ਭਗਵੇਂ ਬ੍ਰਿਗੇਡ ਵੱਲੋਂ ਸਿੱਖਾਂ ਨੂੰ ਸੰਤਾਪ ਦੇਣ ਦੀ ਚਾਲ
10 Mar, 2026 09:19 PM
ਭਗਵੇਂ ਬ੍ਰਿਗੇਡ ਨੂੰ ਸਭ ਪਤਾ ਹੈ ਕਿ ਸੌਦੇ ਸਾਧ ਕੋਲ ਕੋਈ ਲੱਖਾਂ ਦਾ ਵੋਟ ਬੈਂਕ ਨਹੀਂ, ਜੇ ਉਸਦੇ ਮਗਰ ਵੋਟ ਹੁੰਦੀ ਤਾਂ ਓਹਦੇ ਗੜ੍ਹ ਵਾਲੇ ਇਲਾਕੇ 'ਚੋਂ ਉਸ ਦੇ ਕੁੜਮ ਦੀ ਵੋਟਾਂ 'ਚ ਸ਼ਰਮਨਾਕ ਹਾਰ ਕਿਉਂ ਹੁੰਦੀ। ਜਿਹੜਾ ਸੌਦਾ ਸਾਧ ਆਪਣੇ ਕੁੜਮ ਨੂੰ ਜਿਤਾਉਣ ਜੋਗਾ ਨਹੀਂ ਓਹ ਪੰਜਾਬ ਭਰ 'ਚ ਕੀ ਲੱਲਰ ਲਾਵੇਗਾ ? ਪਰ ਇਸਦੇ ਬਾਵਜੂਦ ਭਗਵਾਂ ਬ੍ਰਿਗੇਡ ਜੋ ਸੌਦੇ ਸਾਧ ਤੇ ਓਹਦੇ ਢਾਈ ਟੋਟਰੂਆਂ ਨੂੰ ਜਵਾਈਆਂ ਵਾਂਗ ਮੰਨਦਾ ਹੈ। ਕਿਉਂ ? ਇਵੇਂ ਹੀ ਬਾਬੇ ਧੁੰਮੇ ਮਗਰ ਹੁਣ ਸੰਤ ਸਮਾਜ ਵੀ ਨਹੀਂ, ਅੱਜ ਦੀ ਤਰੀਕ 'ਚ ਬਾਬੇ ਦਾ ਹਮਾਇਤੀ ਵਰਗ ਖ਼ਤਮ ਹੈ ਪਰ ਤਦ ਵੀ ਭਾਜਪਾ, ਬਾਬੇ ਨੂੰ ਹਰ ਵੇਲੇ ਚੌਧਰੀ ਬਣਾ ਕੇ ਬਿਠਾਉਂਦੀ ਹੈ। ਕਿਉਂ ? ਇਵੇਂ ਹੀ ਸੁਧੀਰ ਸੂਰੀ ਤੇ ਨੈਨਸੀ ਵਰਗੇ ਹਰ ਉਸ ਸ਼ਖਸ ਨੂੰ ਭਗਵਾਂ ਬ੍ਰਿਗੇਡ ਸਤਿਕਾਰਦਾ ਹੈ ਜਿਸ ਵਿੱਚ ਆਪਣੀਆਂ ਕਰਤੂਤਾਂ ਨਾਲ ਸਿੱਖ ਕੌਮ ਨੂੰ ਸਤਾਉਣ ਦੀ ਸਮਰੱਥਾ ਹੋਵੇ। ਇਹੋ ਜਿਹੇ ਲੋਕਾਂ ਨੂੰ ਜਿਉਂਦੇ-ਜੀਅ ਭਗਵਾਂ ਬ੍ਰਿਗੇਡ ਰੱਜ ਕੇ ਸਿੱਖਾਂ ਖ਼ਿਲਾਫ਼ ਵਰਤਦਾ ਹੈ ਤੇ ਮਰਨ ਮਗਰੋਂ ਵੀ। ਭਗਵੇਂ ਬ੍ਰਿਗੇਡ ਨੂੰ ਹਰ ਉਹ ਬੰਦਾ, ਘਟਨਾ, ਵਰਤਾਰਾ ਇੱਕ ਤੋਹਫ਼ਾ ਲੱਗਦਾ ਹੈ ਜੋ ਸਿੱਖਾਂ ਨੂੰ ਸੰਤਾਪ ਦੇ ਸਕਦਾ ਹੋਵੇ। ਸੋ ਚਾਹੇ ਨਿਊਜ਼ੀਲੈਂਡ ਵਾਲਾ ਨੇਕੀ ਹੋਵੇ, ਚਾਹੇ ਕੋਈ ਹੋਰ ਜਿਹੜਾ ਵੀ ਸਿੱਖਾਂ ਨੂੰ ਬੇਵੱਸ ਤੇ ਲਾਚਾਰ ਸਾਬਤ ਕਰ ਸਕੇ, ਸਿੱਖਾਂ ਨੂੰ ਜ਼ਲੀਲ ਕਰ ਸਕੇ, ਉਹ ਭਾਜਪਾ ਲਈ ਸੌਗਾਤ ਹੈ। ਬਾਬਾ ਧੁੰਮਾ ਜਦ ਭਗਵੇਂ ਬ੍ਰਿਗੇਡ ਨਾਲ ਘਿਓ-ਖਿੱਚੜੀ ਹੋ ਕੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਦਾ ਹੈ, ਜਦ ਸਿੱਖ ਕਲਪਦੇ ਹਨ ਤਾਂ ਭਗਵੇਂ ਬ੍ਰਿਗੇਡ ਦਾ ਢੋਲ ਵਜਾ ਕੇ ਭੰਗੜਾ ਪਾਉਣ ਨੂੰ ਦਿਲ ਕਰਦਾ ਹੈ। ਹੋਰ ਭਾਜਪਾ ਨੇ ਬਾਬੇ ਧੁੰਮੇਂ ਤੋਂ ਕੀ ਕਰਵਾਉਣਾ, ਬਸ ਸਿੱਖਾਂ ਨੂੰ ਜ਼ਲੀਲ ਕਰਨਾ ਕਿ ਕਰ ਲਵੋ, ਕੀ ਕਰ ਹੁੰਦਾ। ਇਵੇਂ ਹੀ ਸੌਦੇ ਸਾਧ ਨੂੰ ਪੈਰੋਲਾਂ ਦੇ ਕੇ, ਬਰੀ ਕਰਕੇ ਤੇ ਉਸਦੇ ਹਮਾਇਤੀਆਂ ਨੂੰ ਥਾਪੜੇ ਦੇ ਕੇ ਭਗਵਾਂ ਬ੍ਰਿਗੇਡ ਸਿੱਖਾਂ ਨੂੰ ਜ਼ਲੀਲ ਕਰਦਾ ਕਿ 'ਆਹ ਫਿਰਦਾ ਜੀਹਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ, ਕਰ ਲਵੋ ਕੀ ਕਰ ਹੁੰਦਾ।' ਇਹੋ ਜਿਹੇ ਬੇਸ਼ੁਮਾਰ ਜਮੂਰੇ ਹਨ ਜੋ ਸਿੱਖ ਕੌਮ ਨੂੰ ਲਗਾਤਾਰ ਜ਼ਲੀਲ ਕਰਦੇ ਹਨ ਤੇ ਉਨ੍ਹਾਂ ਮਗਰ ਭਗਵਾਂ ਬ੍ਰਿਗੇਡ ਡਟਿਆ ਹੋਇਆ ਹੈ। ਡਾ. ਗੁਰਿੰਦਰ ਰੰਘਰੇਟਾ ਜਾਂ ਹਰਜੀਤ ਰਸੂਲਪੁਰੀ ਤਾਂ ਐਵੇ ਬਦਨਾਮ ਨੇ, ਬਥੇਰੇ ਸਾਬਕਾ ਪੁਲਸੀਏ ਤੇ ਹੋਰ ਖੱਬੀ ਖ਼ਾਨ ਬਗੈਰ ਤਨਖਾਹ ਤੋਂ ਭਗਵੇਂ ਬ੍ਰਿਗੇਡ ਲਈ ਸੇਵਾ ਕਰ ਰਹੇ ਨੇ। ਇਹ ਲੋਕ ਲਗਾਤਾਰ ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਸ਼ਖ਼ਸੀਅਤਾਂ, ਸਿੱਖ ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਦੇ ਖਿੱਲੀ ਉਡਾਉਂਦੇ ਨੇ, ਕਦੇ ਭੰਡੀ ਪ੍ਰਚਾਰ। ਇਹਨਾਂ ਸਭ ਦਾ ਆਧਾਰ ਨਕਲੀ ਨਿਰੰਕਾਰੀਆਂ ਦੀਆਂ ਉਹ ਲਿਖਤਾਂ ਨੇ ਜੋ 1978/80 ਵਿੱਚ ਟਕਰਾਅ ਦਾ ਕਾਰਨ ਬਣੀਆਂ ਸਨ। ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਦੇ ਹੁੰਦਿਆਂ 1983 ਵਿੱਚ ਇੱਕ ਕਿਤਾਬ ਆਈ ਸੀ ਜਿਸ ਵਿੱਚ ਨਰਕਧਾਰੀਆਂ ਦੀਆਂ ਉਹ ਗੱਲਾਂ ਲਿਖੀਆਂ ਹੋਈਆਂ ਸੀ ਜਿਨ੍ਹਾਂ ਕਰਕੇ ਸਿੱਖਾਂ ਵਿੱਚ ਰੋਸ ਸੀ। ਹੁਣ ਓਹੀ ਸਭ ਕੁਝ ਇਹ ਭਗਵੇਂ ਬ੍ਰਿਗੇਡ ਦੇ ਚਹੇਤੇ ਕਹਿੰਦੇ ਹਨ। ਨੈਨਸੀ ਦੀ ਬਕਵਾਸ ਸੌ ਪ੍ਰਤੀਸ਼ਤ ਨਰਕਧਾਰੀਆਂ ਦੀ ਭਕਾਈ ਨਾਲ ਮਿਲਦੀ ਸੀ। ਕੀਹਨੂੰ ਯਾਦ ਹੈ ਕਿ ਜਦ ਸੌਦਾ ਸਾਧ ਦਾ ਮਸਲਾ ਜੋਬਨ ਉਤੇ ਸੀ ਉਹਨਾਂ ਦਿਨਾਂ ਵਿੱਚ ਹੀ ਬਾਦਲ ਸਰਕਾਰ ਨੇ ਪੰਜਾਬ ਵਿੱਚ ਨਰਕਧਾਰੀਆਂ ਦੇ ਡੇਰੇ ਖੋਲ੍ਹਣ ਦਾ ਹੁਕਮ ਦਿੱਤਾ ਸੀ ਜਿਨ੍ਹਾਂ ਉਤੇ 1978 ਤੋ ਪਾਬੰਦੀ ਸੀ। ਹੁਣ ਪੰਜਾਬ ਭਰ ਵਿੱਚ ਐਤਵਾਰ ਨੂੰ ਨਰਕਧਾਰੀਆਂ ਦੇ ਡੇਰੇ ਖੁੱਲ੍ਹਦੇ ਹਨ ਜਿੱਥੇ ਓਹ ਲੋਕ ਪਹੁੰਚਦੇ ਨੇ ਜਿਨ੍ਹਾਂ ਨੂੰ ਤਕਲੀਫ਼ ਹੈ ਕਿ ਅਸੀ ਭਨਿਆਰੇ, ਨੂਰਮਹਿਲ, ਸਿਰਸੇ ਜਾਂਦੇ ਹੁੰਦੇ ਸੀ ਪਰ 'ਸਿੱਖਾਂ ਨੇ ਸਾਡੇ ਸਤਸੰਗ ਬੰਦ ਕਰਵਾ ਦਿੱਤੇ ਨੇ।' ਇਹ ਜ਼ਖ਼ਮੀ ਮਾਨਸਿਕਤਾ ਵਾਲੇ ਲੋਕ 'ਨਰਕਧਾਰੀਆਂ ਦੇ ਸਤਸੰਗ' ਤੋਂ ਭਲਾ ਕੀ ਸਿੱਖਦੇ ਹੋਣਗੇ ? ਸੋ, ਭਗਵਾਂ ਬ੍ਰਿਗੇਡ ਇੱਕ ਪੂਰੀ ਫ਼ੌਜ ਤਿਆਰ ਕਰ ਰਿਹਾ ਹੈ ਜੋ ਸਿੱਖਾਂ ਨੂੰ ਹਰ ਵੇਲੇ ਜ਼ਲੀਲ ਕਰਦੀ ਰਹੇ ਤੇ ਜਦ ਕੋਈ ਨੈਨਸੀ ਵਾਂਗ ਮਰ ਜਾਵੇ ਤਾਂ ਸਿੱਖਾਂ ਨੂੰ ਹੋਰ ਸੰਤਾਪ ਦੇਵੋ ਕਿ 'ਸੱਚ ਬੋਲਦੀ ਸੀ।' ਹੁਣ ਸਿੱਖੀ ਅਤੇ ਸਿੱਖਾਂ ਦੇ ਇਹ ਨਵੀਨ ਵੈਰੀ ਲਗਾਤਾਰ ਭਗਵੇਂ ਬ੍ਰਿਗੇਡ ਦੀਆਂ ਰੀਝਾਂ ਪੂਰੀਆਂ ਕਰ ਰਹੇ ਨੇ। ਬੋਲਣ ਦੀ ਅਜ਼ਾਦੀ ਦੇ ਬੈਨਰ ਹੇਠ ਸਿੱਖ ਕੌਮ ਉਤੇ ਹਮਲਾਵਰ ਇਹ ਲੋਕ ਦਾਅਵਾ ਕਰਦੇ ਨੇ ਕਿ ਅਸਲ ਸਿੱਖ ਅਸੀ ਹਾਂ। ਬੀਤੇ ਸੰਘਰਸ਼ ਵਿੱਚ ਕੁਰਬਾਨੀਆਂ ਕਰਨ ਵਾਲੇ, ਤਸ਼ੱਦਦ ਝੱਲਣ ਵਾਲੇ, ਸ਼ਹਾਦਤਾਂ ਪਾਉਣ ਵਾਲੇ ਸਿੱਖਾਂ ਦੀ ਥਾਂ ਸਿੱਖ ਫ਼ਲਸਫ਼ੇ ਤੇ ਇਤਿਹਾਸ ਦਾ ਭੋਗ ਪਾਉਣ ਨਿਕਲੇ ਭਗਵੇਂ ਬ੍ਰਿਗੇਡ ਦੇ ਹੱਥਠੋਕੇ ਦਮਗਜੇ ਮਾਰ ਰਹੇ ਨੇ ਕਿ ਅਸਲ ਸਿੱਖ ਅਸੀ ਹਾਂ। ਸੌ ਸਾਲ ਪਹਿਲਾਂ ਗੁਰਦਵਾਰਾ ਸੁਧਾਰ ਲਹਿਰ ਨੇ ਇਹੋ ਜਿਹੇ ਬ੍ਰਾਹਮਣਵਾਦੀ ਹਮਲੇ ਨੂੰ ਪਛਾੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨਾਮੀ ਤਿੰਨ ਪ੍ਰਾਪਤੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਹੁਣ ਬਹੁਤ ਖੋਰਾ ਲੱਗ ਚੁੱਕਾ ਹੈ ਪਰ ਅਜੇ ਵੀ ਕੌਮ ਉਡੀਕ ਰਹੀ ਹੈ ਕਿ ਇੱਕ ਦਿਨ ਇਨ੍ਹਾਂ ਸੰਸਥਾਵਾਂ ਰਾਹੀਂ ਹੀ ਦੁਸ਼ਮਣ ਉਤੇ ਫ਼ਤਹਿ ਪਾਵਾਂਗੇ। ਵੇਖੋ ਇਤਿਹਾਸ ਕਿੱਧਰ ਨੂੰ ਜਾਂਦਾ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







