ਨਵਾਂ ਸਿੱਖ ਸਾਲ ਨਵੀਂ ਆਸ ਨਾਲ — ਡਾ. ਸਤਿੰਦਰ ਪਾਲ ਸਿੰਘ
10 Mar, 2026 11:44 PM
ਨਾਨਕਸ਼ਾਹੀ ਸੰਮਤ ੫੫੭ ਵਿੱਚ ਪੰਥਕ ਮਸਲੇ ਗੁੰਝਲਦਾਰ ਹੁੰਦੇ ਵੇਖੇ ਗਏ ਹਨ। ਕੋਈ ਵੀ ਧਰਮ , ਸਮਾਜ , ਸੰਸਥਾ ਮਸਲਿਆਂ ਤੋਂ ਮੁਕਤ ਨਹੀਂ। ਅਸਹਿਮਤੀ ਜਾਗਰੂਕ ਚੇਤਨਾ ਦੀ ਨਿਸ਼ਾਨੀ ਹੁੰਦੀ ਹੈ। ਵਿਚਾਰ ਸ਼ੀਲਤਾ ਹੈ ਤਾਂ ਸਹਿਮਤੀ - ਅਸਹਿਮਤੀ ਹੋਣਾ ਸੁਭਾਵਕ ਹੈ। ਅਸਹਿਮਤੀ ਚਿੰਤਾ ਦਾ ਕਾਰਨ ਨਹੀਂ ਹੁੰਦੀ , ਚਿੰਤਾ ਤਾਂ ਹੁੰਦੀ ਹੈ ਜਦੋਂ `ਅਸਹਿਮਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤੇ ਗੰਭੀਰਤਾ ਨਾਲ ਉਸ ਦੇ ਨਿਦਾਨ ਲਈ ਜਤਨ ਨਹੀਂ ਕੀਤੇ ਜਾਂਦੇ। ਵਿਵੇਕ ਹੋਵੇ ਤਾਂ ਮਸਲੇ ਸਮੱਸਿਆ ਨਹੀਂ ਰਹਿੰਦੇ। ਸਿੱਖ ਪੰਥ ਦੇ ਮਸਲੇ ਸਮੱਸਿਆ ਬਣਦੇ ਜਾ ਰਹੇ ਹਨ। ਸਿੱਖ ਨਿਤ ਅਰਦਾਸ ਕਰਦਾ ਹੈ ਵਿਵੇਕ ਦਾਨ ਦੀ ਪਰ ਵਿਵੇਕ ਜਾਗ੍ਰਤ ਨਹੀਂ ਹੋ ਰਿਹਾ। ਚੈਤ ਤੋਂ ਆਰੰਭ ਹੋਣ ਵਾਲੇ ਨਵੇਂ ਸਾਲ ਵਿੱਚ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਅਕਾਲ ਪੁਰਖ ਸਿੱਖ ਕੌਮ ਨੂੰ ਵਿਵੇਕ ਦਾਨ ਬਖਸ਼ੇ। ਮਸਲੇ ਹੱਲ ਕਰਨ ਲਈ ਹਿੰਮਤ ਚਾਹੀਦੀ ਹੈ। ਵਿਵੇਕ ਦੀ ਘਾਟ ਨੇ ਮਸਲਿਆਂ ਨੂੰ ਅਣਦੇਖਿਆਂ ਕਰਨ ਤੇ ਸਵਾਲਾਂ ਤੋਂ ਬਚਣ ਦੀ ਪ੍ਰਵ੍ਰਿਤੀ ਨੂੰ ਜਨਮ ਦਿੱਤਾ ਹੈ। ਸੰਨ ੧੯੩੬ ਵਿੱਚ ਸਿੱਖ ਰਹਿਤ ਮਰਯਾਦਾ ਪ੍ਰਵਾਨ ਕਰਨ ਤੋਂ ਬਾਅਦ ਅੱਜ ਤੱਕ ਪੰਥਕ ਸਵਾਲਾਂ ਪ੍ਰਤੀ ਨਿਰੰਤਰ ਉਦਾਸੀਨਤਾ ਵਰਤੀ ਗਈ ਹੈ। ਵਿਵੇਕ ਧਾਰਕ ਹੀ ਸਵਾਲਾਂ ਨਾਲ ਆਰ ਪਾਰ ਕਰ ਸਕਦਾ ਹੈ। ਕੋਈ ਪੱਖ ਸੰਤੁਸ਼ਟ ਕੋਈ ਅਸੰਤੁਸ਼ਟ ਹੋ ਸਕਦਾ ਹੈ ਪਰ ਅੰਤਮ ਨਿਦਾਨ ਭਵਿੱਖ ਦੀਆਂ ਬਹੁਤ ਸਾਰੀਆਂ ਪੀੜਾਂ ਤੋਂ ਬਚਾ ਲੈਂਦਾ ਹੈ। ਦਸਮ ਗ੍ਰੰਥ ਦੀ ਪ੍ਰਮਾਣਿਕਤਾ , ਤਖਤਾਂ ਦੀ ਭਿੰਨ ਭਿੰਨ ਮਰਿਆਦਾ , ਸਿੱਖ ਇਤਿਹਾਸ ਦੇ ਅੰਤਰ ਵਿਰੋਧ , ਸਾਖੀਆਂ ਵਿੱਚ ਗੁਰ ਸ਼ਬਦ ਦੇ ਵਿਪਰੀਤ ਭਾਵਨਾ , ਸਿੱਖ ਸੰਸਥਾਵਾਂ ਦੀ ਸੰਗਠਨ ਰਚਨਾ ਤੇ ਕਾਰਜ ਸ਼ੈਲੀ , ਪੁਰਾਤਨ ਰਹਿਤਨਾਮੇ ਤੇ ਸਿੱਖ ਰਹਿਤ ਮਰਯਾਦਾ ਵਿੱਚ ਅੰਤਰ ਸਬੰਧ , ਸਰਬਤ ਖਾਲਸਾ ਦਾ ਸਵਰੂਪ ਤੇ ਅਜੋਕੇ ਸਮੇਂ ਵਿੱਚ ਮਹੱਤਤਾ ਆਦਿਕ ਕਈ ਸਵਾਲ ਹਨ ਜਿਨ੍ਹਾਂ ਤੋਂ ਸਦਾ ਹੀ ਬਚਿਆ ਗਿਆ ਹੈ। ਅੱਜ ਇਹ ਸਵਾਲ ਵੱਡੀ ਚੁਣੌਤੀ ਬਣ ਗਏ ਹਨ। ਨਵੀਂ ਪੀੜ੍ਹੀ ਕੋਲ ਨਾ ਪੜ੍ਹਨ ਦਾ ਸਮਾਂ ਹੈ ਨਾਂ ਹੀ ਵਿਚਾਰਨ ਦਾ। ਸਿੱਖ ਕੌਮ ਦੇ ਅਖੌਤੀ ਹਿੱਤ ਚਿੰਤਕ ਤੇ ਪੱਖ ਕਾਰ ਆਪੋ ਆਪਣੀ ਵਿਆਖਿਆ ਕਰੀ ਜਾ ਰਹੇ ਹਨ ਜਿਸ ਨਾਲ ਭਰਮ ਦੇ ਸੰਘਣੇ ਬੱਦਲ ਛਾਂਦੇ ਜਾ ਰਹੇ ਹਨ। ਪੰਥ ਵਿੱਚ ਧੜੇਬੰਦੀ ਤੇ ਵਿਅਕਤੀਗਤ ਵੈਰ ਵਿਰੋਧ ਦਾ ਮਾਹੌਲ ਬਣ ਗਿਆ ਹੈ।ਵਿਵੇਕ ਦਾਨ ਦੇ ਨਾਲ ਹੀ ਵਿਸਾਹ ਦਾਨ ਤੇ ਭਰੋਸਾ ਦਾਨ ਮੰਗਣ ਵਾਲੀ ਕੌਮ ਅੰਦਰ ਇਹ ਸਥਿਤੀ ਸ਼ਰਮਸਾਰ ਕਰਨ ਵਾਲੀ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਨਵੇਂ ਸਿੱਖ ਸੰਮਤ ੫੫੮ ਵਿੱਚ ਸਥਿਤੀਆਂ ਬਦਲਣੀਆਂ ਸ਼ੁਰੂ ਹੋਣ। ਵਿਵੇਕ ਨਾਲ ਮਸਲੇ ਹੱਲ ਹੁੰਦੇ ਹਨ ਪਰ ਇਸ ਲਈ ਵਿਸਾਹ ਤੇ ਭਰੋਸਾ ਹੋਣਾ ਪਹਿਲੀ ਲੋੜ ਹੈ।
ਸਵਾਲ ਹੈ ਕਿ ਅੱਜ ਕਿਸ ਤੇ ਭਰੋਸਾ ਕੀਤਾ ਜਾਵੇ। ਜਿਸ ਤੋਂ ਵੀ ਆਸ ਸੀ ਉਸ ਨੇ ਨਿਰਾਸ਼ ਕੀਤਾ ਹੈ। ਇਹ ਬੇਵਿਸਾਹੀ ਦਾ ਦੌਰ ਹੈ ਜੋ ਅਤਿ ਘਾਤਕ ਸਿੱਧ ਹੋ ਰਿਹਾ ਹੈ । ਪਿੱਛਲੇ ਅਨੁਭਵ ਧਿਆਨ ਵਿੱਚ ਰੱਖ ਕੇ ਕੌਮ ਨੂੰ ਇਹ ਤੈ ਕਰਨਾ ਪਵੇਗਾ ਕਿ ਆਸ ਦੇ ਜੋਗ ਕੌਣ ਹੈ , ਕਿਸ ਤੇ ਭਰੋਸਾ ਹੋਣਾ ਚਾਹੀਦੇ। ਸੰਨ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸਿੱਖ ਪੂਰੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਵੱਸੇ।ਗੁਰਦੁਆਰੇ ਬਹੁ ਗਿਣਤੀ ਵਿੱਚ ਹੋਂਦ ‘ਚ ਆਏ। ਗੁਰਦੁਆਰਿਆਂ ਦੇ ਪ੍ਰਬੰਧ ਤੇ ਮੁੱਖ ਰੂਪ ਨਾਲ ਧਨਵਾਨ , ਸਿਆਸਤਦਾਨ ਕਾਬਿਜ ਹੁੰਦੇ ਗਏ। ਅਜਿਹੇ ਲੋਗਾਂ ਦੇ ਆਪਣੇ ਨਿਜੀ ਸੁਆਰਥ ਹੁੰਦੇ ਹਨ ਜੋ ਸਦਾ ਹੀ ਅੱਗੇ ਰਹਿੰਦੇ ਹਨ। ਪੰਥ ਹਿੱਤ ਦੇ ਨਾਮ ਤੇ ਅਜਿਹੇ ਪ੍ਰਬੰਧਕਾਂ ਨੇ ਗੁਰੂ ਘਰ ਦੀ ਮਰਿਆਦਾ ਨੂੰ ਤਾਰ ਤਾਰ ਕੀਤਾ ਹੈ ਤੇ ਸਟੇਜ ਦੀ ਦੁਰਵਰਤੋਂ ਨੂੰ ਆਪਣਾ ਹੱਕ ਸਮਝ ਲਿਆ ਹੈ। ਇੱਕ ਦੋ ਦਹਾਕਿਆਂ ਤੋਂ ਘੱਟ ਰਹਿਆਂ ਘਟਨਾਵਾਂ ਨੇ ਆਮ ਸਿੱਖ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਨੇ ਵੀ ਉਦਾਸ ਕੀਤਾ ਹੈ। ਕੀ ਪੜ੍ਹੀ ਲਿਖੀ ਨਵੀਂ ਸਿੱਖ ਪੀੜ੍ਹੀ ਨੂੰ ਅੱਗੇ ਨਹੀਂ ਆਉਣਾ ਚਾਹੀਦਾ ਹੈ ਜਿਸ ਵਿੱਚ ਨਿਸ਼ਕਾਮ ਸੇਵਾ ਤੇ ਸਮਰਪਣ ਦਾ ਜਜਬਾ ਹੋਵੇ . ਜਿਸ ਅੰਦਰ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਫੈਸਲੇ ਲੈਣ ਦੀ ਹਿੰਮਤ ਹੋਵੇ। ਨਿਰਾਸ਼ ਕਰਨ ਵਾਲਾ ਪਰਿਦ੍ਰਿਸ਼ ਜੋ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਉਸ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਕਤ ਦੀ ਨਬਜ ਪਛਾਣੀ ਤੇ ਗੁਰੂ ਅਮਰਦਾਸ ਸਾਹਿਬ ਦੇ ਕਾਲ ਤੋਂ ਚੱਲ ਰਹੀ ਮਸੰਦ ਪ੍ਰਣਾਲੀ ਖਤਮ ਕਰਨ ‘ਚ ਦੇਰ ਨਹੀਂ ਲਈ ਸੀ। ਗੁਰੂ ਸਾਹਿਬ ਨੇ ਗੁਰੂ ਪਰੰਪਰਾ ਨੂੰ ਵੀ ਵਿਰਾਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪ ਦਿੱਤਾ ਸੀ। ਦਸਮ ਪਿਤਾ ਨੇ ਕਰੜੇ ਫੈਸਲਿਆਂ ਦੀ ਇੱਕ ਮਿਸਾਲ ਕਾਇਮ ਕੀਤੀ। ਇਨ੍ਹਾਂ ਦੁਹਾਂ ਫੈਸਲਿਆਂ ਨੇ ਸਿੱਖ ਪੰਥ ਨੂੰ ਅਣਗਿਣਤ ਮੁਸ਼ਕਿਲਾਂ ਤੋਂ ਉਬਾਰ ਲਿਆ। ਇਹ ਵਿਵੇਕ ਸੰਮਤ ਫੈਸਲੇ ਸਨ। ਸਿੱਖ ਕੌਮ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣ ਵਾਲੀ ਕੌਮ ਹੈ। ਕੋਈ ਸੁਪਨੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਾ ਨਹੀਂ ਹੋ ਸਕਦਾ ਪਰ ਉਨ੍ਹਾਂ ਫੈਸਲਿਆਂ ਦੀ ਭਾਵਨਾ ਨੂੰ ਕੌਮ ਦੇ ਮਾਰਗ ਦੀ ਰੋਸ਼ਨੀ ਤਾਂ ਬਣਾਇਆ ਹੀ ਜਾ ਸਕਦਾ ਹੈ।
ਗੁਰਸਿੱਖ ਸਦਾ ਹੀ ਆਸ ਵਿੱਚ ਜੀਉਂਦਾ ਹੈ। ਉਸ ਦਾ ਅਕਾਲ ਪੁਰਖ ਤੇ ਅਡੋਲ ਭਰੋਸਾ ਉਸ ਨੂੰ ਕਦੇ ਡੋਲਣ ਨਹੀਂ ਦਿੰਦਾ। ਨਵੇਂ ਸਾਲ ਦਾ ਆਰੰਭ ਉਹ ਆਨੰਦ ਦੀ ਮਨੋ ਸਥਿਤੀ ਵਿੱਚ ਹੀ ਕਰਦਾ ਹੈ “ ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ” । ਗੁਰਸਿੱਖ ਦਾ ਨਿਤਨੇਮ , ਉਸ ਦੀ ਅਰਦਾਸ ਅੰਤਰ ਮਨ ਵਿੱਚ ਭਰੋਸਾ ਪੈਦਾ ਕਰਦੀ ਹੈ।ਗੁਰੂ ਘਰ ਵਿੱਚ ਸਾਧ ਸੰਗਤ ਕਰ , ਗੁਰ ਸ਼ਬਦ ਨਾਲ ਜੁੜ ਗੁਰਸਿੱਖ ਦਾ ਮਨ ਚਿੰਤਾ ਮੁਕਤ ਹੋ ਜਾਂਦਾ ਹੈ। ਗੁਰੂ ਅੱਗੇ ਕੀਤੀ ਅਰਦਾਸ ਉਸ ਨੂੰ ਕਦੇ ਵੀ ਬੇ ਆਸ ਨਹੀਂ ਹੋਣ ਦਿੰਦੀ। ਕੌਮ ਨਵਾਂ ਸਾਲ ਇਸ ਆਸ ਨਾਲ ਸ਼ੁਰੂ ਕਰੇ ਕਿ ਉਹ ਸਾਰੇ ਸਵਾਲ ਜੋ ਦਹਾਕਿਆਂ ਤੋਂ ਭਰਮ ਤੇ ਦੁਵਿਧਾ ਦਾ ਵਿਸ਼ਾ ਬਣੇ ਹੋਏ ਹਨ ਆਪਣੇ ਅੰਤਮ ਨਿਦਾਨ ਨੂੰ ਪ੍ਰਾਪਤ ਹੋਣ। ਇੱਕ ਸਮਾਂ ਸੀ ਜਦੋਂ ਸਿੱਖ ਗਿਣਤੀ ਦੇ ਕੁਲ ਦੱਸ ਹਜਾਰ ਰਹਿ ਗਏ ਸਨ ਤੇ ਰਾਜਸਥਾਨ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਚਲੇ ਗਏ ਸਨ। ਪਰ ਉਸ ਵੇਲੇ ਵੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜਿਹੇ ਸਿਦਕੀ ਸਿੱਖ ਵਾਹਿਗੁਰੂ ਨੇ ਪੰਥ ਦੀ ਝੋਲੀ ਵਿੱਚ ਪਾਏ। ਸਮਾਂ ਬਿਖਮ ਸੀ ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ , ਬਾਬਾ ਜੱਸਾ ਸਿੰਘ ਰਾਮਗੜ੍ਹੀਆ , ਬਾਬਾ ਬਘੇਲ ਸਿੰਘ ਜਿਹੇ ਜਰਨੈਲ ਉਭਰੇ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਲਈ ਅਣਗਿਣਤ ਸਿੱਖ ਸਾਹਮਣੇ ਆ ਗਏ। ਸਿੱਖ ਕੌਮ ਨੂੰ ਆਸ ਰੱਖਣੀ ਚਾਹੀਦੀ ਹੈ ਕਿ ਵਰਤਮਾਨ ਸਥਿਤੀ ਤੋਂ ਨਿਪਟਣ ਲਈ ਵਾਹਿਗੁਰੂ ਦੀ ਕੋਈ ਨਾ ਕੋਈ ਕਲਾ ਜਰੂਰ ਵਰਤੇਗੀ।ਲੋੜ ਹੈ ਤਾਂ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਤੇ ਮਸਲਿਆਂ ਦੇ ਨਿਦਾਨ ਲਈ ਇੱਛਾ ਸ਼ਕਤੀ ਪੈਦਾ ਕਰਨ ਦੀ। ਇੱਕ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਉਚਿਤ ਸਮੇਂ ਅੰਦਰ ਸਵਾਲਾਂ ਦੇ ਵਿਵੇਕ ਜਨਿਤ ਹੱਲ ਲੱਭਣ ਲਈ ਜਤਨ ਸ਼ੀਲ ਤੋਂ ਅਲਾਵਾ ਕੋਈ ਰਾਹ ਨਾ ਬਚੇ। ਇਸ ਨਾਲ ਹੀ ਪਰਮਾਤਮਾ ਭਗਤੀ ਦੀ ਰਾਹ ਨਿਰਵਿਘਨ , ਦੁਵਿਧਾ , ਭਰਮ ਤੋਂ ਰਹਿਤ ਹੋ ਸਕਦੀ ਹੈ “ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ” । ਪਰਮਾਤਮਾ ਦੇ ਦਰਸ਼ਨ ਦੀ ਮਨ ਅੰਦਰ ਪਿਆਸ ਹੀ ਗੁਰਸਿੱਖ ਦੀ ਭਗਤੀ ਹੈ , ਗੁਰਸਿੱਖੀ ਦੀ ਰਹਿਤ ਹੈ। ਜਿਸ ਕਰਮ ਅੰਦਰ ਇਹ ਭਾਵਨਾ ਨਹੀਂ ਹੈ ਉਹ ਕਰਮਕਾਂਡ ਹੈ , ਭਰਮ ਹੈ। ਉਸ ਤੋਂ ਮੁਕਤ ਹੋਣਾ ਹੈ।
ਸਮਾਂ ਆਪਣੀਆਂ ਭੁੱਲਾਂ ਨੂੰ ਸਵੀਕਾਰ ਕਰਨ ਦਾ ਹੈ। ਸੰਦਰਭ ਬਦਲ ਚੁਕੇ ਹਨ , ਲੋੜਾਂ ਬਦਲ ਗਈਆਂ ਹਨ ਪਰ ਗੁਰ ਸ਼ਬਦ ਹਰ ਯੁਗ , ਹਰ ਕਾਲ ਵਿੱਚ ਪ੍ਰਾਸੰਗਿਕ ਹੈ । ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅੰਦਰ , ਗੁਰ ਸ਼ਬਦ ਦੀ ਸੇਧ ਅਨੁਸਾਰ ਚੱਲੇ। ਜੋ ਗੁਰ ਸ਼ਬਦ ਤੋਂ ਉਲਟ ਹੈ ਉਸ ਨੂੰ ਅਪ੍ਰਵਾਨ ਕੀਤਾ ਜਾਵੇ। ਗੁਰੂ ਅਤੇ ਗੁਰਸਿੱਖ ਦਾ ਸਿੱਧਾ ਸਬੰਧ ਹੈ । ਕੋਈ ਮਰਿਆਦਾ , ਕੋਈ ਸੰਸਥਾ , ਕੋਈ ਰੀਤ ਜੋ ਇਸ ਮਾਰਗ ਵਿੱਚ ਆਉਂਦੀ ਹੋਵੇ , ਇਸ ਸਬੰਧ ਨੂੰ ਪ੍ਰਭਾਵਿਤ ਕਰਦੀ ਹੋਵੇ ਉਸ ਤੋਂ ਦੂਰ ਹੋ ਜਾਣਾ ਹੀ ਪਂਥ ਦੇ ਹਿੱਤ ਵਿੱਚ ਹੈ ।
ਡਾ. ਸਤਿੰਦਰ ਪਾਲ ਸਿੰਘ ਈ - 1716 , ਰਾਜਾਜੀਪੁਰਮ ਲਖਨਊ - 226017 ਈ ਮੇਲ - akaalpurkh.7@gmail.com
Posted By: GURBHEJ SINGH ANANDPURI







