Nazrana Times

ਪੰਜਾਬੀ

ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ

05 Apr, 2025 01:04 AM
ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ

ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ, ਖ਼ਾਲਸਾ ਪੰਥ ਦੀ ਐਸੀ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਦੀਆਂ ਸਿਫ਼ਤਾਂ ਦੂਜੀਆਂ ਕੌਮਾਂ ਦੇ ਲੋਕ ਵੀ ਕਰਦੇ ਹਨ। ਜਦੋਂ ਸੰਨ 2023 ’ਚ ਅਸੀਂ ਕਸ਼ਮੀਰ ਗਏ ਤਾਂ ਪਹਿਲਗਾਮ ’ਚ ਅਚਾਨਕ ਹੀ ਸਾਡੀ ਮੁਲਾਕਾਤ ਇੱਕ ਮੁਸਲਿਮ ਵੀਰ ‘ਮਹਿਰਾਜ ਦੀਨ ਭੱਟ’ ਨਾਲ਼ ਹੋਈ। ਜਦ ਉਸ ਨੇ ਮੇਰੀ ਗੱਡੀ ’ਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਵੇਖੀ ਤਾਂ ਉਹ ਬਾਗ਼ੋ-ਬਾਗ਼ ਹੋ ਗਿਆ, ਉਸ ਨੇ ਸੰਤਾਂ ਦੀ ਤਸਵੀਰ ਨੂੰ ਸੈਲਿਊਟ ਕੀਤਾ। ਮੇਰੇ ਦੋਸਤ ਸ. ਅੰਗਦ ਸਿੰਘ ਨੇ ਸਾਨੂੰ ਉਸ ਨਾਲ਼ ਮਿਲ਼ਾਇਆ ਤੇ ਅਸੀਂ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ।

ਉਸ ਮੁਸਲਿਮ ਵੀਰ ਦੀ ਕਹੀ ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ, ਤੇ ਵਾਰ-ਵਾਰ ਕੰਨਾਂ ’ਚ ਗੂੰਜਦੀ ਰਹਿੰਦੀ ਹੈ। ਉਸ ਦੇ ਬੋਲ ਸਨ ਕਿ “ਅਰੇ ਸਰਦਾਰ! ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ, ਵੋਹ ਬਹੁਤ ਮਹਾਨ ਥੇ। ਵੋਹ ਹਮਾਰੇ ਲੀਡਰੋਂ ਜੈਸੇ ਨਹੀਂ ਥੇ, ਉਨਹੋਂ ਨੇ ਅਪਨਾ ਲਹੂ ਵਹਾ ਕਰ ਆਪ ਕੀ ਕੌਮ ਕੋ ਜ਼ਿੰਦਾ ਕਰ ਦੀਆ। ਆਜ ਭੀ ਸਰਕਾਰ ਉਸ ਕੀ ਫੋਟੋ ਸੇ ਡਰਤੀ ਹੈ, ਆਪ ਨੇ ਗਾੜੀ ਪਰ ਉਸ ਕੀ ਫੋਟੋ ਲਗਾ ਕਰ ਹਮੇਂ ਖ਼ੁਸ਼ ਕਰ ਦੀਆ। ਸੰਘਰਸ਼ ਔਰ ਜੰਗ ਕੀ ਸਫ਼ਲਤਾ ਕੇ ਲੀਏ ਐਸੇ ਲੀਡਰ ਕਾ ਹੋਨਾ ਬਹੁਤ ਜ਼ਰੂਰੀ ਹੈ, ਨਹੀਂ ਤੋ ਸਭ ਖ਼ਾਕ ਮੇਂ ਮਿਲ਼ ਜਾਤਾ ਹੈ।”

ਇਸੇ ਤਰ੍ਹਾਂ ਸੰਨ 2019 ’ਚ ਸ੍ਰੀ ਨਗਰ ਦੇ ਬਜ਼ਾਰ ’ਚ ਸਾਨੂੰ ਇੱਕ ਬਜ਼ੁਰਗ ਮੁਸਲਮਾਨ ਮਿਲ਼ਿਆ। ਉਸ ਦੇ ਹੱਥ ’ਚ ਦੋ ਕੁਲਫ਼ੀਆਂ ਸਨ, ਉਹ ਮੈਨੂੰ ਅਤੇ ਮੇਰੀ ਸਿੰਘਣੀ (ਕਮਲਜੀਤ ਕੌਰ ਨਿਹੰਗ) ਨੂੰ ਕਹਿਣ ਲੱਗਾ ਕਿ “ਆਪ ਯੇਹ ਲੀਜੀਏ ਔਰ ਖਾਈਏ।” ਉਸ ਬਜ਼ੁਰਗ ਦੇ ਚਿਹਰੇ ਉੱਤੇ ਬੜੀ ਖ਼ੁਸ਼ੀ ਝਲਕ ਰਹੀ ਸੀ। ਉਸ ਨੇ ਸਾਨੂੰ ਦੱਸਿਆ ਕਿ ਮੈਂ ਤੁਹਾਨੂੰ ਵੇਖ ਕੇ ਇਹ ਕੁਲਫ਼ੀਆਂ ਸਪੈਸ਼ਲ ਲੈ ਕੇ ਆਇਆ ਹਾਂ। ਉਸ ਮੁਸਲਮਾਨ ਦੇ ਬੋਲ ਸਨ ਕਿ “ਜਬ ਯਹਾਂ ਪਾਣੀ/ਹੜ੍ਹ ਆ ਗਿਆ ਥਾ ਤੋ ‘ਖ਼ਾਲਸਾ ਏਡ’ ਨੇ ਹਮਾਰੀ ਬਹੁਤ ਮਦਦ ਕੀ ਥੀ। ਆਪ ਅੱਲਾਹ ਕੇ ਬੰਦੇ ਹੋ, ਸਭ ਕਾ ਭਲਾ ਕਰਤੇ ਹੋ। ਹਮ ਸਿੱਖੋਂ ਕੇ ਦੇਣਦਾਰ ਹੈਂ, ਜਬ ਇੰਡੀਆ ਹਮ ਪਰ ਜ਼ੁਲਮ ਕਰਤਾ ਹੈ ਤੋ ਆਪ ਸਿੱਖ ਲੋਗ ਪੰਜਾਬ ਸੇ ਹਮਾਰੇ ਹੱਕ ਕੇ ਲੀਏ ਬੋਲਤੇ ਹੈਂ। ਆਪ ਕੇ ਬਾਬਾ ਭਿੰਡਰਾਂਵਾਲੇ ਕੋ ਭੀ ਹਮ ਅਪਨਾ ਲੀਡਰ ਮਾਨਤੇ ਹੈਂ, ਸੰਤ ਭਿੰਡਰਾਂਵਾਲ਼ੇ ਜੈਸਾ ਕੋਈ ਨਹੀਂ ਹੈ, ਉਸ ਕੋ ਹਮ ਸਿਜਦਾ ਕਰਤੇਂ ਹੈਂ।”

ਅਜਿਹਾ ਹੀ ਇੱਕ ਹੋਰ ਵਾਕਿਆ ਮੈਨੂੰ ਯਾਦ ਹੈ ਕਿ ਅਸੀਂ ਸ੍ਰੀ ਨਗਰ ਦੀ ਇੱਕ ਦਰਗਾਹ ਹਜ਼ਰਤਬਲ ਦੇ ਨੇੜਿਓਂ ਕੁਝ ਖ੍ਰੀਦ ਰਹੇ ਸੀ ਤਾਂ ਇੱਕ ਨੌਜਵਾਨ ਮੁਸਲਮਾਨ ਵੀਰ ‘ਆਸ਼ੀਆਂ ਖ਼ਾਂ’ ਜੋ ਮੇਰੀ ਗੱਡੀ ਉੱਤੇ ਸੰਤਾਂ ਦੀ ਤਸਵੀਰ ਵੇਖ ਕੇ ਕਹਿਣ ਲੱਗਾ:- “ਅਰੇ ਸਰਦਾਰ ਸਾਬ੍ਹ! ਯੇ ਭਿੰਡਰਾਂਵਾਲੇ ਕੀ ਹੀ ਤਸਵੀਰ ਹੈ ? ਜੋ ਆਪ ਕੇ ਮੰਦਰ ਮੇਂ ਅੰਮ੍ਰਿਤਸਰ ਸ਼ਹੀਦ ਹੂਏ ਥੇ!”

ਮੈਂ ਕਿਹਾ, “ਹਾਂਜੀ! ਇਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਤਸਵੀਰ ਹੈ।” ਫਿਰ ਉਸ ਮੁਸਲਮਾਨ ਵੀਰ ਨੇ ਕਿਹਾ ਕਿ “ਜਬ 1984 ਮੇਂ ਅਪ੍ਰੇਸ਼ਨ ਬਲਿਊ ਸਟਾਰ ਹੂਆ ਥਾ, ਤੋ ਮੇਰੇ ਚਾਚਾ ਨੇ ਯਹਾਂ ਸਰਦਾਰੋਂ ਕੇ ਸਾਥ ਮਿਲ਼ ਕਰ ਸਰਕਾਰ ਕੇ ਖ਼ਿਲਾਫ਼ ਪ੍ਰੋਟੈਸਟ ਕੀਆ ਥਾ। ਉਸ ਪ੍ਰੋਟੈਸਟ ਮੇਂ ਮੇਰੇ ਚਾਚਾ ਔਰ ਤੀਨ-ਚਾਰ ਸਰਦਾਰੋਂ ਕੋ ਫ਼ੌਜ ਨੇ ਗੋਲ਼ੀ ਮਾਰ ਦੀ ਥੀ।”

ਮੇਰੀ ਰੀਝ ਹੈ ਕਿ ਕਦੇ ਇਹਨਾਂ ਸ਼ਹੀਦ ਹੋਏ ਸਿੰਘਾਂ ਅਤੇ ਮੁਸਲਮਾਨ ਵੀਰਾਂ ਬਾਰੇ ਵੀ ਖੋਜ ਕਰਕੇ ਜ਼ਰੂਰ ਲਿਖਣਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ਕਿਸੇ ਅਦੀਬ ਦੇ ਬੋਲ ਹਨ ਕਿ "ਖ਼ੁਦਾ ਤੁਮ ਕੋ ਨਹੀਂ ਕਹਿ ਤੇ, ਮਗਰ ਸ਼ਾਨ-ਏ-ਖ਼ੁਦਾ ਤੁਮ ਹੋ।"


- ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.

Posted By: GURBHEJ SINGH ANANDPURI

Loading…
Loading the web debug toolbar…
Attempt #