ਜਥੇਦਾਰ ਰਘਬੀਰ ਸਿੰਘ 2 ਦਸੰਬਰ ਵਾਲੇ ਫੈਸਲੇ ਲਾਗੂ ਕਰਵਾਉਣ ਜਾਂ ਅਸਤੀਫਾ ਦੇ ਜਾਣ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
04 Feb, 2025 02:03 AM
7 ਮੈਂਬਰੀ ਕਮੇਟੀ ਨੂੰ ਰੱਦ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰ ਰਹੇ ਬਾਦਲਕੇ
ਅੰਮ੍ਰਿਤਸਰ, 3 ਫਰਵਰੀ ( ਨਜ਼ਰਾਨਾ ਟਾਈਮਸ ਬਿਊਰੋ ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲਕਿਆਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਦੁਬਾਰਾ ਤਲਬ ਕਰਕੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਲਾਗੂ ਕਰਵਾਉਣ, ਜੇ ਬਾਦਲ ਦਲ ਨਹੀਂ ਮੰਨਦਾ ਤਾਂ ਇਹਨਾਂ ਨੂੰ ਖ਼ਾਲਸਾ ਪੰਥ ਵਿੱਚੋਂ ਛੇਕ ਦੇਣ। ਜੇਕਰ ਜਥੇਦਾਰ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਹ ਖ਼ੁਦ ਹੀ ਅਸਤੀਫ਼ੇ ਦੇ ਕੇ ਲਾਂਭੇ ਹੋ ਜਾਣ, ਜਦ ਜਥੇਦਾਰ ਵਾਲੇ ਫ਼ਰਜ਼ ਹੀ ਨਹੀ ਨਿਭਾਉਣੇ ਤਾਂ ਅਹੁਦੇ ਨਾਲ ਕਾਹਤੋਂ ਚਿੰਬੜੇ ਹੋ। ਪਹਿਲਾਂ ਬਾਦਲ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲਮਕਾਈ ਰੱਖਿਆ, ਫਿਰ ਸਾਜ਼ਿਸ਼ ਤਹਿਤ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਦੋਸ਼ ਲਵਾ ਕੇ ਜਾਂਚ ਕਮੇਟੀ ਵਿੱਚ ਉਲਝਾ ਦਿੱਤਾ, ਜਥੇਦਾਰ ਰਘਬੀਰ ਸਿੰਘ ਉੱਤੇ ਵੀ ਦਬਾਅ ਬਣਾ ਕੇ ਵਿਦੇਸ਼ ਭੇਜ ਦਿੱਤਾ ਤੇ ਸੱਤ ਮੈਂਬਰੀ ਕਮੇਟੀ ਨੂੰ ਅਜੇ ਤੱਕ ਨਹੀਂ ਮੰਨਿਆ ਸਗੋਂ ਸੱਤ ਮੈਂਬਰੀ ਕਮੇਟੀ ਦੀ ਹੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੀ ਵੀ ਕਿਰਦਾਰਕੁਸ਼ੀ ਕਰਵਾ ਦਿੱਤੀ। ਬਾਦਲਕਿਆਂ ਵੱਲੋਂ ਲਗਾਤਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਰੋਲਿਆ ਜਾ ਰਿਹਾ, ਜੋ ਸਿੱਖ ਪੰਥ ਉੱਤੇ ਵੱਡਾ ਹਮਲਾ ਹੈ। ਜੇਕਰ ਬਾਦਲਕਿਆਂ ਨੇ ਸਮੇਂ ਅਨੁਸਾਰ ਹੀ ਤਖ਼ਤ ਸਾਹਿਬ ਦਾ ਹੁਕਮ ਮੰਨਿਆ ਹੁੰਦਾ ਤਾਂ ਉਹਨਾਂ ਦੀ ਦੁਰਗਤੀ ਨਾ ਹੁੰਦੀ, ਬਾਦਲਕੇ ਵਾਰ-ਵਾਰ ਗਲਤੀਆਂ ਨੂੰ ਦੁਹਰਾ ਰਹੇ ਹਨ। ਬਾਦਲਕੇ ਸੌ ਗੰਢੇ ਵੀ ਖਾਂਦੇ ਹਨ ਤੇ ਸੌ ਛਿੱਤਰ ਵੀ। ਬਾਦਲਕਿਆਂ ਦਾ ਸਾਥ ਦੇਣਾ ਪਹਿਲਾਂ ਪਾਪ ਸੀ, ਹੁਣ ਤਾਂ ਮਹਾਂਪਾਪ ਹੈ। ਬਾਦਲਕਿਆਂ ਦੀ ਅਯੋਗ ਕਰਾਰ ਦਿੱਤੀ ਲੀਡਰਸ਼ਿਪ ਨੂੰ ਪੰਥ ਆਪਣੇ ਸਿਰ ਉੱਤੇ ਨਹੀਂ ਬੈਠਣ ਦੇਵੇਗਾ ਅਤੇ ਨਾ ਹੀ ਇਹਨਾਂ ਦੀ ਅਕਾਲੀ ਦਲ ਵਿੱਚ ਅਗਵਾਈ ਮਨਜ਼ੂਰ ਕਰੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੋ ਵਾਰ ਜਾਂਚ ਕਮੇਟੀ ਦਾ ਸਮਾਂ ਵਧਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਤੇ ਬਾਦਲਕਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ। ਜਥੇਦਾਰ ਗਿਆਨੀ ਰਘਬੀਰ ਸਿੰਘ ਇਹ ਯਾਦ ਰੱਖਣ ਕਿ ਉਹਨਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਅਕਾਲੀ ਫੂਲਾ ਸਿੰਘ ਵਾਂਗ ਲਿਖਵਾਉਣਾ ਹੈ ਜਾਂ ਗੁਰਬਚਨ ਸਿੰਘ ਵਾਂਗ। 28 ਜਨਵਰੀ ਵਾਲੀ ਮੀਟਿੰਗ ਬਾਦਲਕਿਆਂ ਦੇ ਦਬਾਅ ਹੇਠ ਹੀ ਗਿਆਨੀ ਰਘਬੀਰ ਸਿੰਘ ਨੇ ਮੁਲਤਵੀ ਕੀਤੀ ਹੈ। 2 ਦਸੰਬਰ ਵਾਲੇ ਫੈਸਲੇ ਨੂੰ ਹਰਗਿਜ਼ ਨਹੀਂ ਬਦਲਿਆ ਜਾ ਸਕਦਾ, ਨਾ ਤਾਂ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤੇ ਨਾ ਹੀ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ। ਉਹਨਾਂ ਕਿਹਾ ਕਿ ਬਾਦਲਕੇ ਸੁਧਰੇ ਨਹੀਂ, ਸਗੋਂ ਦੁਬਾਰਾ ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ।
Posted By: GURBHEJ SINGH ANANDPURI








