Nazrana Times

ਪੰਜਾਬੀ

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

25 Feb, 2026 09:22 PM
ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

ਪੰਜਾਬ ਨੂੰ ਬੰਜਰ ਬਣਾਉਣ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਤੇ ਅੱਯਾਸ਼-ਬਦਮਾਸ਼ ਬਣਾਉਣ ਸਮੇਤ ਹਿੰਦੂਤਵੀਆਂ ਨੇ ਬੜੇ ਢੰਗ ਨਾਲ਼ ਹਮਲਾ ਬੋਲਿਆ ਹੋਇਆ ਹੈ। ਧੜਾਧੜ ਹਿੰਦੀ ਬੋਲਣ ਵਾਲੇ ਭਾਰਤ ਦੇ ਲੋਕ ਲਿਆ ਕੇ ਵਸਾਏ ਜਾ ਰਹੇ ਨੇ ਤਾਂ ਕਿ ਸਿੱਖ ਘੱਟਗਿਣਤੀ ਵਿੱਚ ਹੋ ਜਾਣ। ਇੱਥੇ ਉਹਨਾਂ ਨੂੰ ਘਰ-ਪਰਿਵਾਰ ਤੇ ਕਾਰੋਬਾਰ ਸੈੱਟ ਕਰ ਕੇ ਦੇਣ ਲਈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵਰਤੋਂ ਕਰਦੀ ਹੈਂ। ਪੰਜਾਬ ਦੇ ਅਸਲ ਵਾਸੀਆਂ ਕੋਲ਼ ਕਾਰੋਬਾਰ ਖੋਹੇ ਜਾ ਰਹੇ ਨੇ, ਬੇਜ਼ਮੀਨੇ ਕੀਤਾ ਜਾ ਰਿਹਾ ਹੈ ਤੇ ਘਸਿਆਰੇ ਬਣਾਇਆ ਜਾ ਰਿਹਾ ਹੈ। ਜੇ ਇਹ ਨੀਤੀ ਜਾਰੀ ਰਹੀ ਤਾਂ ਦਸ-ਪੰਦਰਾਂ ਸਾਲਾਂ ਤਕ ਪੰਜਾਬ ਦੇ ਅਸਲ ਵਾਸੀ ਗ਼ਰੀਬ ਹੋਣਗੇ ਤੇ ਬਾਹਰੀ ਆਏ ਲੋਕ ਅਮੀਰ ਹੋਣਗੇ। ਪੰਜਾਬ ਦੀ ਬੋਲੀ, ਧਰਮ, ਸਿੱਖ ਤੇ ਸੱਭਿਆਚਾਰ ਦੀ ਬਰਬਾਦੀ ਕਰ ਕੇ, 1984 ਦੁਹਰਾਅ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਸ਼ਰੇਆਮ ਐਲਾਨ ਹੋ ਰਹੇ ਨੇ। ਸਾਡੀ ਅਖੌਤੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ, ਵਿਦਵਾਨ ਤੇ ਕੁਝ ਬੁੱਧੀਜੀਵੀ ਜਿਨ੍ਹਾਂ ਨੂੰ ਸਭ ਤੋਂ ਸਿਆਣੇ ਸਿੱਖ ਹੋਣ ਦਾ ਫਤੂਰ ਹੈ, ਪਿੱਟਣ ਲੱਗੇ ਹੋਏ ਨੇ ਕਿ ਸਿੱਖ ਤੱਤੀਆਂ ਗੱਲਾ ਕਰਦੇ ਨੇ, ਇਹ ਲੋਕਾਂ ਦੇ ਪੁੱਤ ਮਰਵਾਉਣਗੇ, ਮਾਹੌਲ ਖ਼ਰਾਬ ਹੋ ਜਾਣਾ। ਇਹ ਕਹਿੰਦੇ ਨੇ ਕਿ 'ਸਿਆਣੇ ਬਣੋ’। ਮਤਲਬ ਆਪਣੇ ਧਰਮ ਦੀ ਬੇਇਜ਼ਤੀ ਵੇਖ ਕੇ ਬਰਦਾਸ਼ਤ ਕਰਨਾ ਸਿੱਖੋ। 'ਸਿਆਣੇ ਹੋਣ' ਦੇ ਅਰਥ ਨੇ ਕਿ ਅਣਖ, ਗ਼ੈਰਤ, ਸੂਰਮਗਤੀ ਤੇ ਚੜ੍ਹਦੀ ਕਲਾ ਭੁੱਲ ਜਾਓ ਤੇ ਹਰ ਮੌਕੇ ਬਹੁਗਿਣਤੀ ਨੂੰ ਕਾਇਲ ਕਰੋ ਕਿ ਅਸੀਂ ਕੁਝ ਨਹੀਂ ਮੰਗਦੇ, ਕੁਝ ਨਹੀਂ ਕਹਿੰਦੇ, ਸਾਨੂੰ ਬਖ਼ਸ਼ ਦੇਵੋ। ਬਾਦਲ ਦਲ, ਕਾਂਗਰਸ, ਭਾਜਪਾ, ਝਾੜੂ ਪਾਰਟੀ ਤੇ ਹੋਰ ਸਿਆਸੀ ਦਲਾਂ ਦੇ ਸਿੱਖ ਵੀ ਇਹੀ ਕਹਿੰਦੇ ਨੇ ਕਿ ਪੰਥ ਦੀ ਚੜ੍ਹਦੀ ਕਲਾ ਦੇ ਅਰਥ ਨੇ, ਮਹੌਲ ਖਰਾਬ ਹੋਣਾ। ਬਾਦਲ ਦਲ ਵਾਲ਼ੇ ਤਾਂ ਐਲਾਨੀਆ ਕਹਿ ਚੁੱਕੇ ਨੇ ਪੰਥਕ ਏਜੰਡਾ ਪੰਜਾਬ ਦਾ ਮਹੌਲ ਖ਼ਰਾਬ ਕਰੇਗਾ। ਇਸ ਮਹੌਲ ਵਿੱਚ ਜਿਹੜੇ ਸਿੱਖ ਨੌਜਵਾਨ ਜ਼ੁਲਮ, ਵਧੀਕੀ ਤੇ ਬੇਇਨਸਾਫ਼ੀ ਖ਼ਿਲਾਫ਼ ਡਟਣਗੇ, ਉਹਨਾਂ ਨਾਲ਼ ਬਾਕੀ ਸਿੱਖਾਂ ਦਾ ਰਵੱਈਆ ਉਹ ਹੋਵੇਗਾ ਜਿਹੜਾ 1984 ਤੋਂ ਬਾਅਦ ਸਿੱਖ ਜੁਝਾਰੂਆਂ ਬਾਰੇ ਅਕਾਲੀਆਂ ਦਾ ਸੀ ਕਿ ਐਵੇਂ ਹਥਿਆਰਬੰਦ ਹੋ ਕੇ ਵਾਰਦਾਤਾਂ ਕਰਨ ਦਾ ਕੀ ਫਾਇਦਾ, ਕਾਂਗਰਸ ਨੂੰ ਵੋਟਾਂ ਵਿੱਚ ਹਰਾ ਕੇ ਅਕਾਲੀ ਸਰਕਾਰ ਬਣਾਈਏ। ਅਕਾਲੀਆਂ ਨੂੰ ਤਾਂ ਇਹੀ ਲਗਦਾ ਕਿ ਸਿੱਖਾਂ ਦੀ ਜ਼ਲਾਲਤ ਦਾ ਬਦਲਾ ਵੋਟਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਨਾਲ਼ ਲਿਆ ਜਾ ਸਕਦਾ ਹੈ। ਪਰ ਜਦ 1985 ਵਿੱਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਤਾਂ 1988 ਤਕ ਮੁੱਖ ਮੰਤਰੀ ਦਰਬਾਰਾ ਸਿਹੁੰ ਉਰਫ ਜ਼ਕਰੀਆ ਖਾਂ ਦੀ ਸਰਕਾਰ ਨਾਲ਼ੋਂ ਵੀ ਵੱਧ ਜ਼ਾਲਮ ਰਹੀ। ਬਰਨਾਲੇ ਦੇ ਰਾਜ ਵਿੱਚ ਰਿਬੈਰੋ ਦੇ ਹੁਕਮ 'ਤੇ ਅੰਨ੍ਹੇਵਾਹ ਜ਼ੁਲਮ ਹੋਇਆ ਤੇ ਹਜ਼ਾਰਾਂ ਸਿੱਖ ਨੌਜਵਾਨ ਘਰੋਂ-ਭਗੌੜੇ ਕਰ ਦਿੱਤੇ। ਬਰਨਾਲੇ ਦੀ ਸਰਕਾਰ ਟੁੱਟਣ ਦਾ ਇੱਕ ਵੀ ਸਿੱਖ ਨੂੰ ਅਫ਼ਸੋਸ ਨਹੀਂ ਸੀ ਹੋਇਆ ਕਿਉਂਕਿ ਇਸ ਰਾਜ ਦੌਰਾਨ ਸਿੱਖ ਹੀ ਟੰਗੇ ਹੋਏ ਸੀ। ਜਦ 1997 ਵਿੱਚ ਬਾਦਲ ਦਾ ਰਾਜ ਆਇਆ ਤਾਂ ਸਿੱਖ ਧਰਮ ਦਾ ਸਭ ਤੋਂ ਵਧ ਨੁਕਸਾਨ ਹੋਇਆ। ਸਿੱਖੀ ਦੇ ਦੁਸ਼ਮਣ ਸਿਰਸੇ, ਭਨਿਆਰੇ, ਬਿਆਸ, ਨੂਰਮਹਿਲ, ਭੈਣੀ, ਨਰਕਧਾਰੀਏ ਛਾਏ ਰਹੇ। ਜ਼ਾਲਮ ਪੁਲਸੀਆਂ ਦੀ ਚੜ੍ਹਤ ਰਹੀ। ਤਿੰਨ ਵਾਰ ਬਾਦਲ ਮੁੱਖ ਮੰਤਰੀ ਬਣਿਆ ਤੇ ਸਿੱਖ ਧਰਮ ਦੀਆ ਬੁਨਿਆਦਾਂ ਹਿਲਾ ਧਰੀਆਂ। ਸੋ ਇਸ ਸਿਸਟਮ ਵਿੱਚ ਜਦ ਵੀ ਸਿੱਖ ਜ਼ਲੀਲ ਹੋਣਗੇ, ਓਦੋਂ ਹੀ ਅਕਾਲੀਆਂ ਨੇ ਕਹਿਣਾ ਕਿ ਸਾਡੀ ਸਰਕਾਰ ਬਣਾਓ। ਤੇ ਫਿਰ ਅਕਾਲੀਆਂ ਦੀ ਸਰਕਾਰ ਵਿੱਚ ਸਿੱਖ ਧਰਮ ਉੱਤੇ ਹਮਲੇ ਹੋਣਗੇ। ਫੇਰ ਸਿੱਖ ਕਿਹੜੇ ਖੂਹ ਵਿੱਚ ਡਿੱਗਣ ? ਜਿਹੜੇ ਸਿੱਖ ਨੌਜਵਾਨ ਜੁਝਾਰੂਪਣ ਵਿਖਾਉਣ, ਉਹਨਾਂ ਨੂੰ ਬਾਕੀ ਭਾਰਤੀਆਂ ਵਾਂਗ ਅਕਾਲੀ ਵੀ 'ਅੱਤਵਾਦੀ' ਕਹਿੰਦੇ ਨੇ। ਸੋ ਭਵਿੱਖ ਵਿੱਚ ਵੀ ਇਹੀ ਕੁਝ ਚੱਲਣਾ ਹੈ। ਜਿਹੜਾ ਵੀ ਸਿੱਖ ਮੈਦਾਨ ਵਿੱਚ ਆਵੇਗਾ ਉਸ ਨੂੰ ਹਰਾਉਣ ਤੇ ਹੰਭਾਉਣ ਲਈ ਕਾਮਰੇਡ, ਅਖੌਤੀ ਅਕਾਲੀ ਤੇ ਅਖੌਤੀ ਸਾਧ ਬਾਬੇ ਤੇ ਹੋਰ ਨਿਕ-ਸੁੱਕ ਕੂੜ ਪ੍ਰਚਾਰ ਕਰਨਗੇ। ਇਹਨਾਂ ਨੇ ਇਹੀ ਕਹਿਣਾ ਕਿ ਹਿੰਦੂ ਅਤੇ ਹਿੰਦੋਸਤਾਨ ਸਾਮ੍ਹਣੇ ਸਾਡੀ ਕੋਈ ਸੁਣਵਾਈ ਨਹੀਂ ਪਰ ਅਸੀਂ ਆਪ ਕੁਝ ਕਰਨਾ ਨਹੀਂ ਤੇ ਜਿਹੜੇ ਕੁਝ ਕਰਨ ਜੋਗੇ ਨੇ ਉਹਨਾਂ ਨੂੰ ਭੰਡੀ ਜਾਣਾ ਹੈ ਤੇ ਸਿੱਖਾਂ ਦੀ ਛਿਤਰੌਲ ਵਾਲ਼ੀ ਗ਼ੁਲਾਮੀ ਦੀ ਉਮਰ ਲੰਮੀ ਕਰੀ ਜਾਣੀ ਹੈ। ਇਸ ਗਧੀ-ਗੇੜ ਵਿੱਚ ਫਸੇ ਸਿੱਖ ਕਿਵੇਂ ਨਿਕਲ਼ਣਗੇ ਜਦ ਕਿ ਦੁਸ਼ਮਣ ਨਾਲ਼ ਲੜਨ ਨਾਲ਼ੋਂ ਪਹਿਲਾਂ ਤਾਂ ਇਹ ਲੋਕ ਸਿੱਖ ਕੌਮ ਨੂੰ ਹੀ ਜੁਝਾਰੂਆਂ ਖ਼ਿਲਾਫ਼ ਭੜਕਾਈ ਜਾਂਦੇ ਨੇ। ਪਰ ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ। 
 

     ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
         ਮੋ: 8872293883.

Posted By: GURBHEJ SINGH ANANDPURI