Nazrana Times

ਪੰਜਾਬੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਚਾਰਕ ਸਿੰਘਾਂ ਨਾਲ ਕੀਤੀ ਇਕੱਤਰਤਾ

31 Mar, 2025 05:15 AM
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਚਾਰਕ ਸਿੰਘਾਂ ਨਾਲ ਕੀਤੀ ਇਕੱਤਰਤਾ

ਸ੍ਰੀ ਅਨੰਦਪੁਰ ਸਾਹਿਬ, 30ਮਾਰਚ 2025 -ਤਾਜੀਮਨੂਰ ਕੌਰ ਅਨੰਦਪੁਰੀ

ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਤੇ ਗ਼ਰੀਬ ਸਿੱਖਾਂ ਤੱਕ ਪਹੁੰਚਾਉਣ ਲਈ ਅਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜ਼ੋਨ ਦੇ ਸਮੂਹ ਪ੍ਰਚਾਰਕ, ਨਿਗਰਾਨ, ਢਾਡੀ ਤੇ ਕਵੀਸ਼ਰ ਸਿੰਘਾਂ ਨਾਲ 29 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ। ਇਕੱਤਰਤਾ ਵਿੱਚ ਸ਼ਾਮਲ ਹੋਏ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੇ ਧਰਮ ਪ੍ਰਚਾਰ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਖ਼ਾਲਸਾ ਸਾਜਨਾ ਦਿਵਸ ਮੌਕੇ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੂੰ ਦ੍ਰਿੜ੍ਹਤਾ ਨਾਲ ਅਗਾਂਹ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ।

ਇਕੱਤਰਤਾ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੂਹ ਪ੍ਰਚਾਰਕ ਸਿੰਘਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਗੁਰਬਾਣੀ ਦਾ ਜਾਪ ਕਰਦਿਆਂ ਜਥੇਦਾਰ ਗੜਗੱਜ ਤੇ ਸਮੂਹ ਪ੍ਰਚਾਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸ. ਬਲਦੇਵ ਸਿੰਘ ਮਾਹਿਲਪੁਰੀ ਮੀਟਿੰਗ ਹਾਲ ਪੁੱਜੇ ਅਤੇ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਿਜੈ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਧਰਮ ਪ੍ਰਚਾਰ ਸਬੰਧੀ ਚੱਲ ਰਹੇ ਮੌਜੂਦਾ ਕਾਰਜਾਂ ਅਤੇ ਅਗਾਂਹ ਵਾਸਤੇ ਵਿਉਂਦਬੰਦੀ ਲਈ ਵਿਚਾਰ ਰੱਖੇ ਅਤੇ ਪ੍ਰਚਾਰ ਦੇ ਖੇਤਰ ਵਿੱਚ ਜੋ-ਜੋ ਮੌਕੇ, ਚੁਣੌਤੀਆਂ ਅਤੇ ਮੁਸ਼ਕਲਾਂ ਹਨ ਉਹ ਦੱਸੀਆਂ।

ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜ਼ੋਨ ਦੇ ਸਿੱਖ ਪ੍ਰਚਾਰਕਾਂ ਨਾਲ ਬਹੁਤ ਹੀ ਚੰਗੇ ਮਾਹੌਲ ਵਿੱਚ ਇਕੱਤਰਤਾ ਕਰਕੇ ਧਰਮ ਪ੍ਰਚਾਰ ਸਬੰਧੀ ਦੀਰਘ ਵਿਚਾਰ ਵਟਾਂਦਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿੰਘਾਂ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਚੁਣੌਤੀਆਂ ਵੱਡੀਆਂ ਹਨ ਪਰ ਗੁਰੂ ਸਾਹਿਬ ਦਾ ਥਾਪੜਾ ਸਾਡੇ ਨਾਲ ਹੈ ਜਿਸ ਦੇ ਓਟ ਆਸਰੇ ਨਾਲ ਸਮੂਹ ਪ੍ਰਚਾਰਕ ਸਿੰਘਾਂ ਦੀ ਫੌਜ ਵੱਲੋਂ ਪੂਰੀ ਦ੍ਰਿੜ੍ਹਤਾ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਪ੍ਰਚਾਰ ਸਬੰਧੀ ਇਹ ਵਿਉਂਤ ਬਣਾਈ ਗਈ ਹੈ ਕਿ ਪਿੰਡ-ਪਿੰਡ, ਘਰ-ਘਰ ਖ਼ਾਸ ਕਰਕੇ ਗ਼ਰੀਬ ਸਿੱਖਾਂ ਦੇ ਘਰਾਂ ਤੱਕ ਪਹੁੰਚ ਕਰਕੇ ਗੁਰ ਇਤਿਹਾਸ, ਸਿੱਖ ਰਹਿਤ ਮਰਯਾਦਾ ਅਤੇ ਸਿੱਖਾਂ ਦਾ ਇਤਿਹਾਸ ਸਾਂਝਾ ਕੀਤਾ ਜਾਵੇ ਤਾਂ ਜੋ ਮਨੁੱਖਤਾ ਵਿਸ਼ੇ ਵਿਕਾਰਾਂ ਤੋਂ ਬਚ ਕੇ ਸਤਿਗੁਰ ਦੀ ਸ਼ਰਨ ਵਿੱਚ ਆਵੇ।

ਇਸ ਮੌਕੇ ਪੰਜਾਬ ਪ੍ਰਚਾਰ ਦੇ ਇੰਚਾਰਜ ਸ. ਕਰਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਸ. ਹਰਦੇਵ ਸਿੰਘ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #