ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਨ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਕਰੇ ਐਲਾਨ : ਬਾਵਾ ਰਵਿੰਦਰ ਨੰਦੀ
ਮਹਾਨ ਤਪਸਵੀ, ਤੇਜਸਵੀ, ਯੋਧੇ ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ 16 ਅਕਤੂਬਰ ਨੂੰ ਮਨਾਇਆ ਜਾਵੇਗਾ ਬਾਬਾ ਬੰਦਾ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ…
ਚੰਡੀਗੜ੍ਹ 12 ਅਕਤੂਬਰ (ਮੰਗਤ ਸਿੰਘ ਸੈਦਪੁਰ) : ਬੈਰਾਗੀ ਮਹਾਂ ਮੰਡਲ ਪੰਜਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਊਂਡੇਸ਼ਨ ਵਲੋਂ 16 ਅਕਤੂਬਰ 2026 ਨੂੰ ਮਹਾਨ ਤਪਸਵੀ, ਤੇਜਸਵੀ, ਯੋਧੇ ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਬਾਬਾ ਬੰਦਾ ਬਹਾਦਰ ਭਵਨ ਰਕਬਾ ਜਿਲ੍ਹਾ ਲੁਧਿਆਣਾ ਅਤੇ ਸਮੁਚੇ ਪੰਜਾਬ ਵਿਚ ਹੋਰ ਵੱਖ ਵੱਖ ਥਾਵਾਂ 'ਤੇ ਮਨਾਇਆ ਜਾ ਰਿਹਾ ਜਿਸ ਵਿਚ ਸਮੂਹ ਪੰਜਾਬੀ ਵੱਧ ਚੜ੍ਹ ਕੇ ਸ਼ਿਰਕਤ ਕਰਨਗੇ l ਇਹ ਜਾਣਕਾਰੀ ਇਥੇ ਪ੍ਰੈਸ ਨੂੰ ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ ਨੇ ਦਿੱਤੀ l ਓਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ ਜੋ ਪਹਿਲਾਂ ਰਾਖਵੀਂ ਛੁੱਟੀ ਹੈ ਤਾਂ ਜੋ ਇਸ ਮਹਾਨ ਸ਼ਹੀਦ ਦੇ ਜਨਮ ਦਿਨ ਸੰਬੰਧੀ ਸਮਾਗਮਾਂ ਵਿਚ ਹਰ ਵਰਗ ਦੇ ਲੋਕ ਹਿੱਸਾ ਲੈ ਸਕਣ ਅਤੇ ਸਾਡੀ ਨਵੀਂ ਪੀੜ੍ਹੀ ਓਹਨਾ ਦੇ ਜੀਵਨ ਫ਼ਲਸਫ਼ੇ ਤੇ ਸ਼ਹਾਦਤ ਤੋਂ ਸਮਾਜਿਕ ਨਿਆਂ ਤੇ ਹੱਕ ਸੱਚ ਦੀ ਲੜਾਈ ਲਈ ਅੱਗੇ ਆਉਣ ਲਈ ਸੇਧ ਲੈ ਸਕੇ l ਸ਼੍ਰੀ ਨੰਦੀ ਨੇ ਦੱਸਿਆ ਕਿ ਕਿਵੇਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਸਾਧੂ ਦੇ ਡੇਰੇ ਚਰਨ ਪਾਕੇ ਓਹਨਾ ਨੂੰ ਪੰਜਾਬ ਵਿਚ ਹੋ ਰਹੇ ਜ਼ੁਲਮ ਵਾਰੇ ਦੱਸ ਕੇ ਤੇ ਜ਼ੁਲਮ ਦੇ ਖਿਲਾਫ ਮਾਲਾ ਛੱਡ ਕੇ ਖੰਡਾ ਚੁੱਕਣ ਲਈ ਪ੍ਰੇਰਿਆ ਤੇ 'ਬੰਦਾ ਸਿੰਘ ਬਹਾਦਰ 'ਦਾ ਖਿਤਾਬ ਦੇਕੇ ਜ਼ੁਲਮ ਦੇ ਖਿਲਾਫ ਲੜਨ ਲਈ ਪੰਜਾਬ ਵੱਲ ਤੋਰਿਆ l ਓਹਨਾ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਜੀ ਤੋਂ ਥਾਪੜਾ ਲੈਕੇ ਪੰਜਾਬ ਵਿਚ ਮੁਗ਼ਲ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਰਹਿੰਦ ਸੂਬੇ ਜ਼ਾਲਮ ਵਜ਼ੀਦ ਖਾਨ ਨੂੰ ਮਾਰਕੇ ਲਿਆ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਦਿੰਘ ਦੇ ਨਾਮ 'ਤੇ ਮੋਹਰ ਅਤੇ ਸਿੱਕਾ ਜਾਰੀ ਕਰਕੇ ਪੰਜਾਬ ਵਿਚ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਅਤੇ ਉਸ ਵੇਲੇ ਦੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕੀ ਦੇ ਹੱਕ ਦਿੱਤੇ l ਸ਼੍ਰੀ ਨੰਦੀ ਜੀ ਨੇ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਕਿਸਾਨੀ ਭਾਈਚਾਰੇ ਨੂੰ ਅਪੀਲ ਕੀਤੀ ਕਿ 16 ਅਕਤੂਬਰ ਦਾ ਦਿਨ ਇਕ ਉਤਸਵ ਦੇ ਤੌਰ 'ਤੇ ਰਾਤ ਵੇਲੇ ਹਰ ਘਰ ਉੱਤੇ ਦੀਪ ਮਾਲਾ ਕਰਕੇ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿਵਾਉਣ ਵਾਲੇ ਇਸ ਯੋਧੇ ਦੀ ਕੁਰਬਾਨੀ ਅਤੇ ਆਪਣੇ ਵਿਰਸੇ ਬਾਰੇ ਓਹਨਾ ਦੇ ਘਰ ਦਾ ਬੱਚਾ-ਬੱਚਾ ਜਾਣੂ ਹੋ ਸਕੇ l ਇਸ ਸਮੇਂ ਉਹਨਾਂ ਨਾਲ ਸੂਬਾ ਸਕੱਤਰ ਦਾਰਾ ਦਾਸ ਬਾਵਾ ਹੈਲੋਤਾਲੀ, ਸਕੱਤਰ ਬਾਵਾ ਕੇਵਲ ਦਾਸ ਧਾਰੋਂਕੀ, ਬੈਰਾਗੀ ਭਲਾਈ ਬੋਰਡ ਦੇ ਜਿਲ੍ਹਾ ਚੇਅਰਮੈਨ ਨੇਤਰ ਬਾਵਾ ਤੇ ਹਲਕਾ ਪ੍ਰਧਾਨ ਅਮਰਜੀਤ ਬਾਵਾ ਵੀ ਮੌਜੂਦ ਸਨ l
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ