Nazrana Times

ਪੰਜਾਬੀ

ਕੀ ਪ੍ਰਯਾਗ ਰਾਜ ਹਿੰਦੂ ਤੀਰਥ ਹੋਣ ਦੇ ਨਾਲ-ਨਾਲ ਗੁਰ ਤੀਰਥ ਅਸਥਾਨ ਵੀ ਹੈ …?

07 Feb, 2025 02:33 AM
ਕੀ ਪ੍ਰਯਾਗ ਰਾਜ ਹਿੰਦੂ ਤੀਰਥ ਹੋਣ ਦੇ ਨਾਲ-ਨਾਲ ਗੁਰ ਤੀਰਥ ਅਸਥਾਨ ਵੀ ਹੈ …?

ਦਮਦਮੀ ਟਕਸਾਲ (ਜਥਾ ਮਹਿਤਾ)ਦੇ ਵਿਦਿਅਕ ਅਦਾਰੇ ਵੱਲੋਂ ਕੁੱਝ ਕੁ ਵਿਦਵਨਾਂ ਦੇ ਨਾਂ ਹੇਠ ਸ਼ੋਸਲ ਮੀਡੀਆ ਤੇ ਪੋਸਟ ਪਾਈ ਗਈ। ਜਿਸ ਵਿੱਚ ਗੁਰਬਾਣੀ ਦੇ ਅਰਥ ਇਹਨਾਂ ਨੇ ਆਪਣੇ ਅਨੁਸਾਰ ਮਨ ਭਾਉਂਦੇ ਕਰ ਕੇ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ ਕੀਤੀ ਹੈ। ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਦੇ ਇਹਨਾਂ ਨੇ ਪ੍ਰਮਾਣ ਦੇ ਕੇ ਤੀਰਥਾਂ ਦੇ ਨਹਾਉਣ ਨੂੰ justify ਕਰ ਕੇ ਆਪਣੀ ਮਤਮਤ ਨੂੰ ਗੁਰਮਤ ਅਨੁਸਾਰ ਦੱਸਣ ਦਾ ਗੁੰਮਰਾਹਕੁੰਨ ਕਾਰਜ ਕੀਤਾ ਹੈ। ਉਹ ਕਦੇ ਵੀ ਪੰਥ ਵਿਚ ਬਖਸ਼ਣਯੋਗ ਨਹੀਂ ਹੈ। ਜਾਂ ਤੇ ਇਹ ਵਿਦਵਾਨ ਅਜੇ ਗੁਰਮਤਿ ਦੇ ਧਾਰਨੀ ਨਹੀਂ ਹੋਏ ਜਾਂ ਫਿਰ ਅਜ ਸਿਰਫ ਆਪਣੇ ਕੁੰਭ ਇਸਨਾਨ ਨੂੰ ਸਹੀ ਠਹਿਰਾਉਣ ਲਈ ਇਹ ਪ੍ਰਪੰਚ ਰਚਿਆ ਜਾ ਰਿਹਾ। ਪ੍ਰਯਾਗ ਰਾਜ ਵਿਚ ਸਿੱਖਾਂ ਦਾ ਹਿੱਸਾ ਹੈ ਜਾਂ ਨਹੀਂ ਉਸ ਵਿਸ਼ੇ ਨੂੰ ਫਿਰ ਕਿਸੇ ਲੇਖ ਵਿਚ ਛੋਹਾਂਗੇ ਇਸ ਲੇਖ ਵਿੱਚ ਸਿਰਫ ਗੁਰਬਾਣੀ ਦੀਆਂ ਉਹਨਾਂ ਪੰਕਤੀਆਂ ਜਿਸ ਦੇ ਇਹਨਾਂ ਆਪਣੇ ਅਨੁਸਾਰ ਅਰਥ ਕੀਤੇ ਹਨ। ਉਹਨਾਂ ਦੇ ਸਹੀ ਅਰਥ ਲਿਖ ਕੇ ਪੰਥ ਦੀ ਕਚਹਿਰੀ ਵਿੱਚ ਹਾਜਿਰ ਕਰਨ ਦਾ ਯਤਨ ਕਰਾਂਗੇ।

ਉਹਨਾਂ ਵਿਦਵਾਨਾਂ ਨੇ ਤਰਕ ਦਿੱਤਾ ਕਿ ਮਿਸ਼ਨਰੀ ਪਹਿਲਾਂ ਇਹਨਾਂ ਪੰਕਤੀਆਂ ਨੂੰ ਵਰਤ ਕੇ ਗੁਰੂ ਘਰਾਂ ਦੀ ਮਹਾਨਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਜਿਸ ਵਿੱਚ ਉਹਨਾਂ ਦਾ ਸਾਥ ਅਜ ਕੱਲ ਟਕਸਾਲੀ ਵੀ ਦੇ ਰਹੇ ਹਨ। ਪਹਿਲੀ ਗਲ ਤੇ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਤੁਸੀਂ ਕਿਹੜੇ ਗੁਰੂ ਘਰ ਦੀ ਮਰਿਆਦਾ ਲਈ ਸਵਾਲ ਜਵਾਬ ਕਰ ਰਹੇ ਹੋ? ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਤੁਸੀਂ ਕਿਹੜੇ ਗੁਰੂ ਘਰ ਦੇ ਇਸ਼ਨਾਨ ਦੀ ਮਹਾਨਤਾ ਦਰਸਾ ਰਹੇ ਹੋ? ਤੁਸੀਂ ਵੀ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਬਾਬਾ ਹਰਨਾਮ ਸਿੰਘ ਜੀ ਦੇ ਤ੍ਰਿਬੇਣੀ ਇਸ਼ਨਾਨ ਨੂੰ ਜਾਇਜ ਠਹਿਰਾ ਰਹੇ ਹੋ! ਫਿਰ ਹੁਣ ਤੁਹਾਡੇ ਅਨੁਸਾਰ ਇਹ ਮੰਨ ਲਿਆ ਜਾਏ ਕਿ ਤ੍ਰਿਬੇਣੀ ਇਸ਼ਨਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਇਸ਼ਨਾਨ ਇਕੋ ਹੀ ਮਹਾਨਤਾ ਰੱਖਦੇ ਹਨ? ਅਸੀਂ ਤੇ ਅੱਜ ਵੀ ਇਹੀ ਮੰਨਦੇ ਹਾਂ ਕਿ ਗੁਰੂ ਰਾਮਦਾਸ ਜੀ ਦੇ ਘਰ ਦੇ ਇਸ਼ਨਾਨ ਵਿੱਚ ਏਨੀ ਤਾਕਤ ਹੈ ਕਿ ਉਸਦਾ ਮੁਕਾਬਲਾ ਇਸ ਧਰਤੀ ਤੇ ਕੋਈ ਵੀ ਨਦੀ, ਦਰਿਆ ਵਿੱਚ ਕੀਤੇ ਇਸਨਾਨ ਦੇ ਬਰਾਬਰ ਨਹੀਂ ਹੋ ਸਕਦੀ ਇਸੇ ਲਈ ਅਸੀਂ ਅੱਜ ਵੀ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਹੀ ਲੋਚਦੇ ਹਾਂ। ਹੁਣ ਇਸ ਪੰਕਤੀ ਦੇ ਅਸਲ ਅਰਥ ਵੀ ਸੰਗਤਾਂ ਸਾਹਮਣੇ ਰੱਖਦੇ ਹਾਂ।

ਤੀਰਥ ਨਾਵਣ ਜਾਉ ਤੀਰਥੁ ਨਾਮੁ ਹੈ।

ਹੇ ਭਾਈ! ਮੈਂ ਕਿਸ ਤੀਰਥ ਤੇ ਨਾਵਣ= ਇਸ਼ਨਾਨ ਕਰਨ ਜਾਉ= ਜਾਵਾਂ, ਕਿਉਂਕਿ ਅਸਲੀ ਤੀਰਥ ਤਾਂ ਪਰਮੇਸ਼ਰ ਦਾ ਨਾਮ ਹੈ। ਅਸੀਂ ਤੀਰਥ ਤੇ ਤਾਂ ਇਸ਼ਨਾਨ ਕਰਨ ਜਾਈਏ ਜੇ ਪਹਿਲਾਂ ਤੀਰਥ ਤੇ ਨਿਵਾਸ ਨਾ ਕਰਦੇ ਹੋਈਏ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਤੀਰਥ ਤੇ ਨਿਵਾਸ ਕਰਦੇ ਹਾਂ

ਪ੍ਰਸ਼ਨ: ਹੇ ਸਤਿਗੁਰੂ ਜੀ! ਤੁਸੀਂ ਕਿਸ ਤੀਰਥ ਉੱਤੇ ਨਿਵਾਸ ਕਰਦੇ ਹੋ?

ਉੱਤਰ: ਸਤਿਗੁਰਾਂ ਨੇ ਉੱਤਰ ਵਿੱਚ ਕਿਹਾ ( ਤੀਰਥ ਨਾਮੁ ਹੈ) ਹੇ ਭਾਈ! ਅਸੀਂ ਨਾਮ ਰੂਪੀ ਤਰੀਥ ਉੱਤੇ ਹਰ ਵਕਤ ਹੀ ਨਿਵਾਸ ਕਰਦੇ ਹਾਂ ਕਿਉਂਕਿ ਦੁਨੀਆ ਵਿਚ ਪਰਮੇਸ਼ਰ ਦੇ ਨਾਮ ਵਰਗਾ ਹੋਰ ਕੋਈ ਵੀ ਤੀਰਥ ਨਹੀਂ ਹੈ। ਦੂਸਰਾ ਸਾਡਾ ਤੀਰਥ ਇਹ ਹੈ:

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ।

ਸਤਿਸੰਗਤ ਵਿਚ ਗੁਰਾਂ ਦੇ ਸਬਦ= ਉਪਦੇਸ ਦੁਆਰਾ ਪਰਮੇਸ਼ਰ ਦੀ ਬੀਚਾਰੂ= ਵਿਚਾਰ ਕਰਨੀ ਹੀ ਤੀਰਥ ਦਾ ਇਸ਼ਨਾਨ ਹੈ, ਕਿਉਂਕਿ ਬ੍ਰਹਮ ਦੀ ਵਿਚਾਰ ਕਰਨ ਨਾਲ ਹੀ ਸਾਡੇ ਹਿਰਦੇ ਦੇ ਅੰਤਰਿ=ਅੰਦਰ ਗਿਆਨ ਪੈਦਾ ਹੋਇਆ ਹੈ।

ਗੁਰ ਗਿਆਨੁ, ਸਾਂਚਾ ਥਾਨੁ ਤੀਰਥ; ਦਸ ਪੁਰਬ ,ਸਦਾ ਦਸਾਹਰਾ।।

ਗੁਰ=ਸਤਿਗੁਰਾਂ ਦਾ ਗਿਆਨ ਹੀ ਸਾਡਾ ਸਾਚਾ= ਸੱਚਾ ਤੀਰਥੁ ਥਾਨੁ= ਅਸਥਾਨ (ਭਾਵ: ਥਨੇਸਰ ਤੀਰਥ ਹੈ,(ਭਾਵ, ਗੁਰਾਂ ਦੁਆਰਾ ਜੋ ਸੱਚੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਹਾ, ਇਹੋ ਹੀ ਥਨੇਸਰ ਤੀਰਥ ਹੈ) ਪ੍ਰਤੱਖ ਥਨੇਸਰ ਤੀਰਥ ਉੱਤੇ ਤਾਂ ਦਸ ਪੁਰਬਾਂਦੀ ਇਕੱਤਰਤਾ ਕਦੇ ਕਦੇ ਹੁੰਦੀ ਹੈ, ਪਰ ਸਾਡੇ ਇਸ ਗਿਆਨ ਰੂਪੀ ਥਨੇਸਰ ਤੀਰਥ ਉੱਤੇ ਤਾਂ ਦਸ ਪੁਰਬ ਸਦਾ=ਹਮੇਸ਼ਾਂ ਹੀ ਦਸਾਹਰਾ= ਪ੍ਰਗਟ ਹਨ ਅਥਵਾ ਗੁਰੂ ਸਾਹਿਬ ਜੀ ਦਾ ਗਿਆਨ ਰੂਪੀ ਸੱਚਾ ਥਨੇਸਰ ਤੀਰਥ ਦਸਾਹਰਾ= ਦਸਾਂ ਪਾਪਾਂ ਨੂ ਹਰਨ ਵਾਲਾ ਸਦਾ ਹੀ ਸਾਡੇ ਹਿਰਦੇ ਅੰਦਰ ਹੈ।

ਅਰਥਾਤ  ਪੁਰਾਣਾ ਮੱਤ ਅਨੁਸਾਰ  ਜਦੋਂ ਦਰ ਪੁਰਬਾਂ ਦੀ ਇਕੱਤਰਤਾ ਹੁੰਦੀ ਹੈ, ਉਸ ਵਕਤ ਇਸ਼ਨਾਨ ਦਾ ਵਿਸ਼ੇਸ਼ ਫਲ ਦੱਸਿਆ ਹੈ ਪਰ ਅੰਤਰੀਵ ਭਾਵ ਵਿਚ ਨਾਮ ਗਿਆਨ ਪ੍ਰਾਪਤ ਹੋਏ ਤੋਂ ਦਸ ਪੁਰਬਾਂ ਦਾ ਸਦਾ ਹੀ ਅਨੰਦ ਹੋ ਰਿਹਾ ਹੈ ਅਧਵਾ ਦਸਾਹਰਾ= ਦਸਾਂ ਇੰਦ੍ਰੀਆਂ(ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ) ਦਾ ਹਾਰ= ਹਰਨਾ ਭਾਵ ਦਮਨ ਕਰਨ ਰੂਪ ਦਸ ਪੁਰਬ ਹਮੇਸ਼ਾ ਹੀ ਲੱਗ ਹਰੇ ਹਨ(ਭਾਵ ਗੁਰਾਂ ਦੇ ਗਿਆਣ ਦੁਆਰਾ ਦੱਸੇ ਇੰਦਰੇ ਅਧੀਨ ਕਰਕੇ ਸਦੀ ਹੀ ਨਾਮ ਰੂਪੀ ਜਲ ਵਿਚ ਦੱਸ ਪੁਰਬਾਂਦਾ ਇਸ਼ਨਾਨ ਕਰਦੇ ਹਾਂ ਭਾਵ:ਪੰਜੇ ਸ਼ੁਭ ਗੁਣ (ਸਤ,ਸੰਤੋਖ,ਦਇਆ, ਧਰਮ, ਵੀਚਾਰ) ਤੇ ਪੰਜਾਂ ਤੱਤਾਂ ਦੀ ਧਾਰਨਾ ਹਿਰਦੇ ਅੰਦਰ ਦਸਾਹਰਾ= ਪ੍ਰਗਟ ਹੋਣ ਰੂਪ ਦਸ ਪੁਰਬ ਲੱਗੇ ਹੋਏ ਹਨ ਅਥਵਾ ਜਿਵੇਂ ਪੁਰਾਣੇ ਮੱਤ ਅਨੁਸਾਰ ਦਸਾਹਰਾ= ਦਸਵੇਂ ਦਿਨ ਵਾ. ਜੇਠ ਸੁਦੀ ਦਸ ਭਾਵ ਦਸ ਪਾਪ ਹਰਨ ਵਾਲੀ ਗੰਗਾ ਦੇ ਜਨਮ ਵਾਲੇ ਦਿਨ ਦਸ ਪੁਰਬ ਲੱਗਦੇ ਹਨ, ਇਸੇ ਪ੍ਰਕਾਰ ਸਾਡੀ ਤਾਂ ਸਤਿਸੰਗਤ ਹੀ ਸਦਾ ਦਸ ਪੁਰਬ ਹਨ ਕਿਉਂਕਿ ਅਸੀਂ ਸਤਿਸੰਗਤ ਵਿਚ ਜਾ ਕੇ ਹੀ ਦਸ ਇੰਦਰੇ ਵਿਕਾਰਾਂ ਵੱਲੋਂ ਰੋਕੇ ਹਨ। ਜਿਵੇਂ ਪ੍ਰਤੱਖ ਥਨੇਸਰ ਤੀਰਥ ਉੱਤੇ ਜਦੋਂ ਦਸ ਪੁਰਬ ਲੱਗਦੇ ਹਨ। ਉਸ ਵਕਤ ਜੋ ਪੁਰਖ ਉਥੇ ਇਸਨਾਨ ਕਰਦਾ ਹੈ, ਉਸ ਦੇ ਦਸ ਪਾਪ ਨਾਸ਼ ਹੋ ਜਾਂਦੇ ਹਨ, ਇਸੇ ਤਰ੍ਹਾਂ ਅੰਤਰੀਵ ਗਿਆਨ ਰੂਪੀ ਥਨੇਸਰ ਤਰੀਥ ਉੱਤੇ ਜੋ ਪੁਰਖ ਦੱਸੇ ਇੰਦਰੀਆਂ ਦਾ ਦਮਨ ਕਰਨ ਰੂਪ (ਦਸ ਪੁਰਬ) ਤੇ ਇਸ਼ਨਾਨ ਕਰਦਾ ਹੈ, ਉਸ ਦੇ ਸਦਾ ਹੀ ਦਸ ਪਾਪ ਹਰੇ ਜਾਂਦੇ ਹਨ, ਇਸ ਲਈ ਪ੍ਰਤੱਖ ਤੀਰਥ ਨਾਲੋਂ ਅੰਤਰੀਵ ਗਿਆਨ ਰੂਪੀ ਤੀਰਥ ਦੀ ਵਿਸ਼ੇਸ਼ਤਾ ਹੈ।

ਪੰਡਤ ਤਾਰਾ ਸਿੰਘ ਜੀ ਨੇ ਗੁਰਮਤ ਨਿਰਣੇ ਸਾਗਰ ਵਿਚ ਦਸ ਪੁਰਬ ਇਹ ਲਿਖੇ ਹਨ:

੧. ਜੇਸਟ ਮਾਸੇ, ੨, ਸ਼ੁਕਲਾ ਪਖੇ ੩. ਦਸਮੀ ਥਿੰਧੇ ੪. ਹਸਤ ਨਿਖਤਰੇ ੫. ਬੁੱਧਵਾਰ ਦਿਨ, ੬ ਗੁਰ ਕਰਣ ੭. ਆਨੰਦ ਯੋਗ ੮. ਵਿਤੀਪਾਤ ੯. ਕੰਨਿਆ ਦਾ ਚੰਦਰਮਾ ੧੦. ਬ੍ਰਿਖ ਦਾ ਸੂਰਜ

ਦਸ ਕਿਸਮ ਦੇ ਪਾਪ ਲਾਹੁਣ ਵਾਸਤੇ ਦਸ ਪੁਰਬਾਂ ਦੀ ਵੀਚਾਰ ਪੁਰਾਣਾਂ ਵਿਚ ਆਈ ਹੈ। ਮਨ, ਬਾਣੀ, ਸਰੀਰ ਨੂੰ ਲੱਗਣ ਵਾਲੇ ਦਸ ਪਾਪ ਇਹ ਮੰਨੇ ਹਨ; ਜੈਸਾ ਕਿ:

ਨਿੰਦਾ, ਝੂਠ ਅਨਰਥ ਫੀਕ, ਹਿੰਸ ਚੋਰੀ ਪਰ ਨਾਰਿ।

ਪਰ ਧਨ ਜਲਨ ਕੁਰਿਤਵਨੀ, ਪਾਪ ਦੱਸੇ ਨਿਰਧਾਰ।੧੦

ਜਿੰਨ੍ਹਾਂ ਵਿਚੋਂ ਤਿੰਨ ਪਾਪ ਸਰੀਰ ਦੇ ਹਨ: ੧. ਜੀਵ ਹਿੰਸਾ, ੨, ਬਿਨਾਂ ਦਿੱਤੀ ਵਸਤੂ ਗ੍ਰਹਿਣ ਕਰਨੀ ਭਾਵ ਚੋਰੀ ਕਰਨੀ, ੩. ਪਰ ਇਸਤਰੀ ਗਮਨ ਕਰਨਾ।

ਚਾਰ ਪਾਪ ਬਾਣੀ ਦੇ ਭਾਵ ਜੋ ਜੁਬਾਨ ਨਾਲ ਬੋਲਣ ਕਰਕੇ ਲੱਗਦੇ ਹਨ: ੪.ਰੁੱਖਾ ਬੋਲਣਾ, ੫ ਝੂਠ ਬੋਲਣਾ, ੬.ਚੁਗਲੀ ਕਰਨੀ, ੭. ਅਨਰਥ ਭਾਵ ਵਿਅਰਥ ਬੋਲਣਾ, ਜਸ ਦਾ ਕੋਈ ਅਰਥ ਨਾ ਬਣਦਾ ਹੋਵੇ। ਮਨ ਦੁਆਰਾ ਲੱਗਣ ਵਾਲੇ ਤਿੰਨ ਪਾਪ: ੮. ਪਰਾਇਆ ਧਨ ਗ੍ਰਹਿਣ ਕਰਨ ਦੀ ਇੱਛਾ,੯. ਬੁਰਾ ਚਿਤਵਨਾ ,੧੦. ਦੂਜੇ ਦੀ ਬਿਭੂਤੀ ਦੇਖ ਕੇ ਸੜਨਾ।

ਗੁਰਬਾਣੀ ਦੀਆਂ ਹੇਠ ਲਿਖਤ ਪੰਕਤੀਆਂ ਨੂੰ ਸਹਾਰਾ ਬਣਾ ਕੇ ਉਹ ਦਸਣ ਦਾ ਯਤਨ ਕਰ ਰਹੇ ਹਨ ਕਿ ਨਾਮ ਤੋਂ ਬਿਨਾਂ ਵੀ ਕੋਈ ਤੀਰਥ ਹੈ। ਇਹ ਗੱਲ ਨਾਲ ਅਸੀਂ ਵੀ ਪੂਰਨ ਸਹਿਮਤ ਹਾਂ ਕਿ ਗੁਰੂ ਤੋਂ ਪਰੇ ਹੋਰ ਕੋਈ ਤੀਰਥ ਨਹੀਂ ਹੈ। ਇਥੇ ਆਪ ਜੀ ਤ੍ਰਿਬੇਣੀ ਕਿਹੜੇ ਗੁਰੂ ਦੀ ਨਿਆਂਈ ਦਰਸਾਉਣ ਦਾ ਯਤਨ ਕਰ ਰਹੇ ਹੋ?

ਗੁਰ ਸਮਾਨਿ  ਤੀਰਥੁ ਨਹੀ ਕੋਇ।। ਸਰੁ ਸੰਤੋਖੁ ਤਾਸੁ ਗੁਰੁ ਹੋਇ।।੧।।ਰਹਾਉ।।

ਹੇ ਭਾਈ! ਗੁਰਾਂ ਦੇ ਸਮਾਨਿ= ਬਰਾਬਰ ਕੋਇ= ਕੋਈ ਵੀ ਤੀਰਥ ਨਹੀਂ ਹੈ। ਤਾਸੁ= ਤਿਸ ਗੁਰੂ ਨਾਲ ਮਿਲ ਕੇ ਸਿਖ ਸੰਤੋਖ ਆਦਿ ਦੈਵੀ ਗੁਣਾਂ ਦਾ ਸਰੁ= ਸਰੋਵਰ ਹੋਇ= ਹੋ ਜਾਂਦਾ ਹੈ। ਭਾਵ:ਸੰਤੋਖ ਆਦਿ ਗੁਣਾ ਦਾ ਸਰੋਵਰ ਹਰੀ ਪ੍ਰਾਪਤ ਹੋ ਜਾਂਦਾ ਹੈ।।੧।।ਰਹਾਉ।।

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ; ਸਾਚੇ ਗੁਰ ਗੁਪਾਲਾ।।੩।।

ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ! ਗੁਰ= ਸਤਿਗੁਰੂ ਸਾਹਿਬ ਜੀ ਦੇ ਸਮਾਨਿ= ਸਦਰਸ ਭਾਵ ਬਰਾਬਰ ਹੋਰ ਕੋਈ ਵੀ ਤੀਰਥੁ= ਪਵਿੱਤਰ ਅਸਥਾਨ ਨਹੀਂ ਹੇ ਕਿਉਂਕਿ ਗੁਰ= ਸਤਿਗੁਰੂ ਜੀ ਸਾਚੇ= ਸੱਚੇ ਗੋਪਾਲ(ਗੋ+ਪਾਲਾ) ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦਾ ਰੂਪ ਹਨ।।੩।।

ਅਠਸਠਿ ਤੀਰਥ; ਜਹ ਸਾਧ ਪਗ  ਧਰਹਿ  ।। ਤਹ ਬੈਕੁੰਠ; ਜਹ ਨਾਮੁ ਉਚਰਹਿ।।

ਜਹ= ਜਿਥੇ ਵੀ ਸਾਧ= ਸ੍ਰੇਸ਼ਟ ਮਹਾਤਮਾ ਜਨ ਆਪਣੇ ਪਗ= ਚਰਨ ਧਰਹਿ= ਰੱਖਦੇ ਹਨ, ਉਹ ਥਾਂ ਅਠਸਠਿ ਤੀਰਥ= ਅਠਾਹਠ ਤੀਰਥਾਂ ਦੇ ਸਮਾਨ ਪਵਿੱਤ੍ਰ ਬਣ ਜਾਂਦੀ ਹੈ।

ਜਹ= ਜਿਥੇ ਬੈਠ ਕੇ ਮਹਾਤਮਾ ਜਨ ਪਰਮਾਤਮਾ ਦਾ ਨਾਮ ਉਚਰਹਿ= ਉਚਾਰਦੇ ਹਨ, ਤਹ= ਉਥੇ ਬੈਕੁੰਠੁ= ਸਵਰਗ ਬਣ ਜਾਂਦਾ ਹੈ।

ਹੇਠਾਂ ਦਰਜ ਪੰਕਤੀਆਂ ਲਿਖ ਕੇ ਤੁਸੀਂ ਵੀ ਮੰਨ ਰਹੇ ਹੋ ਕਿ ਅਨਮੱਤੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਪਾਪੀ ਬੰਦੇ ਦਾ ਮਨ ਪਵਿੱਤਰ ਨਹੀਂ ਹੁੰਦਾ, ਉਸ ਦੇ ਅੰਦਰੋਂ ਹਉਮੈਂ ਦੀ ਮੈਲ ਨਹੀਂ ਉਤਰਦੀ ਤੇ ਫਿਰ ਤ੍ਰਿਬੇਣੀ ਇਸ਼ਨਾਨ ਬਾਬਾ ਹਰਨਾਮ ਸਿੰਘ ਜੀ ਲਈ ਕਿਸ ਤਰ੍ਹਾਂ ਪਵਿਤਰ ਹੋ ਗਿਆ? ਇਹ ਗੱਲ ਤੁਹਾਡੀ ਨਾਲ ਵੀ ਅਸੀਂ ਸਹਿਮਤ ਹਾਂ ਕਿ ਗੁਰੂ ਸਾਹਿਬ ਜੀ ਨੇ ਪ੍ਰਗਿਆ ਰਾਜ ਚਰਨ ਪਾਏ ਤੇ ਉਸ ਥਾਂ ਗੁਰ ਅਸਥਾਨ ਸਥਾਪਿਤ ਕੀਤੇ। ਫਿਰ ਉਹਨਾਂ ਅਸਥਾਨਾਂ ਵਿਚੋਂ ਬਾਹਰ ਨਿਕਲ ਕੇ ਤ੍ਰਿਬੇਣੀ ਇਸਨਾਨ ਕਰਨਾ ਕਿਸ ਅਧਾਰ ਤੇ ਅਨਮੱਤੀ ਤੀਰਥ ਇਸ਼ਨਾਨ ਨਾ ਹੋਇਆ?

ਤੀਰਥ ਨਾਇ; ਨ ਉਤਰਸਿ ਮੈਲੁ।। ਕਰਮ ਧਰਮ; ਸਭਿ ਹਊਮੈ ਫੈਲੁ।।

ਹੇ ਭਾਈ! ਤੀਰਥਾਂ ਆਦਿ ਉਪਰ ਨਾਇ= ਨਹਾਉਣ ਕਰਕੇ ਜੀਵ ਦੇ ਅਵਿੱਦਿਆ, ਪਾਪਾਂ ਆਦਿ ਦੀ ਮੈਲ ਨਹੀਂ ਉਤਰਸਿ= ਉਤਰਦੀ।

ਨਿੱਤ ਨਮਿੱਤ ਆਦਿ ਕਰਮ ਕਾਂਡ ਤੇ ਜਗ ਆਦਿ ਧਰਮ ਸਭਿ= ਸਾਰੇ ਹਉਮੈ= ਹੰਗਤਾ ਮਮਤਾ ਦਾ ਹੀ ਫੈਲੁ= ਪਸਾਰਾ ਹਨ। ਕਰਮਾਂ ਧਰਮਾਂ ਤੇ ਫੈਲੁ= ਪਦਾਰਥ ਵਿਚ ਜੀਵ ਹੰਗਤਾ ਕਰਦਾ ਹੈ।

ਹੁਣ ਤੁਸੀਂ ਅਗਲੀਆਂ ਪੰਕਤੀਆਂ ਦੇ ਕੇ ਇਹ ਲਿਖਿਆ ਕਿ ਇਹ ਗੱਲ ਸਤਿਗੁਰੂ ਜੀ ਦੇ ਰਚੇ ਹੋਏ ਗੁਰ ਤੀਰਥਾਂ ਤੇ ਸਤਿਗੁਰੂ ਜੀ ਦੇ ਅਸਥਾਨਾਂ ਤੇ ਲਾਗੂ ਨਹੀਂ ਹੁੰਦੀ। ਇਸ ਗੱਲ ਨਾਲ ਅਸੀਂ ੧੦੦ ਫੀਸਦੀ ਸਹਿਮਤ ਹਾਂ ਤੇ ਕਦੇ ਵੀ ਮੁਨਕਰ ਨਹੀਂ ਹੋਵਾਂਗੇ ਪਰ ਹੁਣ ਇਥੇ ਇਹ ਦੱਸਣ ਦਾ ਵੀ ਯਤਨ ਕਰੋ ਕਿ ਤ੍ਰਿਬੇਣੀ ਨੂੰ ਕਿਸ ਤਰਾਂ ਤੁਸੀਂ ਰਾਮਦਾਸ ਸਰੋਵਰ ਮੰਨ ਲਿਆ? ਉਸ ਬਾਬਤ ਤਾਂ ਕਿਸੇ ਵੀ ਇਤਿਹਾਸ ਜਾਂ ਗੁਰਬਾਣੀ ਵਿੱਚ ਹਵਾਲਾ ਨਹੀਂ ਹੈ ਕਿ ਗੁਰੂ ਸਾਹਿਬਾਨ ਜੀ ਨੇ ਤ੍ਰਿਬੇਣੀ ਇਸ਼ਨਾਨ ਨੂੰ ਰਾਮਦਾਸ ਸਰੋਵਰਿ ਦੇ ਇਸ਼ਨਾਨ ਵਾਂਗ ਮਹਾਤਮ ਦਿੱਤਾ ਹੈ?

ਰਾਮਦਾਸ ਸਰੋਵਰਿ; ਨਾਤੇ।। ਸਭਿ ਉਤਰੇ; ਪਾਪ ਕਮਾਤੇ।।

ਇਹਨਾਂ ਪੰਕਤੀਆਂ ਦੇ ਇੱਕ ਅਰਥ ਰਾਮਦਾਸ ਜੀ ਦੇ ਸਰੋਵਰ ਵਿੱਚ ਇਸਨਾਨ ਕਰਨ ਨੂੰ ਪਵਿੱਤਰ ਦਰਸਾਇਆ ਹੈ ਜੋ ਕਿ ਬਿਲਕੁਲ ਦਰੁਸਤ ਹੈ। ਤੇ ਹਰ ਸਿੱਖ ਨੂੰ ਗੁਰੂ ਰਾਮਦਾਸ ਜੀ ਦੇ ਦਰ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਪਵਿਤਰ ਕਰਨਾ ਚਾਹੀਦਾ ਹੈ। ਪਰ ਉਥੇ ਹੀ ਮਨ ਦੀ ਪਵਿਤਰਾ ਲਈ ਅਸੀਂ ਇਥੇ ਅਸੀਂ ਭਾਵ ਅਰਥ ਹੀ ਲਿਖਣ ਜਾ ਰਹੇ ਹਾਂ ਜੋ ਕਿ ਜਿਆਦਾਤਰ ਸੰਗਤਾਂ ਨੂੰ ਨਹੀਂ ਪਤਾ ਹੁੰਦੇ।

ਹੇ ਭਾਈ ! ਜਿਹੜੇ ਰਾਮਦਾਸ(ਰਾਮ+ਦਾਸ) ਰਾਮ= ਪਰਮੇਸ਼ਰ ਦੇ ਦਾਸ= ਸੇਵਕਾਂ ਭਾਵ ਸੰਤਾਂ ਦੇ ਮਿਲਾਪ ਦੁਆਰਾ ਗੁਰਾਂ ਦੇ ਸਤਿਸੰਗਤ ਰੂਪੀ ਸਰੋਵਰਿ= ਤਾਲ ਵਿਚ ਮਨ, ਬਾਣੀ, ਸਰੀਰ ਕਰਕੇ ਇਸ਼ਨਾਨ ਕਰਦੇ ਹਨ। ਜੋ ਰਾਮ= ਪਰਮੇਸ਼ਰ ਦੀ ਪ੍ਰਾਪਤੀ ਦੀ ਦੱਸ ਪਾਉਣ ਵਾਲੇ ਪੂਰੇ ਸਤਿਗੁਰੂ ਜੀ ਹਨ, ਉਨ੍ਹਾਂ ਨੂੰ ਜੋ ਸਤ ਜਿਤ ਅਨੰਦ ਰੂਪ ਜਾਣਦੇ ਹਨ, ਉਨ੍ਹਾਂ ਦੇ ਸਰੂਪ ਰੂਪੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ, ਉਨ੍ਹਾਂ ਦੇ ਜਨਮਾਂ ਜਨਮਾਂਤਰਾਂ ਦੇ ਕਮਾਤੇ= ਕਮਾਏ ਹੋਏ ਸਭਿ= ਸਾਰੇ ਗੁਨਾਹ ਉਤਰੇ= ਉਤਰ ਜਾਂਦੇ ਹਨ, ਮਿਟ ਜਾਂਦੇ ਹਨ।

ਨਿਰਮਲੁ ਨਾਵਣੁ ਨਾਨਕਾ; ਗੁਰੁ ਤੀਰਥੁ ਦਰੀਆਉ।।੧੦।।

ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੁ= ਸਤਿਗੁਰੂ ਸਾਹਿਬ ਜੀ ਦਰੀਆਉ= ਦਰਿਆ ਦੇ ਵਹਿਣ ਵਾਂਗ ਸਦਾ ਉੱਜਲ ਸਰੂਪ ਹਨ ਭਾਵ ਹੰਗਤਾ ਰੂਪੀ ਮੈਲ ਤੋਂ ਰਹਿਤ ਹਨ। ਗੁਰੂ ਸਾਹਿਬ ਜੀ ਤੀਰਥੁ= ਪਵਿੱਤਰ ਸਰੂਪ ਤੇ ਦਰੀਆਉ= ਦ੍ਰਵੀਭੂਤ ਹਨ ਭਾਵ ਸਿੱਖਾਂ ਨੂੰ ਸਦਾ ਪ੍ਰਮਾਰਥ ਵਿਚ ਜੋੜਨ ਵਾਲੇ ਹਨ। ਸਤਿਗੁਰੂ ਸਾਹਿਬ ਜੀ ਤੀਰਥ ਰੂਪ ਤੇ ਦਰਿਆ ਦੇ ਵਹਿਣ ਵਾਂਗ ਉੱਜਲ ਰੂਪ ਹਨ, ਤਿਨ੍ਹਾਂ ਵਿਚ ਜੋ ਪਰਮੇਸ਼ਰ ਦਾ ਨਾਮ ਰੂਪੀ ਜਲ ਹੈ, ਉਸ ਉੱਜਲ ਨਾਮ ਰੂਪੀ ਜਲ ਵਿਚ ਸ੍ਰਵਣ ,ਮੰਨਣ, ਨਿਧਿਆਸਣ ਰੂਪੀ ਨਾਵਣੁ= ਇਸ਼ਨਾਨ ਕਰ।।੧੦।।

ਅੱਗੇ ਤੁਸੀਂ ਲੇਖ ਨੂੰ ਲੰਮਾ ਖਿਚਣ ਲਈ ਕਈ ਗੁਰਬਾਣੀ ਦੀਆਂ ਪੰਕਤੀਆਂ ਦੇ ਹਵਾਲੇ ਦੇ ਕਿ ਇਹ ਸਿਧ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਜੀ ਨੇ ਪ੍ਰਗਿਆ ਰਾਜ ਵਿਖੇ ਚਰਨ ਪਾਏ ਉਸ ਧਰਤੀ ਨੂੰ ਪਵਿਤਰ ਕੀਤਾ। ਜਿਸ ਕਾਰਨ ਗੁਰੂ ਚਰਨ ਛੋਹ ਪ੍ਰਾਪਤ ਹੋਣ ਕਾਰਨ ਆਪ ਜੀ ਬਾਬਾ ਹਰਨਾਮ ਸਿੰਘ ਜੀ ਦੇ ਇਸਨਾਨ ਨੂੰ ਪਵਿਤਰ ਇਸ਼ਨਾਨ ਵਿਚ ਬਦਲਣ ਦਾ ਯਤਨ ਕਰ ਰਹੇ ਹੋ। ਫਿਰ ਜੇ ਇਹੀ ਕਾਰਨ ਸੀ ਤਾਂ ਗੁਰੂ ਸਾਹਿਬਾਨ ਜੀ ਨੇ ਅਲੱਗ ਪੰਥ ਹੀ ਕਿਉਂ ਚਲਾਇਆ? ਅਲੱਗ ਤੀਰਥ ਅਸਥਾਨ ਕਿਉਂ ਬਣਵਾਏ? ਜਿਸ ਤਰ੍ਹਾਂ ਏਨੇ ਲੰਮੇ ਸਮੇਂ ਤੋਂ ਚਲੀਆਂ ਰਹੀਆਂ ਮਨੌਤਾਂ ਸਨ ਜੇ ਉਹੀ ਕਰਨੀਆਂ ਸਨ ਤਾਂ ਫਿਰ ਗੁਰਬਾਣੀ ਵਿਚ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ ਜਿਹੇ ਕਟਾਸ਼ ਭਰੇ ਸ਼ਬਦ ਲਿਖਣ ਦੀ ਜਰੂਰਤ ਕਿਉਂ ਪਈ? ਗੁਰੂ ਸਾਹਿਬਾਨ ਜੀ ਉਹਨਾਂ ਅਸਥਾਨਾਂ ਤੇ ਗਏ ਸਨ ਅੰਧਵਿਸ਼ਵਾਸੀਆਂ ਨੂੰ ਸਹੀ ਰਸਤੇ ਪਾਉਣ। ਨਾ ਕਿ ਤ੍ਰਿਬੇਣੀ ਦੇ ਇਸ਼ਨਾਨ ਦੀ ਮਹਾਨਤਾ ਗੁਰੂ ਘਰਾਂ ਦੇ ਸਰੋਵਰ ਨਾਲ ਮਿਲਾ ਕਿ ਫਿਰ ਤੋਂ ਬ੍ਰਾਹਮਣ ਦੀ Supremacy ਕਾਇਮ ਕਰਨ। ਬਿਪਰ ਤੇ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਵਿਸ਼ਣੂ ਮੰਦਰ ਸਾਬਿਤ ਕਰਨ ਤੇ ਲੱਗਾ ਹੋਇਆ ਤੁਹਾਡੀਆਂ ਇਹਨਾਂ ਬੇਵਕੁਫੀਆਂ ਨੇ ਉਹਨਾਂ ਨੂੰ ਆਪਣੇ ਮਿਸ਼ਨ ਵਿਚ ਕਾਮਯਾਬ ਕਰ ਦੇਣਾ ਹੈ। ਜਿਸ ਤਰ੍ਹਾਂ ਆਪ ਜੀ ਦੇ ਬੁਲਾਰੇ ਗੋਇੰਦਵਾਲ ਸਾਹਿਬ ਤੇ ਗੰਗਾ ਦੇ ਜਲ ਨੂੰ ਇਕੋ ਸਮਾਨ ਦਸ ਕੇ ਉਹਨਾਂ ਦੀਆਂ ਕੀਤੀਆਂ ਹੋਈਆਂ ਬੇਦਲੀਲਾਂ ਨੂੰ ਸਹੀ ਸਾਬਿਤ ਕਰ ਰਹੇ ਹੋ। ਅਸੀਂ ਇਹ ਨਹੀਂ ਕਹਿੰਦੇ ਕਿ ਆਪ ਜੀ ਦੀ ਸੰਸਥਾ ਸਰਕਾਰੀ ਹੈ ਜਾਂ ਆਪ ਜੀ ਕਿਸੇ ਲਾਲਚ ਵਸ ਇਹ ਦਲੀਲਾਂ ਦੇ ਰਹੇ ਹੋ। ਦਮਦਮੀ ਟਕਸਾਲ ਪੰਥ ਦੀ ਮਾਂ ਸੰਸਥਾ ਹੈ। ਏਨੀ ਜਲਦੀ ਬਿਪਰ ਦਾ ਪ੍ਰਭਾਵ ਕਬੂਲ ਨਹੀਂ ਸਕਦੀ ਤੁਸੀਂ ਸਿਰਫ ਆਪਣੇ ਮੁਖੀ ਦੀ ਚਾਟੂਕਾਰਤਾ ਕਰਨ ਲਈ ਗੁਰਬਾਣੀ ਦੇ ਅਰਥਾਂ ਨੂੰ ਆਪਣੇ ਅਨੁਸਾਰ ਕਰ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਪਰ ਉਥੇ ਹੀ ਦੂਜੇ ਪਾਸੇ ਆਪ ਜੀ ਦੀ ਸੰਸਥਾ ਦੇ ਹੋਣਹਾਰ ਵਿਦਿਆਰਥੀ ਰਣਜੀਤ ਸਿੰਘ (ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਵਰਗੇ ਵੀਰ ਕਿਸੇ ਮੁਖੀ ਦੇ ਤਲਵੇ ਚੱਟਣ ਦੀ ਬਜਾਏ ਗੁਰਮਤ ਨੂੰ ਤਰਜੀਹ ਦੇ ਕੇ ਇਸ ਸੰਸਥਾ ਦੇ ਅਸਲ ਵਿਦਿਆਰਥੀ ਹੋਣ ਦਾ ਫਰਜ ਨਿਭਾ ਰਹੇ ਹਨ। ਲੇਖ ਦਾ ਅਕਾਰ ਪਹਿਲਾਂ ਹੀ ਬਹੁਤ ਵੱਡਾ ਹੋ ਗਿਆ। ਆਪ ਜੀ ਦੇ ਜਵਾਬ ਦੇ ਰੂਪ ਵਿਚ ਅਗਲਾ ਲੇਖ ਲੈ ਕੇ ਹਾਜਿਰ ਹੋਵਾਂਗੇ। ਜੇ ਤੁਸੀਂ ਫਿਰ ਗੁਰਮਤਿ ਦੇ ਉਲਟ ਕੁਝ ਸਾਬਿਤ ਕਰਨ ਦਾ ਯਤਨ ਕਰੋਗੇ--

ਧੰਨਵਾਦ ਸਾਹਿਤ     ਸੁਰਜੀਤ ਸਿੰਘ ਜਰਮਨੀ

image



                                                                                                                           

Posted By: GURBHEJ SINGH ANANDPURI

Loading…
Loading the web debug toolbar…
Attempt #