Nazrana Times

ਪੰਜਾਬੀ

…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ

28 Mar, 2025 06:55 AM
…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ

…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ

ਲਗਪਗ ਅੱਧੀ ਸਦੀ (1921 ਤੋਂ 1967 ਤੱਕ) ਪੰਥਕ ਰਾਜਨੀਤੀ ਅਤੇ ਧਾਰਮਿਕ ਤੌਰ ‘ਤੇ ਸਿੱਖਾਂ ਦੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਇਕ ਹਿੰਦੂ ਪਰਿਵਾਰ ਵਿਚ ਜਨਮੇ ਸਨ। ਉਨ੍ਹ੍ਹਾਂ ਦਾ ਬਚਪਨ ਦਾ ਨਾਮ ਨਾਨਕ ਚੰਦ ਸੀ। ਸੰਨ 1900 ਵਿਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਰਾਵਲਪਿੰਡੀ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਲਈ ਪੁੱਜੇ ਹੋਏ ਸਨ। ਇਸ ਮੌਕੇ ਆਪਣੇ ਕੁਝ ਮਿੱਤਰਾਂ ਨਾਲ ਸੰਤ ਬਾਬਾ ਅਤਰ ਸਿੰਘ ਜੀ ਦੇ ਧਾਰਮਿਕ ਦੀਵਾਨ ਵਿਚ ਪੁੱਜੇ। ਉੱਥੇ ਸੰਤ ਅਤਰ ਸਿੰਘ ਜੀ ਦੇ ਪ੍ਰਵਚਨ ਸੁਣਨ ਤੋਂ ਬਾਅਦ ਨਾਨਕ ਚੰਦ ਏਨਾ ਪ੍ਰਭਾਵਿਤ ਹੋਏ ਕਿ ਅੰਮ੍ਰਿਤ ਛਕ ਕੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ।

ਜਦੋਂ ਤਾਰਾ ਸਿੰਘ ਅੰਮ੍ਰਿਤਧਾਰੀ ਸਰੂਪ ਵਿਚ ਘਰ ਪਹੁੰਚੇ ਤਾਂ ਪਿਤਾ ਅਤੇ ਵੱਡਾ ਭਰਾ ਬਹੁਤ ਨਾਰਾਜ਼ ਹੋਏ, ਜਿਸ ਤੋਂ ਬਾਅਦ ਤਾਰਾ ਸਿੰਘ ਘਰ ਛੱਡ ਕੇ ਚਲੇ ਗਏ। ਮਾਤਾ ਜੀ ਦੇ ਕਹਿਣ ‘ਤੇ ਵੱਡੇ ਭਰਾ ਨੇ ਤਾਰਾ ਸਿੰਘ ਨੂੰ ਵਾਪਸ ਘਰ ਲਿਆਂਦਾ।

ਰਾਵਲਪਿੰਡੀ ਇਲਾਕੇ ਵਿਚ ਖੁੱਲ੍ਹੇ ਪਹਿਲੇ ਖਾਲਸਾ ਸਕੂਲ ਵਿਚ ਪਹਿਲੇ ਹੈਡਮਾਸਟਰ ਵਜੋਂ ਨੌਕਰੀ ਕਰਨ ਕਰਕੇ ਤਾਰਾ ਸਿੰਘ ਦੇ ਨਾਮ ਨਾਲ ਮਾਸਟਰ ਸ਼ਬਦ ਜੁੜ ਗਿਆ ਸੀ। ਸੰਨ 1904 ਵਿਚ ਮਾਸਟਰ ਤਾਰਾ ਸਿੰਘ ਦਾ ਵਿਆਹ ਰਾਵਲਪਿੰਡੀ ਦੇ ਪਿੰਡ ਧਮਿਆਲ ਦੇ ਸਰਦਾਰ ਮੰਗਲ ਸਿੰਘ ਦੀ ਧੀ ਤੇਜ਼ ਕੌਰ ਨਾਲ ਨੀਯਤ ਹੋਇਆ। ਜਦੋਂ ਬਰਾਤ ਲੜਕੀ ਵਾਲੇ ਪਿੰਡ ਢੁਕੀ ਤਾਂ ਬਰਾਤੀਆਂ ਵਿਚ ਉਨ੍ਹਾਂ ਦੇ ਵੱਡੇ ਭਰਾ ਬਖਸ਼ੀ ਗੰਗਾ ਸਿੰਘ, ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਕੇਸ ਰੱਖੇ ਸਨ, ਤੋਂ ਇਲਾਵਾ ਸਭ ਮੋਨੇ ਸਨ। ਦੂਜੇ ਪਾਸੇ ਲੜਕੀ ਦੇ ਪਰਿਵਾਰ ਵਿਚ ਸਭ ਕੇਸਾਧਾਰੀ ਸਿੱਖ ਸਨ। ਜਦੋਂ ਅਨੰਦ ਕਾਰਜ ਹੋਣ ਲੱਗਾ ਤਾਂ ਮਾਸਟਰ ਤਾਰਾ ਸਿੰਘ ਪੁੱਛਣ ਲੱਗੇ ਕਿ, ਲੜਕੀ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ? ਜਵਾਬ ਮਿਲਿਆ, ਨਹੀਂ। ਇਸ ‘ਤੇ ਮਾਸਟਰ ਤਾਰਾ ਸਿੰਘ ਕਹਿਣ ਲੱਗੇ, ‘ਮੈਨੂੰ ਤਾਂ ਅੰਮ੍ਰਿਤ ਛਕਣ ਵੇਲੇ ਪੰਜ ਪਿਆਰਿਆਂ ਨੇ ਹੁਕਮ ਕੀਤਾ ਸੀ ਕਿ ਅਨੰਦ ਕਾਰਜ ਅੰਮ੍ਰਿਤਧਾਰੀ ਬੀਬੀ ਨਾਲ ਹੀ ਕਰਾਉਣਾ ਹੈ। ਇਸ ਵਾਸਤੇ ਜੇਕਰ ਲੜਕੀ ਅੰਮ੍ਰਿਤ ਛਕੇਗੀ ਤਾਂ ਹੀ ਅਨੰਦ ਕਾਰਜ ਹੋਣਗੇ।’

ਰਿਸ਼ਤੇਦਾਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਗਲੇ ਦਿਨ ਅੰਮ੍ਰਿਤ ਛਕਾ ਦਿਆਂਗੇ, ਪਰ ਮਾਸਟਰ ਤਾਰਾ ਸਿੰਘ ਨਾ ਮੰਨੇ ਤੇ ਆਪਣੀ ਗੱਲ 'ਤੇ ਡਟੇ ਰਹੇ ਕਿ ਜਦੋਂ ਤੱਕ ਲੜਕੀ ਅੰਮ੍ਰਿਤ ਨਹੀਂ ਛਕਦੀ, ਮੈਂ ਅਨੰਦ ਕਾਰਜ ਨਹੀਂ ਕਰਾਵਾਂਗਾ।

ਇਹ ਸੁਣ ਕੇ ਇਕ ਵਾਰ ਤਾਂ ਲੜਕੀ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਲੜਕੀ ਵਾਲਿਆਂ ਨੇ ਤੁਰੰਤ ਰਾਵਲਪਿੰਡੀ ਵਿਚ ਕਿਸੇ ਨੂੰ ਭੇਜ ਕੇ ਉੱਥੋਂ ਸਿੰਘ ਸਭਾ ਵਿਚੋਂ ਪੰਜ ਪਿਆਰੇ ਬੁਲਾ ਕੇ ਖੜ੍ਹੇ ਪੈਰ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ। ਲੜਕੀ ਤੇਜ਼ ਕੌਰ ਨੇ ਅੰਮ੍ਰਿਤ ਛਕਿਆ ਅਤੇ ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦਾ ਉਨ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਹੋਇਆ।

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)

Posted By: GURBHEJ SINGH ANANDPURI

Loading…
Loading the web debug toolbar…
Attempt #