Nazrana Times

ਪੰਜਾਬੀ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੱਦ ਕਰਕੇ ਹਿੰਦੂਤਵੀ ਭਾਜਪਾ ਸਰਕਾਰ ਨੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ - ਵਰਲਡ ਸਿੱਖ ਪਾਰਲੀਮੈਂਟ

14 Feb, 2026 04:49 PM
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੱਦ ਕਰਕੇ ਹਿੰਦੂਤਵੀ ਭਾਜਪਾ ਸਰਕਾਰ ਨੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ - ਵਰਲਡ ਸਿੱਖ ਪਾਰਲੀਮੈਂਟ

ਫਰੈਂਕਫਰਟ - ਨਜ਼ਰਾਨਾ ਟਾਈਮਜ ਬਿਊਰੋ
 

ਵਰਲਡ ਸਿੱਖ ਪਾਰਲੀਮੈਂਟ, ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ -ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ, ਭਾਈ ਮਨਬੀਰ ਸਿੰਘ ਕਨੇਡਾ, ਭਾਈ ਪ੍ਰਿਤਪਾਲ ਸਿੰਘ ਸਵਿਟਜਲੈਡ, ਹਰਜੋਤ ਸਿੰਘ ਹਾਲੈਡ, ਭਾਈ ਸਤਨਾਮ ਸਿੰਘ ਫਰਾਂਸ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਦਿੱਲੀ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੀ ਅਰਜ਼ੀ ਰੱਦ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਹ ਫੈਸਲਾ ਨਾ -ਕੇਵਲ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੈ, ਸਗੋਂ ਇਹ ਭਾਰਤ ਦੀ ਸੱਜੇ-ਪੱਖੀ ਫਿਰਕੂ ਹਿੰਦੁਤਵੀ ਸਰਕਾਰ ਦੀ ਸਿੱਖਾਂ ਪ੍ਰਤੀ ਨਫ਼ਰਤ ਅਤੇ ਬਦਲਾਖੋਰੀ ਵਾਲੀ ਨੀਤੀ ਦਾ ਪ੍ਰਤੱਖ ਸਬੂਤ ਹੈ।
ਦਿੱਲੀ ਸਰਕਾਰ ਵੱਲੋਂ ਜਾਰੀ ਦਸਤਾਵੇਜ਼ ਗਵਾਹ ਹਨ ਕਿ ਬੋਰਡ ਨੇ 24 ਅਜਿਹੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ ਜਿਨ੍ਹਾਂ ਦੀ 20 ਸਾਲ ਦੀ ਸਜ਼ਾ ਵੀ ਪੂਰੀ ਨਹੀਂ ਹੋਈ ਸੀ, ਜਦਕਿ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਅਤੇ ਬਿਰਧ ਅਵਸਥਾ ਭੋਗ ਰਹੇ ਪੂ. ਭੁੱਲਰ ਨੂੰ ਜੇਲ੍ਹ ਵਿੱਚ ਡੱਕੀ ਰੱਖਣਾ ਇਹ ਸਾਬਤ ਕਰਦਾ ਹੈ ਕਿ ਇਸ ਦੇਸ਼ ਦਾ ਕਾਨੂੰਨ ਸਿੱਖਾਂ ਲਈ ਵੱਖਰਾ ਹੈ। ਇਹ ਸਿੱਧੇ ਤੌਰ 'ਤੇ ਸਿੱਖਾਂ ਨਾਲ ਵਿਤਕਰਾ ਹੈ ਅਤੇ ਹਕੂਮਤ ਵੱਲੋਂ ਸਿੱਖਾਂ ਨੂੰ ਉਨ੍ਹਾਂ ਦੀ ਔਕਾਤ' ਅਤੇ 'ਗੁਲਾਮੀ' ਦਾ ਅਹਿਸਾਸ ਕਰਵਾਉਣ ਦੀ ਕੋਝੀ ਸਾਜ਼ਿਸ਼ ਹੈ। ਵਰਲਡ ਸਿੱਖ ਪਾਰਲੀਮੈਂਟ ਸਪੱਸ਼ਟ ਕਰਦੀ ਹੈ ਕਿ ਕੇਂਦਰ ਅਤੇ ਦਿੱਲੀ ਦੀ ਸੱਤਾ 'ਤੇ ਕਾਬਜ਼ ਧਿਰਾਂ ਸਿੱਖਾਂ ਨੂੰ ਸਿਰਫ਼ ਆਪਣੇ ਸਿਆਸੀ ਮਕਸਦਾਂ ਅਤੇ ਵੋਟ ਬੈਂਕ ਲਈ ਵਰਤਦੀਆਂ ਹਨ। ਜਦੋਂ ਇਨਸਾਫ਼ ਦੀ ਗੱਲ ਆਉਂਦੀ ਹੈ, ਤਾਂ ਸਿੱਖਾਂ ਨੂੰ ਸਦਾ ਵਿਤਕਰੇ ਅਤੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।
ਵਰਲਡ ਸਿੱਖ ਪਾਰਲੀਮੈਂਟ ਉਨ੍ਹਾਂ ਸਿੱਖ ਚਿਹਰਿਆਂ, ਧਾਰਮਿਕ ਆਗੂਆਂ ਅਤੇ ਸਿਆਸੀ ਲੀਡਰਾਂ ਦੀ ਵੀ ਸਖ਼ਤ ਆਲੋਚਨਾ ਕਰਦੀ ਹੈ ਜੋ ਕੌਮ ਨਾਲ ਗਦਾਰੀ ਕਰਕੇ ਸਿੱਖ ਵਿਰੋਧੀ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਹਨ। ਜਿਹੜੇ ਆਗੂ ਇਹ ਦਾਅਵੇ ਕਰਦੇ ਸਨ ਕਿ ਉਹ ਭਾਜਪਾ ਨਾਲ ਰਲ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਗੇ, ਅੱਜ ਉਨ੍ਹਾਂ ਦੇ ਮੂੰਹਾਂ 'ਤੇ ਕਰਾਰੀ ਚਪੇੜ ਵੱਜੀ ਹੈ। ਸਰਕਾਰ ਦੇ ਫੈਸਲੇ ਸਾਹਮਣੇ ਉਹਨਾਂ ਦੀ ਚੁੱਪ, ਇਹੋ ਜਿਹੇ ਗੁਲਾਮ ਆਗੂਆਂ ਦਾ ਅਸਲ ਚਿਹਰਾ ਦਿਖਾ ਰਹੀ ਹੈ । ਅਜਿਹੇ ਆਗੂ, ਜੋ ਕਰਸੀਆਂ ਦੇ ਲਾਲਚ ਵਿੱਚ ਕੌਮ ਦੇ ਦੋਖੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਹੇ ਹਨ, ਉਹ ਸਿੱਖ ਕੌਮ ਦੇ ਗੁਨਾਹਗਾਰ ਹਨ ਅਤੇ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਵਰਲਡ ਸਿੱਖ ਪਾਰਲੀਮੈਂਟ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੀ ਹੈ ਕਿ ਇਸ ਬੇਇਨਸਾਫ਼ੀ ਵਿਰੁੱਧ ਕੌਮਾਂਤਰੀ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਜਾਵੇ। ਅਸੀਂ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੱਕ ਪਹੁੰਚ ਕਰਕੇ ਭਾਰਤ ਸਰਕਾਰ ਦਾ ਇਹ ਸਿੱਖ ਵਿਰੋਧੀ ਚਿਹਰਾ ਨੰਗਾ ਕਰਾਂਗੇ। ਜਦੋਂ ਤੱਕ ਪ੍ਰੋ. ਭੁੱਲਰ ਸਮੇਤ ਸਾਰੇ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ, ਸਿੱਖ ਕੌਮ ਚੁੱਪ ਨਹੀਂ ਬੈਠੇਗੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਹੱਕਾਂ ਲਈ ਇੱਕਜੁੱਟ ਹੋ ਕੇ ਇਸ ਜ਼ਾਲਮ ਹਕੂਮਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਵਾਬ ਦੇਈਏ।

Posted By: GURBHEJ SINGH ANANDPURI