ਸਨ ਅਤੇ ਉਨ੍ਹਾਂ ਨੇ ਅਬਿਨਾਸੀ = ਨਾਸ਼ ਤੋਂ ਰਹਿਤ ਹਰਿ= ਹਰੇ-ਭਰੇ ਕਰਨ ਵਾਲੇ ਪ੍ਰਭੁ= ਪਰਮਾਤਮਾ ਨੂੰ ਪਾਇਆ= ਪਾਉਣਾ ਕੀਤਾ। 

ਹਰਿ ਆਪਿ ਕਰਤੈ ਪੁਰਬੁ ਕੀਆ  ਸਤਿਗੁਰੂ ਕੁਲਖੇਤਿ ਨਾਵਣਿ ਗਇਆ।। 

ਕਰਤੈ= ਕਰਤਾ ਪੁਰਖ ਹਰਿ= ਪਰਮਾਤਮਾ ਨੇ ਇਹ ਆਪ ਹੀ ਪੁਰਬ ਦਾ ਦਿਹਾੜਾ ਲਿਆਉਣਾ ਕੀਆ= ਕੀਤਾ ਹੈ ਵਾ: ਗੁਰਾਂ ਦੇ ਦਰਸ਼ਨਾਂ ਦਾ ਪੁਰਬੁ= ਮਹਾਤਮ ਹਰੀ ਨੇ ਆਪ ਹੀ ਲਿਆਉਣਾ ਕੀਤਾ ਹੈ, ਜਦੋਂ ਸਤਿਗੁਰੂ ਜੀ ਪੁਰਬ ਦਾ ਨਾਵਣ= ਇਸ਼ਨਾਨ ਸਮੇਂ ਕੁਲਖੇਤਿ= ਕੁਰੁਕਛੇਤਰ ਵਿਚ ਗਇਆ= ਗਏ ਸਨ।

  ਨਾਵਣੁ ਪੁਰਬੁ ਅਭੀਚੁ  ਗੁਰ ਸਤਿਗੁਰ ਦਰਸੁ ਭਇਆ।।੧।। 

ਇਸ ਪ੍ਰਕਾਰ ਅਭੀਚੁ= ਅਭਿਜਿਤ ਨਛੱਤਰ ਦੇ ਪੁਰਬ ਪਰ ਨਹਾਉਣ ਲਈ ਲੋਕ ਗੰਗਾ ਉਪਰ ਇਕੱਠੇ ਹੋ ਰਹੇ ਸਨ, ਤਦੋਂ ਉਥੇ ਸਭ ਸੰਗਤਾਂ ਨੂੰ ਗੁਰ= ਪੂਜਨੀਕ ਸਤਿਗੁਰਾਂ ਦਾ ਦਰਸ= ਦਰਸ਼ਨ ਪ੍ਰਾਪਤ ਭਇਆ=ਹੋਇਆ।।੧।। 

ਮਾਰਗਿ ਪੰਥਿ ਚਲੇ ਗੁਰ  ਸਤਿਗੁਰ ਸੰਗਿ ਸਿਖਾ।। 

ਗੁਰੂ ਜੀ ਪੰਥਿ= ਪੰਥੀ, ਰਾਹੀ ਬਣ ਕੇ ਕੁਰੁਕਛੇਤਰ ਦੇ ਮਾਰਗਿ= ਰਸਤੇ ਵੱਲ ਚਲੇ= ਚੱਲ ਪਏ ਅਤੇ ਸਤਿਗੁਰਾਂ ਦੇ ਸੰਗਿ= ਨਾਲ ਅਨੇਕਾਂ ਸਿਖਾ= ਸਿੱਖ ਵੀ ਗਏ ਅਥਵਾ ਜਿਸ ਰਸਤੇ ਵਿਚ ਸਤਿਗੁਰੂ ਜੀ ਚੱਲੇ ਹਨ, ਉਸੇ ਪੰਥਿ= ਰਸਤੇ ਵਿਚ ਸਤਿਗੁਰਾਂ ਦੇ ਨਾਲ ਅਨੇਕਾਂ ਸਿੱਖ ਅਤੇ ਹੋਰਨਾਂ ਲੋਕਾਂ ਦਾ ਸੰਗਿ= ਸਮੁਦਾਯ ਵੀ ਹੀ ਹੈ।

 ਅਨਦਿਨੁ ਭਗਤਿ ਬਣੀ: ਖਿਨੁ ਖਿਨੁ ਨਿਮਖ ਵਿਖਾ।।

ਉਸ ਵੇਲੇ ਅਨਦਿਨੁ= ਰਾਤ ਦਿਨ ਪਰਮਾਤਮਾ ਦੀ ਭਗਤੀ ਬਣੀ ਹੋਈ ਸੀ, ਸਾਰੀ ਸੰਗਤ ਖਿਨੁ ਖਿਨੁ= ਛਿਨ-ਛਿਨ ਕਾਲ ਨਿਮਖ= ਅੱਖ ਦੇ ਝਮਕਣ ਜਿਤਨਾ ਸਮਾਂ ਅਤੇ ਵਿਖਾ= ਕਦਮ-ਕਦਮ ਤੇ ਸਿਮਰਨ ਕਰਦੀ ਸੀ। 

ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ  ਸਭੁ ਲੋਕੁ ਵੇਖਣਿ ਆਇਆ।। 

ਹਰਿ= ਹਰੇਕ ਨੂੰ ਹਰਿ= ਹਰੇ-ਭਰੇ ਕਰਨ ਵਾਲੇ ਪ੍ਰਭ= ਪਰਮਾਤਮਾ ਦੀ ਐਸੀ ਭਗਤਿ= ਭਗਤੀ ਬਣੀ ਕਿ ਸਭੁ= ਸਾਰੇ ਲੋਕਾਅ ਨੇ ਹੀ ਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਆਇਆ= ਆਉਣਾ ਕੀਤਾ।

 ਜਿਨ ਦਰਸੁ ਸਤਿਗੁਰ ਗੁਰੂ ਕੀਆ  ਤਿਨ ਆਪਿ ਹਰਿ ਮੇਲਾਇਆ।।

ਜਿਨ= ਜਿਨ੍ਹਾਂ ਨੇ ਗੁਰੂ= ਪੂਜਨੀਕ ਸਤਿਗੁਰ= ਸੱਚੇ ਗੁਰਾਂ ਦਾ ਦਰਸੁ= ਦਰਸ਼ਨ ਕੀਆ= ਕੀਤਾ ਸੀ, ਤਿਨ= ਉਨ੍ਹਾਂ ਨੂੰ ਹਰਿ= ਪਰਮਾਤਮਾ ਨੇ ਆਪ ਆਪਣੇ ਨਾਲ ਮੇਲਾਇਆ= ਮਿਲਾਉਣਾ ਕੀਤਾ।

  ਤੀਰਥ ਉਦਮੁ ਸਤਿਗੁਰੂ ਕੀਆਸਭ ਲੋਕ ਉਧਰਣ ਅਰਥਾ।।

ਇਸ ਪ੍ਰਕਾਰ ਸਭ= ਸਾਰੇ ਲੋਕਾਂ ਦੇ ਉਧਰਣ= ਉਧਾਰਨੇ ਅਰਥਾ= ਵਾਸਤੇ ਸਤਿਗੁਰੂ ਜੀ ਨੇ ਤੀਰਥਾਂ ਤੇ ਜਾਣ ਦਾ ਉੱਦਮ ਕੀਆ= ਕੀਤਾ। 

ਮਾਰਗਿ ਪੰਥਿ ਚਲੇ ਗੁਰ: ਸਤਿਗੁਰ ਸੰਗਿ ਸਿਖਾ।।੨।।

 ਇਸ ਪ੍ਰਕਾਰ ਪੰਥਿ=ਪੰਥੀ ਹੋ ਕੇ ਜਿਸ ਮਾਰਗਿ= ਰਸਤੇ ਵੱਲ ਚੱਲੇ ਸਨ, ਉਤੇ ਗੁਰ= ਪੂਜਨੀਕ ਸਤਿਗੁਰਾਂ ਦੇ ਸੰਗਿ= ਨਾਲ ਬੇਅੰਤ ਸਿਖਾ= ਸਿੱਖ ਵੀ ਗਏ ਸਨ।।੨।।

ਪ੍ਰਥਮ ਆਏ ਕੁਲਖੇਤਿ ਗੁਰ਼; ਸਤਿਗੁਰ ਪੁਰਬੁ ਹੋਆ।।

ਪ੍ਰਥਮ= ਪਹਿਲਾਂ ਸਤਿਗੁਰੂ ਸਾਹਿਬ ਜੀ ਕੁਲਖੇਤਿ= ਕੁਰੁਕਛੇਤਰ ਵਿਚ ਆਏ ਸਨ। ਸਤਿਗੁਰਾਂ ਦੇ ਆਉਣ ਨਾਲ ਉਹ ਦਿਨ ਪੁਰਬੁ= ਮਹਾਤਮ ਵਾਲਾ ਹੋਆ= ਹੋ ਗਿਆ ਵਾ: ਸਤਿਗੁਰਾਂ ਦਾ ਪੁਰਬ ਲੱਗਿਆ ਹੋਇਆ ਸੀ, ਭਾਵ ਸਾਰੇ ਗੁਰਾਂ ਦਾ ਦਰਸ਼ਨ ਕਰ ਰਹੇ ਸਨ।

ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ।।

 ਸਤਿਗੁਰਾਂ ਦੇ ਤੀਰਥਾਂ ਉਪਰ ਆਉਣ ਦੀ ਖਬਰ ਸਾਰੇ ਸੰਸਾਰਿ= ਜਗਤ ਵਿਚ ਭਾਵ ਦੂਰ-ਦੂਰ ਤਕ ਭਈ= ਹੋ ਗਈ, ਫੈਲ ਗਈ ਅਤੇ ਤ੍ਰੈ= ਤਿੰਨਾਂ ਲੋਕਾਂ ਦੇ ਜੀਵ ਵਾ: ਤਿੰਨਾਂ ਸੁਭਾਵਾਂ(ਰਾਜਸੀ,ਤਾਮਸੀ,ਸਾਂਤਕੀ) ਵਾਲੇ ਲੋਕ ਦਰਸ਼ਨ ਲਈ ਆਏ।

ਦੇਖਣਿ ਆਏ ਤੀਨਿ ਲੋਕ; ਸੁਰਿ ਨਰ ਮੁਨਿ ਜਨ ਸਭ ਆਇਆ।।

ਤੀਨਿ= ਤਿੰਨਾਂ ਲੋਕਾਂ ਦੇ ਜੀਵ ਸਤਿਗੁਰਾਂ ਦੇ ਦਰਸ਼ਨ ਦੇਖਣਿ= ਵੇਖਣ ਲਈ ਆਏ, ਸੁਰਿ=ਦੇਵਤੇ, ਨਰ=ਮਨੁੱਖ, ਮੁਨਿ=ਮੁਨੀ, ਜਨ=ਭਗਤ ਆਦਿ ਵਾ: ਸੁਰਿ= ਦੈਵੀ ਸੰਪਦਾ ਵਾਲੇ ਮਨੁੱਖ ਤੇ ਮੁਨਿ=ਮੰਨਣਸ਼ੀਲ ਮਹਾਤਮਾ ਜਨ ਆਦਿ ਸਭਿ= ਸਾਰਿਆਂ ਨੇ ਆਇਆ= ਆਉਣਾ ਕੀਤਾ।

ਜਿਨ ਪਰਸਿਆ ਗੁਰ ਸਤਿਗੁਰੂ ਪੂਰਾ; ਤਿਨ ਕੇ ਕਿਲਵਿਖ ਨਾਸ ਗਵਾਇਆ।।

ਜਿਨ= ਜਿਨ੍ਹਾਂ ਮਨੁੱਖਾਂ ਨੇ ਵੀ ਗੁਰੁ= ਪੂਜਨੀਕ ਪੂਰਾ= ਪੂਰਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਰਸਿਆ= ਪਰਸਨਾ ਕੀਤਾ, ਗੁਰਾਂ ਨੇ ਤਿਨ= ਉਨ੍ਹਾਂ ਕੇ= ਦੇ ਸਾਰੇ ਕਿਲਵਿਖ= ਪਾਪਾਂ ਨੂੰ ਨਾਸ਼ ਕਰਕੇ ਗਵਾਇਆ= ਗਵਾ ਦਿੱਤਾ।

 ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ; ਕਰਿ ਗਏ ਗੋਸਟਿ ਢੋਆ।।

 ਜੋਗੀ= ਜੋਗ ਮਤ ਨੂੰ ਧਾਰਨ ਵਾਲੇ, ਦਿਗੰਬਰ (ਦਿਗ+ਅੰਬਰ) ਦਿਗ= ਦਿਸ਼ਾ ਨੂੰ ਅੰਬਰ= ਬਸਤਰ ਬਨਾਉਣ ਵਾਲੇ ਨਾਂਗੇ ਤੇ ਸੰਨਿਆਸੀ= ਦੱਤਾ ਤ੍ਰੇਉ ਦੇ ਮਤ ਵਾਲੇ ਆਦਿ ਖਟੁ ਦਰਸਨ= ਛੇ ਭੇਖਾਂ ਵਾਲੇ ਗੁਰਾਂ ਨੂੰ ਢੋਆ= ਮਿਲਾਪ ਤੇ ਗੋਸਟਿ= ਵਿਚਾਰ ਕਰਕੇ ਚਲੇ ਗਏ ਸਨ ਵਾ: ਢੋਆ= ਭੇਟਾ ਰੱਖ ਕੇ ਅਤੇ ਵਿਚਾਰ ਕਰਦੇ ਗਏ ਸਨ।

ਪ੍ਰਥਮ ਆਏ ਕੁਲਖੇਤਿ ਗੁਰ; ਸਤਿਗੁਰ ਪੁਰਬੁ ਹੋਆ।।੩।।

 ਇਸ ਪ੍ਰਕਾਰ ਗੁਰੂ ਸਾਹਿਬ ਜੀ ਪ੍ਰਥਮ= ਪਹਿਲਾਂ ਕੁਲਖੇਤਿ= ਕੁਰੁਕਛੇਤਰ ਵਿਚ ਆਏ ਸਨ। ਸਤਿਗੁਰਾਂ ਦੇ ਆਉਣ ਨਾਲ ਉਹ ਦਿਨ ਪੁਰਬੁ= ਮਹਾਤਮ ਵਾਲਾ ਹੋਆ= ਹੋ ਗਿਆ।।੩।।

 ਦੁਤੀਆ ਜਮੁਨ ਗਏ ਗੁਰਿ; ਹਰਿ ਹਿਰ ਜਪਨੁ ਕੀਆ।।

 ਫੇਰ ਗੁਰੂ ਜੀ ਦੁਤੀਆ= ਦੁਸਰੇ ਜਮੁਨ=ਜਮਨਾ ਤੀਰਥ ਉਪਰ ਗਏ। ਸਭ ਸੰਗਤਾਂ ਨੇ ਹਰਿ ਹਰਿ= ਹਰੇ-ਭਰੇ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਜਪਨੁ= ਜਪਣਾ ਕੀਆ=ਕੀਤਾ।

 ਜਾਗਾਤੀ ਮਿਲੇ ਦੇ ਭੇਟ; ਗੁਰ ਪਿਛੈ, ਲੰਘਾਇ ਦੀਆ।।

 ਜਾਗਾਤੀ= ਜ਼ਕਾਤ ਲਾਣ ਵਾਲੇ ਮਸੂਲੀਏ ਵੀ ਗੁਰਾਂ ਦਾ ਪ੍ਰਤਾਪ ਦੇਖ ਕੇ(ਵਾ: ਅਕਬਰ ਦੇ ਹੁਕਮ ਅਨੁਸਾਰ) ਭੇਟਾ ਦੇ ਕੇ ਗੁਰੂ ਜੀ ਨੂੰ ਮਿਲੇ ਅਤੇ ਗੁਰਾਂ ਦੇ ਪਿਛੈ= ਮਗਰ ਸਾਰੀ ਸੰਗਤ ਨੂੰ ਹੀ ਲੰਘਾਇ= ਪਾਰ ਲੰਘਾ ਦੀਆ= ਦਿੱਤਾ।

 ਸਭ ਛੁਟੀ ਸਤਿਗੁਰੂ ਪਿਛੈ; ਜਿਨਿ ਹਰਿ ਹਰਿ ਨਾਮੁ ਧਿਆਇਆ।।

 ਜਿਨਿ= ਜਿਨ੍ਹਾਂ ਨੇ ਵੀ ਹਰਿ ਹਰਿ ਨਾਮ ਨੂੰ ਧਿਆਇਆ= ਸਿਮਰਨਾ ਕੀਤਾ, ਉਹ ਸਤਿਗੁਰਾਂ ਦੇ ਪਿਛੈ= ਮਗਰ ਤੁਰਨ ਵਾਲੀ ਸਭ= ਸਾਰੀ ਸੰਗਤ ਵੀ ਛੁਟੀ= ਛੁੱਟ ਗਈ ਭਾਵ ਕਿਸੇ ਕੋਲ਼ੋਂ ਵੀ ਕੋਈ ਮਸੂਲ ਨਹੀਂ ਲਿਆ ਗਿਆ।

 ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ; ਤਿਨ ਜਮੁ ਜਾਗਾਤੀ ਨੇੜਿ ਨ ਆਇਆ।।

 ਜੋ= ਜਿਹੜੇ ਵੀ ਗੁਰਾਂ ਦੇ ਬਚਨਾਂ ਰੂਪੀ ਮਾਰਗਿ= ਰਸਤੇ ਦੇ ਪੰਥਿ= ਰਾਹੀ ਹੋ ਕੇ ਚਾਲੇ= ਚੱਲੇ ਹਨ (ਵਾ: ਸੰਸਾਰ ਦੇ ਰਸਤੇ ਅੰਦਰ ਜੋ ਗੁਰਾਂ ਦੇ ਬਚਨਾਂ ਨੂੰ ਮੰਨ ਕੇ ਭਾਉ-ਭਗਤੀ ਦੇ ਪੰਥਿ= ਰਸਤੇ ਉਪਰ ਚੱਲੇ ਹਨ, ਤਿਨ= ਉਨ੍ਹਾਂ ਦੇ ਕਰਮਾਂ-ਧਰਮਾਂ ਦੀ ਜਾਗਾਤੀ= ਜ਼ਕਾਤ ਲੈਣ ਵਾਲਾ ਜਮ ਵੀ ਨੇੜਿ= ਕੋਲ ਨਹੀਂ ਆਇਆ= ਆਉਂਦਾ।

 ਸਭ ਗੁਰੂ ਗੁਰੂ, ਜਗਤ ਬੋਲੇ; ਗੁਰ ਕੈ ਨਾਇ ਲਇਐ, ਸਭਿ ਛੁਟਕਿ ਗਇਆ।।

 ਸਭ= ਸਾਰਾ ਜਗਤੁ= ਸੰਗਾਰ ਹੀ ਧੰਨ ਗੁਰੂ, ਧੰਨ ਗੁਰੂ ਬੋਲੈ= ਬੋਲ ਰਿਹਾ ਸੀ, ਗੁਰਾਂ ਕੈ= ਦੇ ਨਾਇ= ਨਾਮ ਨੂੰ ਲਇਐ= ਲੈਣ ਕਰਕੇ ਸਭਿ= ਸਾਰੇ ਹੀ ਜਾਗਾਤੀਆਂ ਤੋਂ ਛੁਟਕਿ= ਛੁੱਟ ਗਿਆ= ਗਏ।

 ਦੁਤੀਆ ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ।।੪।।

 ਇਸ ਪ੍ਰਕਾਰ ਗੁਰੂ ਜੀ ਦੁਤੀਆ= ਦੁਸਰੇ ਜਮੁਨ= ਜਮਨਾ ਤੀਰਥ ਉਪਰ ਗਏ ਅਤੇ ਸਭ ਸੰਗਤਾਂ ਨੇ ਹਰਿ ਹਰਿ= ਹਰੇ-ਭਰੇ ਕਰਨ ਵਾਲ ਪਰਮਾਤਮਾ ਦੇ ਨਾਮ ਨੂੰ ਜਪਨੁ= ਜਪਣਾ ਕੀਆ= ਕੀਤਾ।।੪।।

 ਤ੍ਰਿਤੀਆ ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ।।

 ਫੇਰ ਸਤਿਗੁਰੂ ਜੀ ਤ੍ਰਿਤੀਆ= ਤੀਸਰੇ ਤੀਰਥ ਸੁਰਸਰੀ= ਗੰਗਾ ਵਿਚ ਆਏ, ਤਹ= ਉਥੇ ਚਲਤੁ= ਅਸਚਰਜ ਕਉਤਕ= ਤਮਾਸ਼ਾ ਭਇਆ= ਹੋਇਆ।

 ਸਭ ਮੋਹੀ ਦੇਖਿ ਦਰਸਨੁ ਗੁਰ ਸੰਤ; ਕਿਨੈ ਆਢਾ ਨ ਦਾਮੁ ਲਇਆ।।

 ਸੰਤ=ਸ਼ਾਂਤ ਚਿੱਤ ਗੁਰੂ ਸਾਹਿਬ ਜੀ ਦਾ ਦਰਸਨੁ= ਦੀਦਾਰ ਦੇਖਿ= ਵੇਖ ਕਰਕੇ ਸਭੁ= ਸਾਰੀ ਸ੍ਰਿਸ਼ਟੀ ਹੀ ਮੋਹੀ= ਮੋਹਿਤ ਹੋ ਗਈ, ਕਿਨੈ= ਕਿਸੇ ਮਸੂਲੀਏ ਨੇ ਆਢੁ= ਅੱਧੀ ਦਾਮ= ਦਮੜੀ ਨੂੰ ਵੀ ਲਇਆ= ਲੈਣਾ ਨਹੀਂ ਕੀਤਾ।

 ਆਢੁ ਦਾਮੁ ਕਿਛੁ ਪਇਆ ਨ ਬੋਲਕ; ਜਾਗਾਤੀਆ ਮੋਹਣ ਮੁੰਦਣਿ ਪਈ।।

 ਉਨਾਂ ਦੀਆਂ ਬੋਲਕ=ਗੋਲਕਾਂ (ਵਾ: ਬੋਲਕ= ਬੋਲ ਕੇ ਮਸੂਲ ਲੈਣ ਵਾਲਿਆਂ ਦੀਆਂ ਸੰਦੂਕੀਆਂ ਵਿਚ ਕਿਛੁ= ਕੁਝ, ਆਢੁ= ਅੱਧੀ ਦਾਮੁ=ਦਮੜੀ ਜਿਤਨਾ ਧਨ ਵੀ ਨਹੀਂ ਪਇਆ=ਪਿਆ, ਉਨਾਂ ਜਾਗਾਤੀਆ= ਮਸੂਲੀਆਂ ਨੂੰ ਮੋਹਣ= ਮੋਹ ਰੂਪੀ ਮੁੰਦਣਿ=ਮੋਂਦ, ਬੰਦੀ ਪਈ= ਪੈ ਗਈ ਭਾਵ ਗੁਰਾਂ ਦੇ ਦਰਸ਼ਨ ਕਰਕੇ ਮੋਹੇ ਗਏ ਤੇ ਸਭ ਦੇ ਖਾਮੋਸ਼ੀ ਛਾ ਗਈ। ਉਹ ਸਾਰੇ ਆਪਸ ਵਿਚ ਇਉਂ ਗੱਲਾਂ ਕਰਦੇ ਸਨ ਕਿ: 

ਭਾਈ ਹਮ ਕਰਹ ਕਿਆ, ਕਿਸੁ ਪਾਸਿ ਮਾਂਗਹ; ਸਭ ਭਾਗਿ ਸਤਿਗੁਰ ਪਿਛੈ ਪਈ।।

 ਹੇ ਭਾਈ= ਭਰਾਵੋ! ਹਮ= ਅਸੀਂ ਕਿਆ= ਕੀ ਕਰਹ= ਕਰ ਸਕਦੇ ਹਾਂ ਅਤੇ ਕਿਸ ਦੇ ਪਾਸ= ਕੋਲ਼ੋਂ ਮਸੂਲ ਮਾਂਗਹ= ਮੰਗਣਾ ਕਰੀਏ, ਕਿਉਂਕਿ ਸਭ= ਸਾਰੀ ਸ੍ਰਿਸ਼ਟੀ ਹੀ ਭਾਗਿ= ਭੱਜ ਕਰਕੇ ਸਤਿਗੁਰਾਂ ਦੇ ਪਿਛੈ= ਮਗਰ ਪਈ ਹੋਈ ਹੈ।

 ਜਾਗਾਤੀਆ ਉਪਾਅ ਸਿਆਣਪ ਕਰਿ ਵੀਚਾਰੁ ਡਿਠਾ; ਭੰਨਿ ਬੋਲਕਾ ਸਭਿ ਉੱਠਿਆ ਗਇ।।

 ਫੇਰ ਉਨ੍ਹਾਂ ਜਾਗਾਤੀਆਂ= ਮਸੂਲੀਆਂ ਨੇ ਇਕ ਉਪਾਵ= ਯਤਨ ਕੀਤਾ ਅਤੇ ਆਪਣੀ ਸਿਆਣਪ= ਚਤੁਰਾਈ ਨਾਲ ਵੀਚਾਰ ਕਰਿ= ਕਰਕੇ ਡਿਠਾ= ਦੇਖਿਆ(ਭਾਵ ਮਸੂਲ ਵਾਸਤੇ ਬੈਠੇ ਸਨ, ਪਰ ਸਤਿਗੁਰਾਂ ਦੇ ਹੁਕਮ ਅਨੁਸਾਰ ਮੂਲ-ਮੰਤਰ ਤੇ ਗੁਰ-ਮੰਤਰ ਸੁਣਾ ਕਰਕੇ ਕਿਸੇ ਤੋਂ ਵੀ ਮਸੂਲ ਪ੍ਰਾਪਤ ਨਾ ਹੋਇਆ) ਤਦੋਂ ਉਹ ਆਪਣੀਆਂ ਬੋਲਕਾ= ਗੋਲਕਾਂ ਨੂੰ ਭੰਨਿ= ਤੋੜਿ ਕੇ ਸਭਿ= ਸਾਰੇ ਉੱਠ ਕੇ ਗਿਆ= ਚਲੇ ਗਏ। ਗੋਲਕਾਂ ਭੰਨਣ ਦਾ ਪ੍ਰਯੋਜਨ ਇਹ ਸੀ ਕਿ ਬਾਦਸ਼ਾਹ ਅਕਬਰ ਅੱਗੇ ਅਰਜੋਈ ਕਰਕੇ ਠੇਕਾ ਮਾਫ ਕਰਵਾ ਲਵਾਂਗੇ। ਜੇਕਰ ਗੋਲਕਾਂ ਸਾਬਤ ਹੋਣਗੀਆਂ ਤਾਂ ਲੇਖਾ ਮੁਆਫ ਨਹੀਂ ਹੋਵੇਗਾ।

 ਤ੍ਰਿਤੀਆ ਆਏ ਸੁਰਸਤੀ; ਤਹ ਕਉਤਕੁ ਚਲਤੁ ਭਇਆ।।੫।। 

ਇਸ ਪ੍ਰਕਾਰ ਫੇਰ ਸਤਿਗੁਰੂ ਜੀ ਤ੍ਰਿਤੀਆ= ਤੀਸਰੇ ਤੀਰਥ ਸੁਰਸਰੀ= ਗੰਗਾ ਵਿਚ ਆਏ, ਤਹ= ਉਥੇ ਚਲਤੁ= ਅਸਚਰਜ ਹੀ ਇਹ ਕਉਤਕੁ=ਤਮਾਸ਼ਾ ਭਇਆ= ਹੋਇਆ।।੫।।

 ਮਿਲਿ ਆਏ ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ।।

 ਫੇਰ ਜਦੋਂ ਗੁਰੂ ਜੀ ਕਨਖਲ ਪਹੁੰਚੇ, ਤਦੋਂ ਉਤੇ ਜੁਆਲਾਪੁਰ ਨਗਰ ਦੇ ਮਹਾ= ਸ੍ਰੇਸ਼ਟ ਮਹਾਤਮਾ ਜਨ ਮਿਲ ਕਰਕੇ ਆਏ, ਉਨ੍ਹਾਂ ਸਾਰਿਆਂ ਨੇ ਗੁਰ= ਪੂਜਨੀਕ ਸਤਿਗੁਰਾਂ ਦੀ ਓਟ= ਟੇਕ ਗਹੀ= ਗ੍ਰਹਿਣ ਕੀਤੀ।

 ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ; ਸਿਮ੍ਰਿਤ ਕੀਤਾ ਸਹੀ।।

 ਉਨਾਂ ਨੇ ਗੁਰੁ= ਪੂਜਨੀਕ ਸਤਿਗੁਰਾਂ ਤੋਂ ਪੁਛਿ= ਪੁੱਛਿਆ ਕਿ ਗੁਰੂ ਹੀ ਗੋਵਿਦੁ= ਪਰਮਾਤਮਾ ਦਾ ਸਰੂਪ ਹੈ ਅਤੇ ਫੇਰ ਸਿਮ੍ਰਿਤ= ਸਿੰਮ੍ਰਿਤੀਆਂ ਦੁਆਰਾ ਵੀ ਇਹੋ ਹੀ ਸਹੀ= ਨਿਸਚੇ ਕੀਤਾ ( ਵਾ: ਸਿੰਮ੍ਰਿਤੀਆਂ ਨੂੰ ਪੁੱਛ ਕੇ ਭਾਵ ਸਿੰਮ੍ਰਤੀਆਂ ਦੁਆਰਾ ਇਹੋ ਨਿਸਚੇ ਕੀਤਾ ਕਿ ਪੂਜਨੀਕ ਸਤਿਗੁਰੂ ਜੀ ਗੁਰੁ=ਵੱਡੇ ਗੋਵਿਦੁ= ਪਰਮਤਮਾ ਦਾ ਸਰੂਪ ਹੀ ਹਨ। 

ਸਿਮ੍ਰਿਤ ਸਾਸਤ੍ਰ, ਸਭਨੀ ਸਹੀ ਕੀਤਾ; ਸੁਰਿ ਪ੍ਰਹਿਲਾਦਿ ਸ੍ਰੀ ਰਾਮਿ ਕਰਿ, ਗੁਰ ਗੋਵਿਦੁ ਧਿਆਇਆ।।

 ਸਿਮ੍ਰਿਤ= ਸਿੰਮ੍ਰਤੀਆਂ ਤੋ ਸ਼ਾਸਤਰਾਂ ਦੁਆਰਾ (ਸਿੰਮ੍ਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲਿਆਂ) ਸਭਨੀ= ਸਾਰਿਆਂ ਨੇ ਇਹ ਸਹੀ= ਨਿਸਚੇ ਕੀਤਾ ਕਿ ਜਿਸ ਸੁਕਿ= ਸੁਕਦੇਵ ਮੁਨੀ ਪ੍ਰਹਿਲਾਦ ਭਗਤ ਆਦਿ ਨੇ ਸ੍ਰੀ ਰਾਮ ਦਾ ਜਾਪ ਕਰਿ= ਕਰਕੇ ਗੋਵਿਦੁ= ਪਰਮਾਤਮਾ ਨੂੰ ਧਿਆਇਆ= ਸਿਮਰਿਆ ਹੈ, ਉਹ ਪਰਮਾਤਮਾ ਗੁਰੂ ਸਰੂਪ ਹੀ ਹੈ (ਵਾ: ਇਹ ਗੁਰੂ ਜੀ ਉਸ ਪਰਮਾਤਮਾ ਦਾ ਸਰੂਪ ਹੀ ਹਨ।)

 ਦੇਹੀ ਨਗਰੀ ਕੋਟਿ, ਪੰਚ ਚੋਰ ਵਟਵਾਰੇ; ਤਿਨ ਕਾ ਥਾਉ ਥੇਹੁ ਗਵਾਇਆ।।

 ਅਸਥੂਲ ਦੇਹੀ= ਸਰੀਰ ਰੂਪੀ ਕੋਟਿ= ਕਿਲ੍ਹੇ ਅੰਦਰ ਅੰਤਹਿਕਰਨ ਰੂਪੀ ਨਗਰਿ= ਪਿੰਡ ਵਿਚ ਜੋ ਵਟਵਾਰੇ= ਰਾਹ ਮਾਰ ਪੰਚ= ਪੰਜ ਕਾਮ ਕ੍ਰੋਧ ਰੂਪੀ ਚੋਰ ਰਹਿੰਦੇ ਸਨ, ਤਿਨ= ਉਨ੍ਹਾਂ ਕਾ= ਦਾ ਗੁਰਾਂ ਨੇ ਥਾਉ ਥੇਹੁ= ਥਾਂ ਟਿਕਾਣਾ ਹੀ ਗਵਾਇਆ= ਗੁਆ ਦਿੱਤਾ ਹੈ।

 ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ।।

 ਇਉਂ ਨਿਤ= ਨਿਤਾਪ੍ਰਤੀ ਪੁਰਾਣ= ਪੁਰਾਤਨ ਸਰੂਪ ਪ੍ਰਭੂ ਕੀਰਤਨੁ= ਜਸ ਅਤੇ ਲੰਗਰ ਪਾਣੀ ਆਦਿ ਦਾ ਪੁੰਨ ਹੋਵਹਿ= ਹੁੰਦਾ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਿ= ਉਪਦੇਸ਼ ਦੁਆਰਾ ਅਸੀਂ ( ਭਾਵ: ਅਨੰਤ ਸਿਖਾਂ ਨੇ ਹਰਿ= ਪਰਮਾਤਮਾ ਦੀ ਭਗਤਿ= ਭਗਤੀ ਲਹੀ= ਪ੍ਰਾਪਤ ਕੀਤੀ।

 ਮਿਲਿ ਆਏ ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ।।੬।।੪।।੧੦।।

 ਇਸ ਪ੍ਰਕਾਰ ਜਦੋਂ ਗੁਰੂ ਜੀ ਕਨਖਲ ਪਹੁੰਚੇ, ਤਦੋਂ ਉਥੇ ਜੁਆਲਾਪੁਰ ਆਦਿ ਨਗਰ ਦੇ ਮਹਾ= ਸ੍ਰੇਸ਼ਟ ਮਹਾਤਮਾ ਜਨ ਮਿਲ ਕਰਕੇ ਆਏ, ਉਨ੍ਹਾਂ ਸਾਰਿਆਂ ਨੇ ਗੁਰ= ਪੂਜਨੀਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਓਟ=ਟੇਕ ਗ੍ਰਹਿਣ ਕੀਤੀ।।੬।।੪।।੧੦।।

 ਹੁਣ ਇਥੇ ਉਸ ਸਾਖੀ ਦਾ ਵਰਨਣ ਕਰਨ ਜਾ ਰਿਹਾ ਹਾਂ ਜਿਸ ਦਾ ਜਿਕਰ ਅਸੀਂ ਲੇਖ ਦੇ ਸ਼ੁਰੂ ਵਿੱਚ ਕੀਤਾ ਸੀ। ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ, ਉਸ ਸਮੇਂ ਕੁਝ ਕਰਮ-ਕਾਂਡੀ ਬ੍ਰਾਹਮਣਾਂ ਤੇ ਛੱਤ੍ਰੀਆਂ ਆਦਿ ਨੇ ਅਕਬਰ ਬਾਦਸ਼ਾਹ ਅੱਗੇ ਸ਼ਿਕਾਇਤ ਕੀਤੀ ਕਿ ਹੇ ਬਾਦਸ਼ਾਹ! ਤੂੰ ਸਾਡਾ ਨਿਆਂ ਕਰ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਨਵਾਂ ਸਿੱਖੀ ਪੰਥ ਤੋਰ ਲਿਆ ਹੈ। ਆਪਣੇ ਨਵੇਂ ਤੀਰਥ ਬਣਾ ਲਏ ਹਨ। ਚਾਰੇ ਵਰਨਾਂ ਨੂੰ ਇਕ ਮਤ ਕਰ ਦਿੱਤਾ ਹੈ। ਇੱਕੋ ਥਾਂ ਤੇ ਬੈਠ ਕੇ ਸਾਰੇ ਵਰਨਾਂ ਵਾਲੇ ਭੋਜਨ ਛਕਦੇ ਹਨ। ਦੇਵਤੇ ਤੇ ਪਿੱਤਰਾਂ ਆਦਿ ਦੀ ਮੰਨਤਾਂ ਵੀ ਛੱਡ ਦਿੱਤੀ ਹੈ। ਇਉਂ ਉਨ੍ਹਾਂ ਨੇ ਜਗਤ ਦੀ ਸਾਰੀ ਮਰਯਾਦਾ ਤੋੜ ਦਿੱਤੀ ਹੈ। ਰਾਮ ਤੇ ਗਾਇਤ੍ਰੀ ਮੰਤ੍ਰ ਦੇ ਜਾਪ ਨੂੰ ਨਹੀਂ ਜਪਦੇ। ਸੁਰਤੀਆਂ, ਸਿੰਮ੍ਰਿਤੀਆਂ ਦੇ ਰਾਹ ਉਪਰ ਦੀ ਨਹੀਂ ਚੱਲਦੇ, ਇਸ ਲਈ ਤੁਸੀਂ ਸਾਡਾ ਇਨਸਾਫ ਕਰੋ। ਤਦੋਂ ਅਕਬਰ ਨੇ ਉਨ੍ਹਾਂ ਪੰਡਤਾਂ ਨੂੰ ਦਿਲਾਸਾ ਦਿੱਤਾ ਕਿ ਮੈਂ ਤੁਹਾਡਾ ਜ਼ਰੂਰ ਇਨਸਾਫ ਕਰਾਂਗਾ। ਮੈਂ ਉਨ੍ਹਾਂ ਸਤਿਗੁਰਾਂ ਨੂੰ ਵੀ ਇਥੇ ਬੁਲਾਵਾਂਗਾ ਅਤੇ ਤੁਹਾਨੂੰ ਵੀ ਬੁਲਾ ਕੇ ਸਾਰਿਆਂ ਵਿਚ ਹੀ ਉਨ੍ਹਾਂ ਕੋਲ਼ੋਂ ਤੁਹਾਡੇ ਕਹੇ ਪ੍ਰਸ਼ਨਾਂ ਦੇ ਉੱਤਰ ਲਵਾਂਗਾ। ਤਦੋਂ ਅਕਬਰ ਬਾਦਸ਼ਾਹ ਨੇ ਆਪਣਾ ਪਰਵਾਨਾ ਲਿਖ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲ ਭੇਜਿਆ ਕਿ ਸਾਡੇ ਪਾਸ ਬ੍ਰਾਹਮਣਾ ਤੇ ਖੱਤਰੀਆਂ ਨੇ ਆ ਕੇ ਫਰਿਆਦ ਕੀਤੀ ਹੈ ਕਿ ਸਾਡਾ ਇਨਸਾਫ ਕਰੋ। ਹੁਣ ਜਾਂ ਤਾਂ ਤੁਸਾਂ ਆ ਕੇ ਇਨ੍ਹਾਂ ਦੇ ਜਵਾਬ ਦਿਓ ਜਾਂ ਫੇਰ ਇਨ੍ਹਾਂ ਦੇ ਅਨੁਸਾਰ ਚੱਲਣਾ ਕਰੋ। ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕਰਕੇ (ਸ੍ਰੀ ਗੁਰੂ) ਰਾਮਦਾਸ ਸਾਹਿਬ ਜੀ ਨੂੰ ਅਕਬਰ ਬਾਦਸ਼ਾਹ ਪਾਸ ਲਾਹੌਰ ਵਿਚ ਭੇਜਿਆ। ਗੁਰੂ ਰਾਮਦਾਸ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ! ਮੈਨੂੰ ਤਾਂ ਤੁਹਾਡੇ ਪ੍ਰੇਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਆਉਂਦਾ। ਫੇਰ ਮੈਂ ਉਨ੍ਹਾਂ ਵਿਦਵਾਨ ਪੰਡਿਤਾਂ ਨੂੰ ਉੱਤਰ ਕਿਵੇਂ ਦੇ ਸਕਦਾ ਹਾ? ਤਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਹੇ ਪੁੱਤਰ! ਤੂੰ ਕਿਸੇ ਪ੍ਰਕਾਰ ਦਾ ਕੋਈ ਭੈ ਨਾ ਕਰ। ਜਦੋਂ ਤੂੰ ਸਭਾ ਵਿਚ ਜਾਵੇਂਗਾ, ਤਦੋਂ ਆਪਣੀ ਸੱਜੀ ਬਾਂਹ ਵੱਲ ਦੇਖੀਂ ਤੈਨੂੰ ਚਾਰੇ ਬੇਦ, ਛੇ ਸ਼ਾਸਤ੍ਰ, ਸਾਰੀਆਂ ਸੁਰਤੀਆਂ, ਸਿੰਮ੍ਰਿਤੀਆਂ ਤੇ ਗਾਇਤ੍ਰੀ ਮੰਤ੍ਰ ਆਦਿ ਸੰਫੁਰਨ ਹੋ ਜਾਣਗੇ। ਤਦੋਂ ਗੁਰੂ ਰਾਮਦਾਸ ਜੀ ਸਭ ਵਿਚ ਪਹੁੰਚੇ ਅਤੇ ਪਹਿਲਾਂ ਪੰਡਿਤਾਂ ਦੇ ਪ੍ਰਸ਼ਨ ਮੁਤਾਬਕ ਸਤਿਗੁਰੂ ਜੀ ਨੇ ਮਲੇਛਾਂ ਦੀ ਸਭਾ ਵਿਚ ਪੰਡਿਤਾਂ ਨੂੰ ਉਨ੍ਹਾਂ ਦੇ ਗਾਇਤ੍ਰੀ ਮੰਤ੍ਰ ਦੇ ਅਰਥ ਕਹਿ ਕੇ ਸੁਣਾਏ ਅਤੇ ਕਿਹਾ ਕਿ ਇਸ ਦਾ ਪਾਪ-ਪੁੰਨ ਇਨ੍ਹਾਂ ਪੰਡਿਤਾਂ ਦੇ ਸਿਰ ਉਪਰ ਹੀ ਚੜੇ(ਹਿੰਦੂ ਨਿਸਚੇ ਮੁਤਾਬਕ ਗਾਇਤ੍ਰੀ ਮੰਤ੍ਰ ਦਾ ਪਾਠ ਮਲੇਛ ਸਭਾ ਵਿਚ ਤੇ ਖਾਸ ਸਾਧਨ ਤੋਂ ਬਿਨਾਂ ਪੜ੍ਹਨਾ ਯੋਗ ਨਹੀਂ ਹੈ)। ਉਸ ਤੋਂ ਬਾਅਦ ਪੰਡਿਤਾਂ ਨੇ ਪ੍ਰਸ਼ਨ ਕੀਤਾ ਕਿ ਇਨ੍ਹਾਂ ਨੇ ਆਪਣੀ ਨਵੀਂ ਹੀ ਬਾਣੀ ਰਚ ਲਈ ਹੈ। ਇਸ ਦੇ ਉੱਤਰ ਵਿਚ ਸਤਿਗੁਰੂ ਜੀ ਨੇ ਕੇਵਲ ਓਅੰਕਾਰ ਸ਼ਬਦ ਉਚਾਰਣ ਕੀਤਾ। ਜਿਸ ਦੇ ਨਾਲ ਸਾਰੀ ਸਭਾ ਦੀ ਸਮਾਧ ਲੱਗ ਗਈ, ਸਾਰਿਆਂ ਦੇ ਮਨ ਦ੍ਰਵ ਗਏ। ਅਕਬਰ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ। ਕਿਸੇ ਵੀ ਪੰਡਿਤ ਨੂੰ ਕੋਈ ਗੱਲ ਨਾ ਫੁਰੀ, ਤਦੋਂ ਉਹ ਸ਼ਰਮ ਦੇ ਮਾਰੇ ਹੋਏ ਉੱਠ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਫੇਰ ਅਕਬਰ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਇਹ ਪੰਡਿਤ ਲੋਕ ਬਹੁਤ ਈਰਖਾਲੂ ਹਨ। ਇਹ ਤੁਹਾਡੇ ਭੇਦ ਨੂੰ ਨਹੀਂ ਸਮਝ ਸਕਦੇ। ਤੁਸੀਂ ਮੇਰੇ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਨੀ ਕਿ ਉਹ ਕੁਝ ਸਮਾਂ ਦੇਸ਼ ਵਿਚ ਵਿਚਰ ਕੇ ਸਿੱਖ ਦਾ ਪ੍ਰਚਾਰ ਕਰਨ। ਤਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆ ਕੇ ਸਾਰਾ ਬਿਰਤਾਂਤ ਸੁਣਾਉਣਾ ਕੀਤੇ ਅਤੇ ਅਕਬਰ ਦੀ ਬੇਨਤੀ ਵੀ ਕੀਹ। ਇਕ ਇਹ ਕਾਰਨ ਤੇ ਦੂਸਰਾ ਸ੍ਰੇਸ਼ਟਾਚਾਰ ਵਾਸਤੇ ਗਏ, ਤੀਸਰਾ ਉਸ ਸਮੇਂ ਤੀਰਥਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ! ਅਨੇਕਾਂ ਪਾਪੀ ਲੋਕ ਸਾਡੇ ਪਾਸ ਆ ਕੇ ਆਪਣੇ ਬੇਅੰਤ ਪਾਪ ਇਥੇ ਛੱਡ ਜਾਂਦੇ ਹਨ, ਜਿਨ੍ਹਾਂ ਦਾ ਭਾਰ ਸਾਡੇ ਕੋਲਾਂ ਸਹਾਰਿਆ ਨਹਾਂ ਜਾਂਦਾ, ਸਾਡੀ ਪੀੜਾ ਨੂੰ ਦੂਰ ਕਰਨ ਲਈ ਤੁਸੀਂ ਆਪਣੇ ਚਰਨ ਪਾਉਣਾ ਕਰੋ ਅਤੇ ਚੌਥਾ ਕਾਰਨ ਇਹ ਕਿ ਬਹੁਤ ਲੋਕ ਜੋ ਚੱਲਣ ਤੋਂ ਵੀ ਅਸਮਰੱਥ ਹਨ, ਆਦਿ ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਆ ਨਹੀਂ ਸਕਦੇ, ਪਰ ਅੰਦਰ ਸਤਿਗੁਰਾਂ ਦਾ ਪ੍ਰੇਮ ਰੱਖਦੇ ਹਨ, ਉਨਾਂ ਦੇ ਪ੍ਰੇਮ ਦੇ ਬੱਝੇ ਹੋਏ ਸਤਿਗੁਰੂ ਜੀ ਹੋਰ ਵੀ ਬੇਅੰਤ ਲੋਕਾਂ ਦੇ ਉਧਾਰ ਵਾਸਤੇ ਤੀਰਥ ਯਾਤਰਾ ਕਰਨ ਲਈ ਗਏ। ਇਸ ਉਪਰੋਕਤ ਕਾਰਨਾਂ ਨੂੰ ਵਿਚਾਰਦਿਆਂ ਤੀਰਥ ਯਾਤਰਾ ਜਾਣ ਦੀ ਬਾਦਸ਼ਾਹ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਆਪਣ ਵੱਲੋਂ ਸੁਨੇਹਾ ਭੇਜਿਆ ਕਿ ਮੇਰੇ ਨਾਲ ਗਏ ਯਾਤਰੂਆਂ ਦੇ ਕੋਲ਼ੋਂ ਕੋਈ ਕਰ(ਟੈਕਸ) ਨਾਲ ਲਿਆ ਜਾਵੇ। ਬਾਦਸ਼ਾਹ ਨੇ ਪੁੱਛਿਆ ਸੀ ਕਿ ਮੈਨੂੰ ਕੀ ਪਤਾ ਚੱਲੇਗਾ ਕਿ ਕਿਹੜਾ ਯਾਤਰੂ ਤੁਹਾਡਾ ਸਿੱਖ ਹੈ ਅਤੇ ਕਿਹੜਾ ਯਾਤਰੂ ਤੁਹਾਡਾ ਸਿੱਖ ਨਹੀਂ? ਤਾਂ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਵੱਲੋਂ ਆਏ ਸਰਕਾਰੀ ਕਰਮਚਾਰੀਆਂ ਨੂੰ ਕਿਹਾ ਕਿ ਸਾਡਾ ਸਿੱਖ ਉਹ ਹੋਵੇਗਾ, ਜਿਸ ਨੂੰ ਮੂਲ-ਮੰਤਰ ਤੇ ਗੁਰ-ਮੰਤਰ ਕੰਠ ਹੋਵੇਗਾ ਤੇ ਜੋ ਇਹਾਂ ਦਾ ਪਾਠ ਕਰਕੇ ਸੁਣਾ ਦੇਵੇਗਾ। ਇਹ ਬੇਨਤੀ ਬਾਦਸ਼ਾਹ ਨੇ ਪ੍ਰਵਾਨ ਕਰਕੇ ਤੀਰਥਾਂ ਉਪਰ ਕਰ ਲੈਣ ਵਾਲੇ ਠੇਕੇਦਾਰਾਂ ਨੂੰ ਹੁਕਮ ਭੇਜ ਦਿੱਤਾ ਕਿ ਜਿਸ ਯਾਤਰੂ ਦੇ ਗੁਰ-ਮੰਤਰ ਅਤੇ ਮੂਲ-ਮੰਤਰ ਕੰਠ ਹੋਵੇ ,ਤੁਸੀਂ ਉਸ ਤੋਂ ਕਰ ਨਹੀਂ ਲੈਣਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਤੀਰਥ ਯਾਤਰਾ ਆਰੰਭ ਕੀਤੀ, ਜਦੋਂ ਇਸ ਗੱਲ ਦਾ ਹੋਰ ਪਾਸੇ ਪਤਾ ਲੱਗਿਆ ਤਾਂ ਜਿਹੜੇ ਗਰੀਬ ਲੋਕ ਯਾਤਰਾ ਕਰਨਾ ਚਾਹੁੰਦੇ ਸਨ, ਪਰ ਕਰ ਦੇਣ ਤੋਂ ਅਸਮਰੱਥ ਸਨ, ਉਹ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਅੱਗੇ ਤੋਂ ਅੱਗੇ ਸਿੱਖਾਂ ਕੋਲੋਂ ਗੁਰ-ਮੰਤਰ ਤੇ ਮੂਲ-ਮੰਤਰ ਕੰਠ ਕਰ ਕੇ ਨਾਲ ਚਲ ਪੈਂਦੇ। ਮਾਨੋ ਸਤਿਗੁਰੂ ਜੀ ਨੇ ਸੰਸਾਰੀ ਯਾਤਰਾ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਜਿਨ੍ਹਾਂ ਦੇ ਮੂਲ-ਮੰਤਰ ਤੇ ਗੁਰ-ਮੰਤਰ ਕੰਠ ਹੋਵੇਗਾ ਅਤੇ ਇਨ੍ਹਾਂ ਦਾ ਜਾਪ ਕਰਨਗੇ, ਉਨ੍ਹਾਂਕੋਲੋਂ ਅਗਲੇ ਲੋਕ ਵਿਚ ਜਮ ਵੀ ਕੋਈ ਕਰਮਾਂ ਧਰਮਾਂ ਦਾ ਕਰ ਨਹੀਂ ਲੈਣਾ ਕਰੇਗ। ਜੈਸਾ ਕਿ

 ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।
 ਨਿਰਬਾਣ ਕੀਰਤਨੁ ਗਾਵਹੁ ਕਰਕੇ ਕਾ ਨਿਮਖ ਸਿਮਰਤ ਜਿਤੁ ਛੂਟੈ।।
(ਸੂਹੀ ਮਹਲਾ ੫ ਅੰਗ ੭੪੭)

 ਇਸ ਪ੍ਰਕਾਰ ਸਤਿਗੁਰੂ ਜੀ ਨੇ ਜਦੋਂ ਯਾਤਰਾ ਆਰੰਭ ਕੀਤੀ ਤਾਂ ਲੋਕਾਂ ਦਾ ਯਾਤਰਾ ਜਾਣ ਲਈ ਆਪ ਮੁਹਾਰੇ ਹੀ ਇੱਕਠ ਹੋ ਗਿਆ ਤੇ ਜਦੋਂ ਨਦੀਆਂ ਪਾਰ ਹੋਣ ਲਈ ਕਰ ਮੰਗਣ ਵਾਲ ਕਰ ਮੰਗਦੇ ਤਾਂ ਅੱਗੋਂ ਹਰ ਕੋਈ ਗੁਰ-ਮੰਤਰ ਤੇ ਮੂਲ-ਮੰਤਰ ਸੁਣਾ ਕੇ ਲੰਘ ਜਾਂਦਾ, ਜਿਸ ਕਰਕੇ ਉਨ੍ਹਾਂ ਦੀਆਂ ਗੋਲਕਾਂ ਵਿਚ ਕੁਝ ਵੀ ਨਾ ਪਿਆ। ਸੋ ਸਮਾਂ ਪੈਣ ਤੇ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਗੱਦੀ ਉਪਰ ਬਿਰਾਜਮਾਨ ਹੋਏ, ਤਦੋਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ! ਗੁਰੂ ਅਮਰਦਾਸ ਸਾਹਿਬ ਜੀ ਨਾਪ ਹੀ ਇਕ ਤੀਰਥ ਰੂਪ ਸਨ, ਫੇਰ ਉਨ੍ਹਾਂ ਨੂੰ ਤੀਰਥਾਂ ਉਪਰ ਜਾਣ ਦੀ ਕੀ ਲੋੜ ਪਈ? ਤਦੋਂ ਉਨਾਂ ਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਤੇਣ ਲਈ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਣ ਕੀਤਾ ਜਿਸ ਦੀ ਵਿਆਖਿਆ ਅਸੀਂ ਉਪਰ ਲਿਖ ਕੇ ਆਏ ਹਾਂ। ਗੁਰੂ ਸਾਹਿਬ ਜੀ ਕਿਸੇ ਤੀਰਥ ਦੀ ਯਾਤਰਾ ਜਾਂ ਉਥੇ ਠਾਕੁਰਾਂ ਦੇ ਪੂਜਨ ਜਾਂ ਗੰਗਾਂ ਇਸਨਾਨ ਕਰਨ ਵਾਸਤੇ ਨਹੀਂ ਸਨ ਗਏ। ਬਲਕਿ ਉਥੇ ਵੱਸਦੇ ਲੋਕਾਂ ਦਾ ਉਧਾਰ ਕਰਨ ਲਈ ਗਏ ਸਨ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ਹੁਣ ਸਾਡੇ ਅੱਜ ਵਾਲੇ ਪ੍ਰਚਾਰਕ ਜਿਹੜੇ ਬਾਬਾ ਹਰਨਾਮ ਸਿੰਘ ਜੀ ਦੇ ਕੁੰਭ ਇਸ਼ਨਾਨ ਨੂੰ ਗੁਰੂ ਸਾਹਿਬਾਨਾ ਦੀਆਂ ਫੇਰੀਆਂ ਨਾਲ ਰਲ਼ਾ ਕੇ ਬੇਬੁਨਿਆਦੀ ਦਲੀਲਾਂ ਦਈ ਜਾ ਰਹੇ ਹਨ। ਉਹ ਇਹ ਦੱਸਣ ਕੇ ਬਾਬਾ ਜੀ ਨੇ ਕਿਹੜਾ ਗਰੀਬਾਂ ਦਾ ਕਰ ਮੁਆਫ ਕਰਵਾਇਆ ਸਗੋਂ ਇਸ ਵਾਰੀ ਵੀਆਈਪੀ ਪਾਸ ਨਾਲੋਂ ਵਧੇਰੇ ਵੀਵੀਆਈਪੀ ਪਾਸ ਕੁੰਭ ਵਿੱਚ ਵੇਚੇ ਗਏ ਸਨ। ਤੇ ਜਿਥੋ ਤੱਕ ਮੇਰਾ ਅੰਦਾਜਾ ਬਾਬਾ ਜੀ ਖੁਦ ਵੀ ਇੱਕ ਵੀਵੀਆਈਪੀ ਪਾਸ ਲੈ ਕੇ ਹੀ ਪਹੁੰਚੇ ਹੋਣਗੇ ਕਿਉਂਜੁ ਆਮ ਬੰਦੇ ਲਈ ਗੰਗਾ ਚ ਡੁਬਕੀ ਲਾਉਣ ਲਈ ਕਈ ਕਈ ਦਿਨ ਕਤਾਰਾਂ ਵਿੱਚ ਖੜਨ ਦੀ ਨੌਬਤ ਆ ਰਹੀ ਹੈ। 

ਸੁਰਜੀਤ ਸਿੰਘ ਜਰਮਨੀ

+4917621844131

image

Posted By: GURBHEJ SINGH ANANDPURI

Loading…
Loading the web debug toolbar…
Attempt #