ਕਿਸਾਨੀ ਮੋਰਚੇ 'ਚ ਦੀਪ ਸਿੱਧੂ 'ਤੇ ਹਮਲਾ
24 Feb, 2026 06:41 PM
ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨਾਲ਼ ਮੇਰੀ ਤੀਜੀ ਮੁਲਾਕਾਤ 25 ਜਨਵਰੀ 2021 ਦੀ ਸ਼ਾਮ ਨੂੰ ਸਿੰਘੂ ਬਾਰਡਰ 'ਤੇ ਓਦੋਂ ਹੋਈ, ਜਦ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ 'ਤੇ ਜਾਣ ਅਤੇ ਦਿੱਲੀ ਉੱਤੇ ਚੜ੍ਹਾਈ ਕਰਨ ਲਈ ਉਹ ਤਿਆਰੀ ਕੱਸ ਰਿਹਾ ਸੀ। ਉਸ ਸਮੇਂ ਉਸ ਦੇ ਚਿਹਰੇ ਉੱਤੇ ਵੱਖਰਾ ਹੀ ਜੋਸ਼, ਜਲਾਲ, ਰੌਣਕ, ਪ੍ਰਤਾਪ ਅਤੇ ਖਿੱਚ ਸੀ। ਮੈਂ ਜਦ ਉਸ ਨੂੰ ਮਿਲ਼ਿਆ ਤਾਂ ਵੇਖਦੇ ਸਾਰ ਹੀ ਦੀਪ ਨੇ ਕਿਹਾ:- "ਕਿੱਦਾਂ ਬਾਈ! ਫਿਰ ਕੀ ਕਹਿੰਦੇ ਐੱਨ.ਆਈ.ਏ. ਵਾਲ਼ੇ ? ਮੋਦੀ ਸਰਕਾਰ ਨੇ ਤੁਹਾਨੂੰ ਵੀ ਸਰਟੀਫ਼ਿਕੇਟ ਦੇ 'ਤਾ।" ਕਿਉਂਕਿ ਕੁਝ ਦਿਨ ਪਹਿਲਾਂ ਹੀ ਮੈਨੂੰ ਅਤੇ ਦੀਪ ਸਿੱਧੂ ਨੂੰ ਤੇ ਕਈ ਹੋਰ ਪੰਥ-ਪ੍ਰਸਤ ਸਿੰਘਾਂ ਨੂੰ ਐੱਨ.ਆਈ.ਏ. ਨੇ ਸੰਮਨ ਭੇਜੇ ਸਨ। ਇਹ ਵੀ ਮੋਦੀ ਸਰਕਾਰ ਨੇ ਇੱਕ ਹਥਿਆਰ ਵਰਤਿਆ ਸੀ ਕਿ ਇਹਨਾਂ ਨੂੰ ਡਰਾ-ਧਮਕਾ ਕੇ ਕਿਸਾਨੀ ਮੋਰਚੇ 'ਚੋਂ ਅਤੇ 26 ਜਨਵਰੀ ਦੇ ਪ੍ਰੋਗਰਾਮ ਤੋਂ ਪਿੱਛੇ ਹਟਾਇਆ ਜਾਏ। ਲੋਕ ਕਹਿੰਦੇ ਸੀ ਕਿ ਜਿਨ੍ਹਾਂ ਨੂੰ ਸੰਮਨ ਆਏ ਉਹ ਹੁਣ 26 ਵਾਲ਼ੇ ਪ੍ਰੋਗਰਾਮ 'ਚ ਦਿੱਲੀ ਨਹੀਂ ਜਾਣਗੇ, ਓਹੀ ਹੋਇਆ ਕੁਝ ਡਰਪੋਕ ਕਿਸਮ ਦੇ ਬੰਦੇ ਪੇਸ਼ੀ ਮਗਰੋਂ ਪਾਸਾ ਵੱਟ ਗਏ। ਮੈਂ 21 ਤਰੀਕ ਨੂੰ ਦਿੱਲੀ ਪੇਸ਼ੀ ਭੁਗਤ ਕੇ ਆਇਆ ਸੀ ਤੇ 'ਦੀਪ ਸਿੱਧੂ' ਦੇ ਮੋਰਚੇ ਦੇ ਬਾਹਰ ਖਲੋਅ ਕੇ ਮੈਂ ਸਾਰੀ ਗੱਲਬਾਤ ਦੱਸੀ ਕਿ ਆਹ ਕੁਝ ਪੁੱਛਦੇ ਸੀ ਤੇ ਡਰਾਉਣ-ਧਮਕਾਉਣ ਦਾ ਯਤਨ ਕਰਦੇ ਸਨ। ਮੈਂ ਕਿਹਾ:- "ਭਾਅਜੀ ਤੁਸੀਂ ਨ੍ਹੀਂ ਗਏ ?" ਦੀਪ ਕਹਿੰਦਾ:- “ਕੋਈ ਨਾ ਦੇਖਲਾਂਗੇ ਸਾਲ਼ਿਆਂ ਨੂੰ, ਕੀ ਕਹਿੰਦੇ ਆ, 26 ਤੋਂ ਬਾਅਦ ਜਾਵਾਂਗੇ ਜੇ ਦੁਬਾਰਾ ਸੱਦਣਗੇ ਤਾਂ, ਬਾਕੀ ਕਰਦੇ ਆਂ ਇਹਨਾਂ ਦਾ ਕੋਈ ਕਨੂੰਨੀ ਵੀ ਹੱਲ, ਚੁਣੌਤੀ ਦਿਆਂਗੇ।" ਫਿਰ ਓਨੇ ਚਿਰ ਤਕ ਦੀਪ ਵਾਲ਼ੇ ਮੋਰਚੇ 'ਤੇ ਸਿੱਖ ਨੌਜਵਾਨਾਂ ਦਾ ਕਾਫ਼ੀ ਵੱਡਾ ਇਕੱਠ ਹੋ ਚੁੱਕਾ ਸੀ। ਨੌਜਵਾਨ ਕਹਿ ਰਹੇ ਸਨ ਕਿ “ਬਾਈ ! ਆਹ ਕਿਸਾਨ ਲੀਡਰ ਕੀ ਕਰੀ ਜਾਂਦੇ ਆ, ਅਸੀਂ ਨਹੀਂ ਜਾਣਾ ਸਰਕਾਰੀ ਰੂਟ 'ਤੇ, ਅਸੀਂ ਤਾਂ ਰਿੰਗ ਰੋਡ 'ਤੇ ਚੜ੍ਹਾਂਗੇ।" ਨੌਜਵਾਨਾਂ ਵਿੱਚ ਬਹੁਤ ਜੋਸ਼, ਜਜ਼ਬਾਤ, ਗੁੱਸਾ ਅਤੇ ਰੋਸ ਸੀ, ਉਹਨਾਂ ਦੇ ਡੌਲੇ ਫਰਕ ਰਹੇ ਸਨ ਤੇ ਉਹ ਦੀਪ ਤੋਂ ਵੱਡੀਆਂ ਆਸਾਂ ਲੈ ਕੇ ਏਧਰ ਪੁੱਜੇ ਸਨ। ਉਹਨਾਂ ਨੂੰ ਪਤਾ ਸੀ ਕਿ ਦੀਪ ਹੀ ਸਾਡੇ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਸਕਦਾ ਹੈ। ਕਿਸਾਨੀ ਲੀਡਰਾਂ ਵਾਂਗ ਦੀਪ ਝੁਕਣ, ਵਿਕਣ, ਲਿਫ਼ਣ ਤੇ ਡਰਨ ਵਾਲ਼ਾ ਨਹੀਂ, ਉਹ ਸਿੱਧਾ ਸਿਸਟਮ ਦੇ ਮੱਥੇ 'ਚ ਠਾਹ ਵੱਜਦਾ ਹੈ। ਫਿਰ ਦੀਪ ਜਦ ਉਹਨਾਂ ਨੌਜਵਾਨਾਂ ਨੂੰ ਸੰਬੋਧਿਤ ਹੋ ਰਿਹਾ ਸੀ ਤਾਂ ਮੈਂ ਉਸ ਨੂੰ ਨੇੜਿਓਂ ਤੱਕ ਰਿਹਾ ਸੀ, ਸੁਣ ਰਿਹਾ ਸੀ। ਮੈਨੂੰ ਇੰਞ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕੋਈ ਜੁਝਾਰੂ-ਜਰਨੈਲ ਆਪਣੀਆਂ ਫ਼ੌਜਾਂ ਨੂੰ ਜੰਗ ਤੋਂ ਜਾਣ ਤੋਂ ਪਹਿਲਾਂ ਜੰਗੀ ਪੈਂਤੜੇ ਸਮਝਾ ਰਿਹਾ ਹੋਵੇ, ਓਸ ਮਹੌਲ ਨੂੰ ਸ਼ਬਦਾਂ 'ਚ ਬਿਆਨਿਆ ਨਹੀਂ ਜਾ ਸਕਦਾ। ਜਦ ਦੀਪ ਬੋਲ ਰਿਹਾ ਸੀ ਤਾਂ ਸੱਚਮੁੱਚ ਉਸ ਵਿੱਚੋਂ ਸਿੱਖ ਕੌਮ ਅਤੇ ਪੰਜਾਬ ਦੀ ਅਣਖ਼ ਬੋਲ ਰਹੀ ਸੀ। ਨੌਜਵਾਨ ਕਿਰਪਾਨਾਂ-ਡਾਂਗਾਂ ਉਤਾਂਹ ਨੂੰ ਕਰਕੇ ਖ਼ਾਲਸਾਈ ਜੈਕਾਰੇ ਗਜਾ ਰਹੇ ਸਨ। ਦੀਪ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸੋਚ ਦਾ ਮਾਲਕ ਸੀ। ਉਹ ਨਾ ਤਾਂ ਕੋਈ ਵੱਖਰਾ ਪ੍ਰੋਗਰਾਮ ਦੇਣਾ ਚਾਹੁੰਦਾ ਸੀ ਤੇ ਨਾ ਹੀ ਏਕਾ ਤੋੜਨਾ ਚਾਹੁੰਦਾ ਸੀ। ਜਿੱਥੇ ਉਹ ਨੌਜਵਾਨਾਂ ਨੂੰ ਕਲਾਵੇ 'ਚ ਲੈ ਰਿਹਾ ਸੀ ਓਥੇ ਵਾਰ-ਵਾਰ ਕਿਸਾਨ ਲੀਡਰਾਂ ਨੂੰ ਵੀ ਕਹਿ ਰਿਹਾ ਸੀ ਕਿ "ਤੁਸੀਂ ਪਹਿਲਾਂ ਦਿੱਲੀ ਦੇ ਰਿੰਗ ਰੋਡ 'ਤੇ ਜਾਣ ਦਾ ਕਹਿ ਕੇ ਹਜ਼ਾਰਾਂ ਨੌਜਵਾਨ ਬੁਲਾ ਲਏ, ਇੱਥੇ ਪੈਰ ਰੱਖਣ ਨੂੰ ਥਾਂ ਨਹੀਂ, ਤੇ ਹੁਣ ਤੁਸੀਂ ਪੈਰ ਪਿਛਾਂਹ ਖਿੱਚ ਰਹੇ ਓ, ਓਸੇ ਮੋਦੀ ਸਰਕਾਰ ਦੇ ਆਖੇ ਲੱਗ ਰਹੇ ਓ ਜਿਸ ਦੇ ਖਿਲਾਫ਼ ਤੁਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਇੱਥੇ ਸੜਕਾਂ 'ਤੇ ਬੈਠੇ ਸੰਘਰਸ਼ ਕਰ ਰਹੇ ਓ। ਤੁਸੀਂ ਸੰਗਤ ਦੀ ਗੱਲ ਸੁਣੋ, ਨੌਜਵਾਨਾਂ ਦੀ ਗੱਲ ਸੁਣੋ, ਆਪਾਂ ਕੋਈ ਮਿਲ਼ ਕੇ ਸਾਂਝਾ ਫ਼ੈਸਲਾ ਕਰੀਏ, ਪੂਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ 'ਤੇ ਨੇ, ਸੰਘਰਸ਼ ਲੜਿਆ ਜਾ ਰਿਹੈ, ਇਤਿਹਾਸ ਸਿਰਜਿਆ ਜਾ ਰਿਹੈ, ਆਪਾਂ ਸਰਕਾਰ ਨੂੰ ਵੰਗਾਰ ਕੇ ਠੀਕ ਤਰੀਕੇ ਨਾਲ਼ ਦਬਾਅ ਬਣਾਈਏ।” ਕਾਫ਼ੀ ਵਿਚਾਰਾਂ ਹੁੰਦੀਆਂ ਰਹੀਆਂ, ਫਿਰ ਅਸੀਂ ਕਿਸਾਨ ਲੀਡਰਾਂ ਦਾ ਆਖਰੀ ਫੈਸਲਾ ਉਡੀਕਦੇ ਰਹੇ। ਫਿਰ ਬਾਅਦ 'ਚ ਅਸੀਂ ਆਪੋ-ਆਪਣੇ ਪੜਾਵਾਂ 'ਤੇ ਚਲੇ ਗਏ, ਲੇਕਿਨ ਬਹੁਤੇ ਨੌਜਵਾਨ ਦੀਪ ਦੇ ਮੋਰਚੇ ਦੇ ਆਸ-ਪਾਸ ਹੀ ਰਹੇ। ਫਿਰ ਦੇਰ ਰਾਤ ਤਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਦੀ ਸਰਕਾਰ ਅਤੇ ਦਿੱਲੀ ਪੁਲੀਸ ਦੇ ਦਬਾਅ ਹੇਠ ਸਰਕਾਰੀ ਰੂਟ 'ਤੇ ਹੀ ਅੜੇ ਰਹੇ ਜਿਸ ਨੂੰ ਲੈ ਕੇ ਨੌਜਵਾਨ ਬੇਹੱਦ ਖਫ਼ਾ ਹੋ ਚੁੱਕੇ ਸਨ। ਹੰਗਾਮਾ ਏਨਾ ਵੱਧ ਗਿਆ ਸੀ ਕਿ ਬਾਗ਼ੀ ਹੋਏ ਨੌਜਵਾਨਾਂ ਨੇ ਸਟੇਜ 'ਤੇ ਕਬਜਾ ਕਰ ਲਿਆ। ਬਾਬਾ ਰਾਜਾ ਰਾਜ ਸਿੰਘ ਨਿਹੰਗ ਤੇ ਹੋਰ ਸ਼ਖ਼ਸੀਅਤਾਂ ਨੇ 'ਦੀਪ ਸਿੱਧੂ' ਨੂੰ ਫ਼ੋਨ ਕਰ ਕੇ ਓਥੇ ਬੁਲਾਇਆ, ਓਨੇ ਚਿਰ ਨੂੰ ਅਸੀਂ ਵੀ ਓਥੇ ਪਹੁੰਚ ਗਏ। ਸਟੇਜ 'ਤੇ 'ਦੀਪ ਸਿੱਧੂ' ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ "ਸਵੇਰੇ ਆਪਾਂ ਇੱਥੋਂ ਚਾਲੇ ਪਾਉਣੇ ਨੇ ਪਰ ਤੁਸੀਂ ਹਜੇ ਤਕ ਇੱਕ ਸਾਂਝਾ ਰੋਡ-ਮੈਪ ਹੀ ਨਹੀਂ ਤੈਅ ਕਰ ਸਕੇ। ਤੁਹਾਡੇ ਦਿੱਤੇ ਹੋਏ ਪਹਿਲੇ ਪ੍ਰੋਗਰਾਮ ਅਨੁਸਾਰ ਨੌਜਵਾਨ ਰਿੰਗ ਰੋਡ 'ਤੇ ਹੀ ਜਾਣਾ ਚਾਹੁੰਦੇ ਨੇ। ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਸਰਕਾਰੀ ਚਾਲਾਂ 'ਚ ਨਾ ਫਸੋ, ਅਸੀਂ ਤੁਹਾਡੀ ਅਗਵਾਈ 'ਚ ਹੀ ਚੱਲਣਾ ਚਾਹੁੰਦੇ ਆਂ, ਸਾਡੇ ਮਨ 'ਚ ਬਜ਼ੁਰਗ ਆਗੂਆਂ ਪ੍ਰਤੀ ਬੇਹੱਦ ਸਤਿਕਾਰ ਹੈ ਪਰ ਤੁਸੀਂ ਵੀ ਨੌਜਵਾਨਾਂ ਦੀ ਗੱਲ ਸੁਣੋ, ਅਸੀਂ ਆਪਸੀ ਫੁੱਟ ਦਾ ਸ਼ਿਕਾਰ ਹੋਣ ਤੋਂ ਬਚੀਏ।” ਦੀਪ ਨੇ ਕਿਹਾ ਕਿ "ਦੋ ਮਹੀਨੇ ਹੋ ਚੁੱਕੇ ਨੇ ਅੱਜ-ਤਕ ਕਿਸੇ ਨੇ ਮੋਰਚੇ ਤੋਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਪਰ ਜਾਣ-ਬੁੱਝ ਕੇ ਸਾਨੂੰ ਬਦਨਾਮ ਕੀਤਾ ਜਾ ਰਿਹੈ, ਜੇ ਇਹੀ ਗੱਲ ਐ ਤਾਂ ਅਸੀਂ ਕਰਦੇ ਆਂ ਖਾਲਿਸਤਾਨ ਦੀ ਗੱਲ। ਜਿਸ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ, ਸਾਨੂੰ ਗੁਰੂ ਸਾਹਿਬ ਨੇ ਪਾਤਸ਼ਾਹੀ ਬਖ਼ਸ਼ੀ ਹੋਵੇ ਉਸ ਕੌਮ 'ਚੋਂ ਕੋਈ ਰਾਜ ਦੀ ਚਿਣਗ ਕਿਵੇਂ ਖਤਮ ਕਰ ਸਕਦਾ ਏ, ਇਹ ਤਾਂ ਸਾਡੇ ਖੂਨ 'ਚ ਮਿਲ਼ੀ ਹੋਈ ਏ।” ਦੀਪ ਨੇ ਜਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਸਟੇਜ ਤੋਂ ਨਾਂਅ ਲਿਆ ਤਾਂ ਖਾਲਸਾਈ ਜੈਕਾਰੇ ਗੂੰਜ ਉੱਠੇ। ਨਿਹੰਗ ਸਿੰਘਾਂ ਫ਼ੌਜਾਂ ਨੇ ਦੀਪ ਨੂੰ ਖ਼ਾਲਸਾਈ ਨਿਸ਼ਾਨ ਸਾਹਿਬਾਂ ਅਤੇ ਸ਼ਸਤਰਾਂ ਦੀ ਛਾਂ ਕੀਤੀ ਹੋਈ ਸੀ ਇਹ ਅਦਭੁੱਤ ਵਰਤਾਰਾ ਅਤੇ ਅਲੌਕਿਕ ਨਜ਼ਾਰਾ ਹੀ ਸੀ। ਦੀਪ ਨੇ ਕਿਹਾ ਕਿ "ਜਿਹੜਾ ਤਿਰੰਗਾ ਝੰਡਾ ਸਾਡੀਆਂ ਜ਼ਮੀਨਾਂ ਖੋਹਣ 'ਤੇ ਤੁਲਿਆ ਹੋਵੇ ਉਸ ਦੀ ਅਗਵਾਈ ਅਸੀਂ ਕਿਵੇਂ ਕਬੂਲ ਕਰ ਸਕਦੇ ਆਂ! ਖਾਲਸਾਈ ਨਿਸ਼ਾਨ ਸਾਹਿਬਾਂ ਦੀ ਅਗਵਾਈ ਹੇਠ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਅਸੀਂ ਤਾਂ ਨਿਸ਼ਾਨ ਸਾਹਿਬਾਂ ਦੀ ਅਗਵਾਈ ਹੇਠ ਹੀ ਦਿੱਲੀ ਜਾਵਾਂਗੇ।” ਏਨੇ ਚਿਰ ਨੂੰ ਅਸੀਂ ਵੇਖਿਆ ਕਿ ਦਸ-ਪੰਦਰਾਂ ਮੂੰਹ-ਸਿਰ ਬੰਨ੍ਹੀ ਮੋਨੇ ਬੰਦੇ ਜੋ ਕਿਸਾਨ ਯੂਨੀਅਨਾਂ ਨਾਲ਼ ਸੰਬੰਧਤ ਸਨ, ਉਹ ਹੱਥਾਂ 'ਚ ਡਾਂਗਾਂ ਲੈ ਕੇ ਸਟੇਜ ਵੱਲ ਦੌੜੇ ਤਾਂ ਇੱਕਦਮ ਹਫੜਾ-ਦਫੜੀ ਮੱਚ ਗਈ। ਲੋਕ ਭੱਜ ਉੱਠੇ, ਸਟੇਜ 'ਤੇ ਮਮੂਲੀ ਝੜਪ ਹੋਈ ਤੇ ਆਪਸ 'ਚ ਹੀ ਖਾਨਾਜੰਗੀ ਨਾ ਹੋ ਜਾਵੇ ਇਸ ਲਈ 'ਦੀਪ ਸਿੱਧੂ' ਤੇ ਹੋਰ ਆਗੂ ਸਟੇਜ ਤੋਂ ਥੱਲੇ ਉੱਤਰ ਆਏ। ਦੀਪ ਨੇ ਵੱਖਰੀ ਕਮੇਟੀ ਬਣਾਉਣ ਅਤੇ ਉਸ ਦਾ ਮੈਂਬਰ ਬਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਉਸ ਨੇ ਕਿਸਾਨ ਆਗੂਆਂ ਨਾਲ਼ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣ ਸਕੀ। ਆਪਣੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੀਪ ਨੇ ਇਸ ਸਟੇਜ 'ਤੇ ਰਾਤ ਹੀ ਕਹਿ ਦਿੱਤਾ ਸੀ ਕਿ "ਸੰਘਰਸ਼ਾਂ ਦਾ ਇੱਕ ਵਹਿਣ ਹੁੰਦੈ, ਪਰਮਾਤਮਾ ਵੱਲੋਂ ਇੱਕ ਵਹਿਣ ਮਿਥਿਆ ਹੁੰਦੈ, ਓਧਰ ਨੂੰ ਵਹਿ ਜਾਂਦੀ ਏ ਗੱਲ। ਹੁਣ ਏਥੋਂ ਤੁਸੀਂ ਮਿੱਥ ਲੋ ਕਿ ਆਪਾਂ ਤਾਂ ਰਿੰਗ ਰੋਡ ਨੂੰ ਜਾਣੈ ਪਰ ਤੁਸੀਂ ਸੋਚ ਈ ਨਹੀਂ ਸਕਦੇ ਕਿ ਵਹਿਣ ਕਿੱਧਰ ਨੂੰ ਵਹਿਣਾ। ਬਾਕੀ ਜੋ ਅਕਾਲ ਪੁਰਖ ਦੀ ਰਜ਼ਾ ਹੋਊਗੀ, ਜਿਹੜਾ ਵਹਿਣ ਵਹੂਗਾ, ਉਹ ਤਾਂ ਵਹੂਗਾ ਪਰ ਸੰਘਰਸ਼ ਦੇ ਵਹਿਣ ਆਪੇ ਈ ਵਹਿ ਜਾਂਦੇ ਐ, ਜਿੱਧਰ ਨੂੰ ਵਹਿਣੇ ਹੁੰਦੇ ਐ।” ਸਵੇਰੇ ਓਹੀ ਗੱਲ ਹੋਈ ਕਿ ਇੱਕ ਵੱਖਰਾ ਹੀ ਵਹਿਣ ਵਹਿ ਗਿਆ, ਸਵੇਰੇ ਹਜ਼ਾਰਾਂ ਲੋਕ ਜੋ ਬੈਰੀਕੇਡ ਭੰਨਦੇ ਹੋਏ, ਪੁਲੀਸ ਦਾ ਮੁਕਾਬਲਾ ਕਰਦੇ ਹੋਏ, ਮਿੱਥੇ ਹੋਏ ਰਸਤਿਆਂ ਨੂੰ ਛੱਡ ਕੇ ਦਿੱਲੀ ਦੇ ਲਾਲ ਕਿਲ੍ਹੇ 'ਚ ਜਾ ਵੜੇ ਤੇ ਭਾਈ ਜੁਗਰਾਜ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਨੇ ਮੋਦੀ ਸਰਕਾਰ ਅਤੇ ਹਿੰਦ ਹਕੂਮਤ ਦੀ ਹਿੱਕ 'ਤੇ ਗੋਡਾ ਰੱਖਦਿਆਂ ਲਾਲ ਕਿਲ੍ਹੇ 'ਤੇ ਖਾਲਸਾਈ ਝੰਡੇ (ਨਿਸ਼ਾਨ ਸਾਹਿਬ) ਗੱਡਦਿਆਂ ਸੁਨਹਿਰੀ ਇਤਿਹਾਸ ਸਿਰਜ ਦਿੱਤਾ। 'ਦੀਪ ਸਿੱਧੂ' ਵੀ ਓਥੇ ਮੌਜੂਦ ਸੀ ਜੋ ਇਹਨਾਂ ਇਤਿਹਾਸਕ ਪਲਾਂ ਦਾ ਗਵਾਹ ਬਣਿਆ ਤੇ ਇਸ ਘਟਨਾ ਨੂੰ ਲੈ ਕੇ ਬੇਹੱਦ ਚਰਚਿਤ ਹੋਇਆ। 26 ਜਨਵਰੀ ਦੀ ਸ਼ਾਮ ਨੂੰ ਕਿਸਾਨੀ ਮੋਰਚੇ 'ਚ ਦੀਪ ਸਿੱਧੂ ਉਤੇ ਹਮਲੇ ਦੀ ਫਿਰ ਕੋਸ਼ਿਸ਼ ਹੋਈ, ਕੁਝ ਸ਼ਰਾਰਤੀ ਅਨਸਰ ਉਸਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਉਸ ਉੱਤੇ ਟੁੱਟ ਪਏ ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਦੀਪ ਸਿੱਧੂ ਓਥੋਂ ਤੇਜ਼ੀ ਨਾਲ ਦੌੜ ਕੇ ਨਿਕਲ ਗਿਆ, ਹਮਲਾਵਰਾਂ ਨੇ ਉਸ ਦਾ ਕਾਫੀ ਪਿੱਛਾ ਕੀਤਾ ਤੇ ਅੱਗੋਂ ਦੀਪ ਕਿਸੇ ਸਿੱਖ ਨੌਜਵਾਨ ਦਾ ਪਲਟੀਨਾ ਮੋਟਰਸਾਈਕਲ ਲੈ ਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਿਆ। ਓਧਰ ਸਰਕਾਰ ਨੇ ਦੀਪ ਸਿੱਧੂ ਨੂੰ ਭਗੌੜਾ ਐਲਾਨ ਦਿੱਤਾ ਅਤੇ ਉਸ ਉੱਤੇ ਇਕ ਲੱਖ ਰੁਪਏ ਇਨਾਮ ਰੱਖਿਆ ਗਿਆ। ਫਿਰ ਇਸ ਕੇਸ ਵਿੱਚ ਦੀਪ ਨੇ ਤਿੰਨ ਮਹੀਨੇ ਜੇਲ੍ਹ ਵੀ ਕੱਟੀ ਪਰ ਉਹ ਮਰਦਾਂ ਵਾਂਗ ਆਪਣੇ ਸਟੈਂਡ 'ਤੇ ਡਟਿਆ ਰਿਹਾ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







