Nazrana Times

ਪੰਜਾਬੀ

ਪਾਕਿਸਤਾਨੀ ਪੰਜਾਬ ਨੇ ਜਿਨਸੀ ਹਿੰਸਾ ਰੋਕਣ ਲਈ 2026–2030 ਦੀ ਕਾਰਜ ਯੋਜਨਾ ਸ਼ੁਰੂ ਕੀਤੀ, ਵਿਸ਼ੇਸ਼ ਅਦਾਲਤਾਂ ਦੀ ਸਿਫ਼ਾਰਸ਼

25 Nov, 2026 11:01 PM

ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਜਿਨਸੀ ਹਿੰਸਾ ਦੀ ਰੋਕਥਾਮ, ਪੀੜਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਇਨਸਾਫ਼ ਤੱਕ ਪਹੁੰਚ ਯਕੀਨੀ ਬਣਾਉਣ ਲਈ ‘ਪੰਜਾਬ ਜਿਨਸੀ ਹਿੰਸਾ ਪ੍ਰਤੀ ਕਾਰਵਾਈ ਦੀ ਰੂਪਰੇਖਾ 2026–2030’ ਸ਼ੁਰੂ ਕੀਤੀ ਹੈ। ਇਸ ਵਿੱਚ ਲਿੰਗ ਆਧਾਰਿਤ ਹਿੰਸਾ ਦੇ ਕੇਸਾਂ ਲਈ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਗ੍ਰਹਿ ਵਿਭਾਗ ਵੱਲੋਂ ਕਰਵਾਏ ਉਦਘਾਟਨੀ ਸਮਾਗਮ ਵਿੱਚ ਸੂਬਾਈ ਮੰਤਰੀ ਅਤੇ ਕਾਨੂੰਨ-ਵਿਵਸਥਾ ਬਾਰੇ ਕੈਬਨਿਟ ਕਮੇਟੀ ਦੇ ਚੇਅਰਮੈਨ ਖ਼ਵਾਜਾ ਸਲਮਾਨ ਰਫ਼ੀਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਰਤਾਨੀਆ, ਤੁਰਕੀ ਅਤੇ ਸੰਯੁਕਤ ਰਾਸ਼ਟਰ ਦੇ ਕੂਟਨੀਤਕ ਨੁਮਾਇੰਦਿਆਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ, ਵਿਕਾਸ ਭਾਈਵਾਲਾਂ ਅਤੇ ਨਾਗਰਿਕ ਸਮਾਜ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

ਇਸ ਰੂਪਰੇਖਾ ਵਿੱਚ 20 ਤੋਂ ਵੱਧ ਸਰਕਾਰੀ ਵਿਭਾਗ ਸ਼ਾਮਲ ਹਨ। ਇਸ ਦਾ ਕੇਂਦਰ ਪੁਲਿਸ ਦੀ ਕਾਰਵਾਈ, ਡਾਕਟਰੀ ਤੇ ਕਾਨੂੰਨੀ ਸੇਵਾਵਾਂ, ਫ਼ੋਰੈਂਸਿਕ ਜਾਂਚ ਦੀਆਂ ਸਹੂਲਤਾਂ ਅਤੇ ਅਦਾਲਤਾਂ ਵਿੱਚ ਸਰਕਾਰੀ ਪੱਖ ਵੱਲੋਂ ਕੇਸਾਂ ਦੀ ਪੈਰਵੀ ਨੂੰ ਮਜ਼ਬੂਤ ਕਰਨਾ ਹੈ। ਇਸ ਵਿੱਚ ਸਬੰਧਤ ਅਦਾਰਿਆਂ ਵਿਚਾਲੇ ਤਾਲਮੇਲ ਸੁਧਾਰਨ ਅਤੇ ਪੀੜਤਾਂ ਨੂੰ ਲਗਾਤਾਰ ਮਨੋਵਿਗਿਆਨਕ, ਡਾਕਟਰੀ, ਕਾਨੂੰਨੀ ਤੇ ਆਰਥਿਕ ਸਹਾਇਤਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਰਫ਼ੀਕ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਵਿਰੁੱਧ ਅਪਰਾਧਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾ ਰਹੀ ਹੈ ਅਤੇ ਸੂਬੇ ਭਰ ਵਿੱਚ ਬਲਾਤਕਾਰ ਪੀੜਤਾਂ ਲਈ ਸੰਕਟ ਸਹਾਇਤਾ ਕੇਂਦਰ (ਏਆਰਸੀਸੀ) ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਬਹਾਵਲਪੁਰ ਦੇ ਬਹਾਵਲ ਵਿਕਟੋਰੀਆ ਹਸਪਤਾਲ ਦੇ ਕੇਂਦਰ ਵਿੱਚ ਡਾਕਟਰੀ ਮਦਦ, ਫ਼ੋਰੈਂਸਿਕ ਜਾਂਚ, ਪੁਲਿਸ ਸਹਾਇਤਾ ਅਤੇ ਮਨੋਸਮਾਜਿਕ ਸਹਿਯੋਗ ਇੱਕੋ ਥਾਂ ਮਿਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਬਿਹਤਰ ਬਣਾਉਣ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦੀ ਕਾਰਵਾਈ ਸੁਧਾਰਨ ਦੇ ਯਤਨਾਂ ਦੀ ਖ਼ੁਦ ਅਗਵਾਈ ਕਰ ਰਹੇ ਹਨ।

ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੇ ਪਾਕਿਸਤਾਨ ਵਿੱਚ ਨੁਮਾਇੰਦੇ ਡਾ. ਲੁਆਏ ਸ਼ਬਾਨੇਹ ਨੇ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਤਜਵੀਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਨਸੀ ਹਿੰਸਾ ਦੀ ਰੋਕਥਾਮ ਮਨੁੱਖੀ ਹੱਕਾਂ ਅਤੇ ਵਿਕਾਸ, ਦੋਵਾਂ ਪੱਖਾਂ ਤੋਂ ਤਰਜੀਹੀ ਮਸਲਾ ਹੈ।

ਗ੍ਰਹਿ ਵਿਭਾਗ ਦੀ ਵਿਸ਼ੇਸ਼ ਸਕੱਤਰ ਜ਼ੈਨਬ ਖ਼ਾਨ ਨੇ ਕਿਹਾ ਕਿ ਵਿਆਪਕ ਸਲਾਹ-ਮਸ਼ਵਰੇ ਅਤੇ ਸਬੰਧਤ ਅਦਾਰਿਆਂ ਦੀ ਸਮੀਖਿਆ ਤੋਂ ਬਾਅਦ ਰੂਪਰੇਖਾ ਤਿਆਰ ਕੀਤੀ ਗਈ ਹੈ। ਇਸ ਵਿੱਚ ਜ਼ਿੰਮੇਵਾਰੀਆਂ ਸਪੱਸ਼ਟ ਕੀਤੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਨੂੰ ਨਿਭਾਉਣ ਵਿੱਚ ਹੋਈ ਤਰੱਕੀ ਮਾਪੀ ਜਾ ਸਕੇ।

ਬਰਤਾਨਵੀ ਹਾਈ ਕਮਿਸ਼ਨ ਦੇ ਲਾਹੌਰ ਦਫ਼ਤਰ ਦੇ ਮੁਖੀ ਬੈਨ ਵਾਰਿੰਗਟਨ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਸਵਾਗਤ ਕੀਤਾ ਅਤੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੀ ਜਾਣਕਾਰੀ ਤੇ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਲੀਗਲ ਏਡ ਸੁਸਾਇਟੀ ਦੀ ਡਾਇਰੈਕਟਰ ਮਲੀਹਾ ਜ਼ਿਆ ਲਾਰੀ ਨੇ ਰੂਪਰੇਖਾ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।

Posted By: Ali Imran Chattha

Latest News