Nazrana Times

ਪੰਜਾਬੀ

ਯੇਹ ਰੌਸ਼ਨ ਸਿਤਾਰੇ, ਕਿਆਮਤ ਤਕ ਚਮਕੇਂਗੇ

15 Feb, 2026 02:17 AM
ਯੇਹ ਰੌਸ਼ਨ ਸਿਤਾਰੇ, ਕਿਆਮਤ ਤਕ ਚਮਕੇਂਗੇ

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਸਿੱਖ ਨੌਜਵਾਨਾਂ ਦੇ ਦਿਲਾਂ 'ਚ ਕੌਮੀ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹੋਰ ਚਿਣਗ ਬਾਲ਼ ਦਿੱਤੀ ਸੀ। ਉਹ ਬੜੇ ਸਹਿਜ 'ਚ ਸਿੱਖ ਰਾਜ ਦੀ ਗੱਲ, ਪੰਜਾਬ ਦੀ ਅਜ਼ਾਦੀ ਦੀ ਗੱਲ, ਖ਼ੁਦਮੁਖਤਿਆਰੀ ਦੀ ਗੱਲ, ਖ਼ਾਲਿਸਤਾਨ ਦੀ ਗੱਲ ਅਤੇ ਸਟੇਟਹੁੱਡ ਤੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਸੀ। ਜਿੱਥੇ ਉਸ ਨੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਦੀ ਖ਼ੂਬ ਤਰਜ਼ਮਾਨੀ ਕੀਤੀ, ਓਥੇ ਉਸ ਨੇ ਹਿੰਦ ਸਟੇਟ ਨੂੰ ਵੀ ਇਤਿਹਾਸਕ ਹਵਾਲੇ ਦਿੰਦਿਆਂ ਤੱਥਾਂ ਅਤੇ ਦਲੀਲਾਂ ਸਹਿਤ ਅਜਿਹੇ ਸਵਾਲ ਕੀਤੇ ਕਿ ਜਿਸ ਦੇ ਹਕੂਮਤ ਕੋਲ਼ ਜਵਾਬ ਨਹੀਂ ਸਨ। ਖ਼ਾਲਿਸਤਾਨ ਦੇ ਵਿਰੋਧੀ ਵੀ ਉਸ ਦੀਆਂ ਗੱਲਾਂ ਸੁਣ ਕੇ ਸੋਚਣ ਲਈ ਮਜਬੂਰ ਹੋ ਜਾਂਦੇ ਸਨ ਤੇ ਖਾਲਿਸਤਾਨ ਦੇ ਹਾਮੀ ਬਣ ਜਾਂਦੇ ਸਨ। ਉਸ ਨੇ ਸ਼ੰਭੂ ਮੋਰਚੇ 'ਚ ਵੀ ਕਿਹਾ ਕਿ "ਅਸੀਂ ਖ਼ਾਲਿਸਤਾਨ ਤੋਂ ਪਿੱਛੇ ਨਹੀਂ ਹੱਟਦੇ।” ਉਸ ਨੇ ਸਿੰਘੂ ਬਾਰਡਰ 'ਤੇ ਕਿਸਾਨੀ ਸਟੇਜ ਉੱਤੇ ਵੀ ਕਿਹਾ ਕਿ "ਹਾਂ, ਅਸੀਂ ਕਰਦੇ ਆਂ ਖ਼ਾਲਿਸਤਾਨ ਦੀ ਗੱਲ।” ਉਸ ਨੇ ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਕਾਮਰੇਡਾਂ ਵਾਂਗ ਕਦੇ ਖ਼ਾਲਿਸਤਾਨ, ਖਾਲਸਈ ਨਿਸ਼ਾਨ ਸਾਹਿਬ ਅਤੇ ਖ਼ਾਲਸਾਈ ਫ਼ੌਜਾਂ, ਨਿਹੰਗ ਸਿੰਘਾਂ ਦਾ ਵਿਰੋਧ ਨਹੀਂ ਸੀ ਕੀਤਾ। ਉਹ ਜਾਣਦਾ ਸੀ ਕਿ 'ਰਾਜ ਕਰੇਗਾ ਖ਼ਾਲਸਾ' ਦੇ ਨਾਹਰੇ ਲਾਉਣ ਵਾਲ਼ੇ ਹਰ ਸਿੱਖ ਅੰਦਰ ਰਾਜ ਕਰਨ ਦੀ ਭਾਵਨਾ ਉਸਲਵੱਟੇ ਲੈ ਰਹੀ ਹੈ। ਸਿੱਖਾਂ ਦਾ ਆਪਣੇ ਵੱਖਰੇ ਰਾਜ-ਭਾਗ ਤੋਂ ਬਿਨਾਂ ਗੁਜਾਰਾ ਨਹੀਂ, ਅਖੀਰੀ ਮੰਜ਼ਲ ਇਹੀ ਹੈ। ਜੂਨ 1984 ਦੇ ਘੱਲੂਘਾਰੇ ਨਾਲ਼ ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ ਜਿਸ ਦੀ ਪ੍ਰਾਪਤੀ ਲਈ ਬੇਅੰਤ ਸ਼ਹਾਦਤਾਂ ਹੋ ਚੁੱਕੀਆਂ ਹਨ ਤੇ ਸੰਘਰਸ਼ ਅੱਜ ਵੀ ਜਾਰੀ ਹੈ। ਤਾਂਹੀਂ ਤਾਂ 'ਦੀਪ ਸਿੱਧੂ' ਪੂਰੀ ਬੇਬਾਕੀ ਨਾਲ਼ ਆਪਣੀਆਂ ਤਕਰੀਰਾਂ 'ਚ ਇਹ ਬੋਲ ਵਾਰ-ਵਾਰ ਦੁਹਰਾਉਂਦਾ ਹੁੰਦਾ ਸੀ ਕਿ "ਜਿਹੜੀ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ, ਉਹਦੇ ਅੰਦਰੋਂ ਤੁਸੀਂ ਨਈਂ ਕੱਢ ਸਕਦੇ ਆਵਦਾ ਰਾਜ ਮਾਣਨ ਦੀ ਭਾਵਨਾ। ਅਸੀਂ ਆਪਣਾ ਰਾਜ ਮਾਣਿਆ ਹੋਇਐ ਤੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਆਂ, ਤੁਹਾਨੂੰ ਕੀ ਪ੍ਰੋਬਲਮ ਆਂ ? ਅਸੀਂ ਤੁਹਾਨੂੰ ਕਿਸੇ ਢੰਗ ਨਾਲ਼ ਸੱਦਾ ਦਿੰਦੇ ਆਂ ਕਿ ਤੁਸੀਂ ਸਾਡੇ 'ਤੇ ਹਮਲੇ ਕਰੋ ਜਾਂ ਅਸੀਂ ਹਮਲੇ ਕਰਦੇ ਆਂ ? ਨਹੀਂ। ਜੇ ਕੋਈ ਆਪ ਦੇ ਰਾਜ ਦੀ ਗੱਲ ਕਰ ਰਿਹੈ, ਉਹਦੀ ਐੱਸਪਰੇਸ਼ਨ (ਭਾਵਨਾ) ਹੋ ਸਕਦੀ ਐ, ਹਰ ਕਿਸੇ ਦੀ ਇੱਛਾ ਹੋ ਸਕਦੀ ਐ, ਯਹੂਦੀ ਯੂਰਪ 'ਚ ਬੈਠੇ ਸੀ, ਉਹਨਾਂ ਦੀ ਇੱਛਾ ਸੀ ਕਿ ਉਹਨਾਂ ਦਾ ਆਵਦਾ ਰਾਜ ਹੋਵੇ, ਆਵਦੀ ਧਰਤੀ ਹੋਵੇ, ਆਵਦੀ ਲੈਂਡ ਹੋਵੇ ਤੇ ਅਗਲਿਆਂ ਨੇ ਇਜ਼ਰਾਇਲ ਲੈ ਲਿਆ। ਤੇ ਇਸੇ ਤਰ੍ਹਾਂ ਜਦੋਂ ਇੱਥੇ ਮੁਸਲਮਾਨ ਸੀ ਤੇ ਉਹਨਾਂ ਦਾ ਰਾਜ ਸੀ, ਉਸ ਵੇਲੇ ਹਿੰਦੂਆਂ ਨੂੰ ਲੱਗਦਾ ਸੀ ਕਿ ਸਾਡਾ ਰਾਜ ਹੋਵੇ। ਇਹਨਾਂ ਨੇ 900 ਸਾਲ ਗੁਲਾਮੀ ਕਰ ਕੇ ਵੀ ਇਹਨਾਂ ਨੂੰ ਲੱਗਿਆ ਇਹਨਾਂ ਦਾ ਰਾਜ ਹੋਵੇ, ਜਿਹੜੀ (ਸਿੱਖ) ਕੌਮ ਨੇ ਆਵਦਾ ਰਾਜ ਮਾਣਿਆ ਹੋਵੇ, ਕੱਲ੍ਹ-ਪਰਸੋਂ ਦੀਆਂ ਗੱਲਾਂ (ਹੋਣ), ਉਹਦੇ ਅੰਦਰੋਂ ਤੁਸੀਂ ਕਿਵੇਂ ਕੱਢ ਦਉਗੇ ਰਾਜ ਕਰਨ ਦੀ ਭਾਵਨਾ ?” 'ਦੀਪ ਸਿੱਧੂ' ਵੱਲੋਂ ਪੰਥ ਅਤੇ ਪੰਜਾਬ ਨਾਲ਼ ਕੀਤੀ ਵਫ਼ਾ ਕਰਕੇ ਹੀ ਅੱਜ ਉਹ ਸਾਡੇ ਘਰਾਂ ਅਤੇ ਹਿਰਦਿਆਂ ਦਾ ਸ਼ਿੰਗਾਰ ਬਣਿਆ ਹੈ। ਇਸੇ ਲਈ ਹੀ ਤਾਂ ਅੱਜ ਜਦੋਂ ਸਮਾਗਮਾਂ, ਮਾਰਚਾਂ ਤੇ ਹੋਰ ਇਕੱਠਾਂ 'ਚ 'ਸੰਤ ਭਿੰਡਰਾਂਵਾਲਿਆਂ ਦੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ' ਦੇ ਨਾਹਰੇ ਲਗਦੇ ਹਨ ਤਾਂ ਸਿੱਖ ਜਵਾਨੀ ਦੇ ਮੂੰਹੋਂ ਸੁਭਾਵਿਕ ਹੀ ਇਹ ਨਾਹਰਾ ਵੀ ਨਿਕਲ਼ਦਾ ਹੈ ਕਿ 'ਦੀਪ ਸਿੱਧੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ'। ਜਿੱਥੇ 'ਸੰਤ ਜਰਨੈਲ ਸਿੰਘ ਜ਼ਿੰਦਾਬਾਦ', 'ਖ਼ਾਲਿਸਤਾਨ ਜ਼ਿੰਦਾਬਾਦ' ਆਦਿਕ ਨਾਹਰੇ ਲੱਗਣਗੇ, ਹੁਣ ਓਥੇ 'ਦੀਪ ਸਿੱਧੂ ਜ਼ਿੰਦਾਬਾਦ' ਦੇ ਬੋਲ ਵੀ ਗੂੰਜਦੇ ਰਹਿਣਗੇ। ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲ਼ੇ ਅਖੌਤੀ ਸਿੱਖ ਆਗੂ ਕਦੇ ਵੀ ਸਾਡੇ ਮਾਰਗ-ਦਰਸ਼ਕ ਨਹੀਂ ਬਣ ਸਕਦੇ ਪਰ ਦੂਜੇ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ, ਸ਼ਹੀਦ ਭਾਈ ਅਮਰੀਕ ਸਿੰਘ ਖਾਲਸਾ, ਖਾੜਕੂ ਸਿੰਘ, ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਸੰਦੀਪ ਸਿੰਘ 'ਦੀਪ ਸਿੱਧੂ' ਸਾਡੇ ਦਿਲ, ਦਿਮਾਗ, ਰੂਹ ਅਤੇ ਰਗ-ਰਗ 'ਚ ਅਜਿਹੇ ਵਸੇ ਹੋਏ ਨੇ ਜਿਨ੍ਹਾਂ ਨੂੰ ਕੋਈ ਨਹੀਂ ਕੱਢ ਸਕਦਾ ਇਹ ਸਾਡੇ ਕੌਮੀ ਹੀਰੇ ਹਨ। 'ਯੇਹ ਵੋਹ ਰੌਸ਼ਨ ਸਿਤਾਰੇ ਹੈਂ, ਜੋ ਕਿਆਮਤ ਤਕ ਚਮਕਤੇ ਰਹੇਂਗੇ।' 

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)              ਮੋ: 8872293883.

Posted By: GURBHEJ SINGH ANANDPURI