ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਜੌਹਰ-ਏ-ਸ਼ਮਸ਼ੀਰ ਉਪਰਾਲੇ ਦੀ ਭਰਪੂਰ ਸ਼ਲਾਘਾ
- ਧਾਰਮਿਕ/ਰਾਜਨੀਤੀ
- 16 Oct,2025
ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੂੰ ਸਹਿਯੋਗ ਕਰਨ ਸਮੂਹ ਸੰਸਥਾਵਾਂ : ਭਾਈ ਰਣਜੀਤ ਸਿੰਘ/ਭੁਪਿੰਦਰ ਸਿੰਘ
ਅੰਮ੍ਰਿਤਸਰ, 16 ਅਕਤੂਬਰ (ਤਾਜੀਮਨੂਰ ਕੌਰ)
ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਨੇ ਨਿਵੇਕਲਾ ਅਤੇ ਅਲੌਕਿਕ ਉਪਰਾਲਾ ਕਰਦਿਆਂ ਜੌਹਰ-ਏ-ਸ਼ਮਸ਼ੀਰ ਪ੍ਰੋਗਰਾਮ ਗੁਰਦੁਆਰਾ ਮੱਲ ਅਖਾੜਾ ਸਾਹਿਬ, ਬੁਰਜ ਅਕਾਲੀ ਫੂਲਾ ਸਿੰਘ, ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ। ਜਿਸ ਵਿੱਚ ਅਨੇਕਾਂ ਗੱਤਕਾ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਸਤਰਾਂ ਦੇ ਜੰਗੀ ਜੌਹਰ ਵਿਖਾਏ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸਿੱਖ ਪ੍ਰਚਾਰਕ, ਪੰਥਕ ਲੇਖਕ, ਗਤਕਾ ਖਿਡਾਰੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਵੀ ਸ਼ਿਰਕਤ ਕੀਤੀ। ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਆਗੂ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅਤੇ ਭਾਈ ਪਰਮਿੰਦਰ ਸਿੰਘ ਖ਼ਾਲਸਾ ਵੱਲੋਂ ਭਾਈ ਰਣਜੀਤ ਸਿੰਘ ਤੇ ਭਾਈ ਭੁਪਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਗਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਚਾਰਾਂ ਦੀ ਸਾਂਝ ਕਰਦਿਆਂ ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਜੌਹਰ-ਏ-ਸ਼ਮਸ਼ੀਰ ਉਪਰਾਲੇ ਦੀ ਬੇਹੱਦ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਸਿੱਖ ਨੌਜਵਾਨਾਂ ਵਿੱਚ ਸ਼ਸਤਰ ਰੱਖਣ, ਸ਼ਸਤਰਾਂ ਦੀ ਮਹਾਨਤਾ ਅਤੇ ਸ਼ਸਤਰ ਚਲਾਉਣ ਬਾਰੇ ਵੱਡੀ ਜਾਗਰੂਕਤਾ ਆਵੇਗੀ। ਉਹਨਾਂ ਕਿਹਾ ਕਿ ਗੁਰਮਤਿ ਸਮਾਗਮ, ਲੰਗਰ, ਗਤਕਾ ਪ੍ਰਦਰਸ਼ਨੀਆਂ, ਅਤੇ ਗਤਕਾ ਮੁਕਾਬਲਿਆਂ ਦੇ ਨਾਲ-ਨਾਲ ਇਸ ਤਰ੍ਹਾਂ ਦੇ ਵੱਖਰੇ ਉਪਰਾਲੇ ਵੀ ਹੋਣੇ ਚਾਹੀਦੇ ਹਨ ਜਿਸ ਵਿੱਚ ਕਿਰਪਾਨ ਅਤੇ ਹੋਰ ਸ਼ਸਤਰਾਂ ਨੂੰ ਸਹੀ ਢੰਗ-ਤਰੀਕੇ ਨਾਲ ਵਰਤਣ ਦਾ ਪਤਾ ਲੱਗਦਾ ਹੈ ਅਤੇ ਖਿਡਾਰੀ ਤੇ ਸ਼ਸਤਰ ਦੀ ਸਹੀ ਪਰਖ ਹੋ ਜਾਂਦੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਇਸ ਉਪਰਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਅਤੇ ਨਿਹੰਗ ਸਿੰਘ ਸੰਪਰਦਾਵਾਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਹਿਯੋਗ ਦੇ ਕੇ ਅਗਾਂਹ ਵੀ ਜਾਰੀ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰੇਕ ਸਿੱਖ ਦੇ ਘਰ ਘੱਟ ਤੋਂ ਘੱਟ ਪੰਜ ਸ਼ਸਤਰ ਲਾਜ਼ਮੀ ਹੋਣੇ ਚਾਹੀਦੇ ਹਨ, ਤੇ ਹਰੇਕ ਸਿੱਖ ਦੇ ਕੋਲ ਹਰ ਸਮੇਂ ਤੇਜਧਾਰ ਅਤੇ ਮਜ਼ਬੂਤ ਕਿਰਪਾਨ ਵੀ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਸਤਰਾਂ ਦੇ ਨਾਲ ਹੀ ਸਾਡੇ ਗੁਰੂ ਸਾਹਿਬਾਨਾਂ ਅਤੇ ਪੁਰਾਤਨ ਸਿੰਘਾਂ-ਸਿੰਘਣੀਆਂ ਨੇ ਅਨੇਕਾਂ ਜੰਗ ਲੜੇ ਅਤੇ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ ਤੇ ਹੁਣ ਜਦੋਂ ਹਿੰਦੁਸਤਾਨ ਦੇ ਵਿੱਚ ਸਿੱਖਾਂ ਉੱਤੇ ਜੂਨ 1984 ਦਾ ਘੱਲੂਘਾਰਾ ਤੇ ਨਵੰਬਰ 1984 ਦੀ ਨਸਲਕੁਸ਼ੀ ਵਾਪਰੀ ਹੋਵੇ ਤਾਂ ਇਹਨਾਂ ਹਲਾਤਾਂ ਵਿੱਚ ਸਿੱਖ ਕੌਮ ਨੂੰ ਸ਼ਸਤਰਹੀਣ ਨਹੀਂ, ਬਲਕਿ ਸ਼ਸਤਰਧਾਰੀ ਬਣ ਕੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੰਗਰ-ਪੰਗਤ, ਦੇਗ ਤੇਗ, ਸ਼ਸਤਰ-ਸ਼ਾਸਤਰ, ਮੀਰੀ-ਪੀਰੀ ਤੇ ਬਾਣੀ-ਬਾਣੇ ਦਾ ਸਿਧਾਂਤ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ਿਸ਼ ਕੀਤਾ ਹੈ ਜਿਸ ਉੱਤੇ ਪਹਿਰਾ ਦਿੰਦਿਆਂ ਹਰੇਕ ਸਿੱਖ ਨੂੰ ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣਾ ਚਾਹੀਦਾ ਹੈ।
Posted By:
TAJEEMNOOR KAUR
Leave a Reply