Nazrana Times

ਪੰਜਾਬੀ

ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਯਾਦ 'ਚ ਸਮਾਗਮ 7 ਨੂੰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

06 Feb, 2025 11:20 PM
ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਯਾਦ 'ਚ ਸਮਾਗਮ 7 ਨੂੰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 6 ਫਰਵਰੀ , ਨਜ਼ਰਾਨਾ ਟਾਈਮਸ ਬਿਊਰੋ

ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਅਤੇ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਉਸਮਾਨਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ 7 ਫਰਵਰੀ ਨੂੰ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨ ਵਾਲਾ ਦੇ ਭਰਾਤਾ ਭਾਈ ਰਣਧੀਰ ਸਿੰਘ ਉਸਮਾਨਵਾਲਾ ਤੇ ਭਤੀਜੇ ਭਾਈ ਅਨਮੋਲਕ ਸਿੰਘ ਨੇ ਕਿਹਾ ਕਿ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸੱਜਣਗੇ ਜਿਸ ਵਿੱਚ ਰਾਗੀ, ਢਾਡੀ ਅਤੇ ਕਥਾਵਾਚਕ ਹਰ ਜੱਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਪੰਥਕ ਬੁਲਾਰੇ ਸਿੱਖ ਸੰਘਰਸ਼ ਪ੍ਰਤੀ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਨੇ ਸੰਗਤਾਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਵਾਲਾਵਾਲਾ ਉਹ ਜੁਝਾਰੂ ਯੋਧੇ ਸਨ ਜਿਨਾਂ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦੀ ਸੰਗਤ ਨੂੰ ਮਾਣਿਆ ਅਤੇ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਹਥਿਆਰਬੰਦ ਹੋ ਕੇ ਦਿੱਲੀ ਦਾ ਤਖਤ ਹਿਲਾ ਦਿੱਤਾ, ਇਹਨਾਂ ਸੂਰਮਿਆਂ ਦੀ ਬਦੌਲਤ ਹੀ ਸਿੱਖ ਕੌਮ ਦਾ ਘਰ-ਘਰ ਚਮਕੌਰ ਦੀ ਗੜ੍ਹੀ ਬਣ ਗਿਆ। ਸੂਰਮਿਆਂ ਨੇ ਭਾਰਤੀ ਫੋਰਸਾਂ ਤੇ ਪੁਲਿਸ ਨਾਲ ਅਨੇਕਾਂ ਮੁਕਾਬਲੇ ਕਰਕੇ ਦੱਸ ਦਿੱਤਾ ਕਿ ਖ਼ਾਲਸਾ ਜਿਉਂਦਾ ਅਤੇ ਜਾਗਦਾ ਹੈ ਤੇ ਉਹ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਬਹਾਲ ਰੱਖਣ, ਕੌਮੀ ਘਰ ਆਜ਼ਾਦ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅਤੇ ਜਬਰ ਜੁਲਮ ਦੇ ਖ਼ਿਲਾਫ਼ ਸੰਘਰਸ਼ਸ਼ੀਲ ਰਹੇਗਾ। ਇਹਨਾਂ ਯੋਧਿਆਂ ਨੇ ਘਰ-ਪਰਿਵਾਰ ਤਿਆਗੇ ਤੇ ਕੌਮ ਲਈ ਆਪਾ ਵਾਰ ਦਿੱਤਾ। ਉਹਨਾਂ ਦੱਸਿਆ ਕਿ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਨੇ 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਖਾਲਿਸਤਾਨ ਦਾ ਐਲਾਨ ਕੀਤਾ ਸੀ। ਸ਼ਹੀਦ ਭਾਈ ਸੁਖਵੰਤ ਸਿੰਘ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਯਾਦ ਵਿੱਚ ਪਿੰਡ ਉਸਮਾਨਵਾਲਾ ਵਿਖੇ ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ, ਸ਼ਹੀਦ ਭਾਈ ਰਸਾਲ ਸਿੰਘ ਆਰਫਕੇ ਵੀ ਨਾਲ ਦੇ ਪਿੰਡ ਦੇ ਸਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਤੇ ਖਾਲਿਸਤਾਨ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰੀਏ।

Posted By: GURBHEJ SINGH ANANDPURI

Loading…
Loading the web debug toolbar…
Attempt #