ਗੁਰੂ ਨਗਰੀ 'ਚ ਖ਼ਾਲਸਾਈ ਯੁੱਧ ਕਲਾ ਦੀ ਕਰਵਾਈ ਪ੍ਰਦਰਸ਼ਨੀ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਹਲੂਣਿਆ
- ਗੁਰਬਾਣੀ-ਇਤਿਹਾਸ
- 11 Oct,2025
ਅੰਮ੍ਰਿਤਸਰ, 11 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਵੱਲੋਂ ਉਸਤਾਦ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਹਰਬੰਸ ਸਿੰਘ ਅਰੋੜਾ ਦੀ ਯਾਦ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਗੁਰਦੁਆਰਾ ਮਾਈ ਨਰੈਣੀ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਗੱਤਕਾ ਪ੍ਰਦਰਸ਼ਨੀ ਕਰਵਾਈ ਗਈ। ਅਖਾੜੇ ਦੇ ਮੌਜੂਦਾ ਉਸਤਾਦ ਜਥੇਦਾਰ ਹਰੀ ਸਿੰਘ ਖ਼ਾਲਸਾ ਦੀ ਅਗਵਾਈ 'ਚ ਵੱਖ-ਵੱਖ ਗੱਤਕਾ ਟੀਮਾਂ ਨੇ ਖ਼ਾਲਸਾਈ ਯੁੱਧ ਕਲਾ ਦੇ ਜੰਗੀ ਜੌਹਰ ਵਿਖਾਏ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੇ ਉਸਤਾਦ ਭਾਈ ਸੁਖਵਿੰਦਰ ਸਿੰਘ ਬਿੱਟੂ, ਉਸਤਾਦ ਕੁਲਦੀਪ ਸਿੰਘ, ਜਥਾ ਸਿਰਲੱਥ ਖਾਲਸਾ ਦੇ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਉਸਤਾਦ ਕਰਤਾਰ ਸਿੰਘ, ਭਾਈ ਦਲੇਰ ਸਿੰਘ, ਭਾਈ ਅੰਗਰੇਜ ਸਿੰਘ ਅਤੇ ਕੌਂਸਲਰ ਬੀਬੀ ਨੀਲਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੋਮਣੀ ਗੱਤਕਾ ਅਖਾੜਾ ਵੱਲੋਂ ਉਸਤਾਦ ਹਰੀ ਸਿੰਘ ਨੇ ਗਤਕਾ ਖਿਡਾਰੀਆਂ ਨੂੰ ਸਿਰੋਪਾਓ, ਦੁਸ਼ਾਲੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਸਤਰ ਵਿੱਦਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਖਿਡਾਰੀਆਂ ਅਤੇ ਸੰਗਤਾਂ ਨੂੰ ਹਲੂਣਿਆ, ਉਹਨਾਂ ਇਤਿਹਾਸਿਕ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਹੀ ਸਿੱਖਾਂ ਨੇ ਸ਼ਸਤਰਧਾਰੀ ਹੋਣਾ ਅਰੰਭ ਦਿੱਤਾ ਸੀ, ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਅਤੇ ਡਾਂਗ ਸੋਟੇ ਦੇ ਮੁਕਾਬਲੇ ਕਰਵਾਏ, ਗੁਰੂ ਅਰਜਨ ਦੇਵ ਜੀ ਨੇ ਘੋੜਿਆਂ ਦਾ ਵਪਾਰ ਸ਼ੁਰੂ ਕੀਤਾ, ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ, ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਦੇ ਵੇਲੇ ਵੀ 2200 ਘੋੜ ਸਵਾਰ ਸ਼ਸਤਰਧਾਰੀ ਫੌਜਾਂ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਪੰਜਾਂ ਕਕਾਰਾਂ ਦੇ ਵਿੱਚ ਇੱਕ ਸ਼ਸਤਰ ਭਾਵ ਕਿਰਪਾਨ ਨੂੰ ਸ਼ਾਮਲ ਕੀਤਾ। ਸ਼ਸਤਰਾਂ ਦੇ ਨਾਲ ਹੀ ਸਿੱਖ ਜਰਨੈਲਾਂ ਨੇ ਮੁਗਲ ਹਾਕਮਾਂ, ਅੰਗਰੇਜ਼ ਸਾਮਰਾਜ ਅਤੇ ਫਿਰਕੂ ਹਿੰਦੂਤਵ ਨਾਲ ਡਟਵੀਂ ਲੜਾਈ ਲੜੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੋਕਾ ਦਿੱਤਾ ਅਤੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਚਮਕੌਰ ਦੀ ਗੜੀ ਵਾਂਗ ਨਿਵੇਕਲੀ ਜੰਗ ਕਰਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਉਸਤਾਦ ਹਰੀ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਜਬਰ ਜੁਲਮ ਦੇ ਖਿਲਾਫ਼, ਪੰਥ ਤੇ ਪੰਜਾਬ ਦੀ ਰਾਖੀ ਤੇ ਸਵੈਮਾਣ ਲਈ ਹਰੇਕ ਸਿੱਖ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ, ਹਰ ਸਿੱਖ ਕੋਲ ਹਰ ਸਮੇਂ ਤੇਜਧਾਰ ਹਥਿਆਰ ਹੋਣ।
ਸ਼੍ਰੋਮਣੀ ਅਖਾੜਾ ਰਾਮਸਰ ਦੇ ਉਸਤਾਦ ਜਥੇਦਾਰ ਹਰੀ ਸਿੰਘ ਵੱਲੋਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਰਾਮਸਰ ਵਿਖੇ ਹਰ ਰੋਜ਼ ਅਨੇਕਾਂ ਬੱਚੇ ਗੱਤਕੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਖਾੜਿਆਂ ਵਿੱਚ ਆਪਣੇ ਬੱਚਿਆਂ ਨੂੰ ਭੇਜੋ ਅਤੇ ਤਨ, ਮਨ, ਧਨ ਨਾਲ ਸਾਡਾ ਸਹਿਯੋਗ ਵੀ ਕਰੋ। ਇਸ ਮੌਕੇ ਭਾਈ ਇੰਦਰ ਸਿੰਘ ਖਲੀਫਾ, ਜਥੇਦਾਰ ਮਹਿੰਦਰ ਸਿੰਘ, ਜੰਗ ਬਹਾਦਰ ਸਿੰਘ, ਗੁਰਦੇਵ ਸਿੰਘ ਭਰਾੜੀਵਾਲ, ਮਨਪ੍ਰੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਦਵਿੰਦਰ ਸਿੰਘ ਨਿਹੰਗ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply