Nazrana Times

ਪੰਜਾਬੀ

ਗੁਰੂ ਅਰਜਨ ਦੇਵ ਜੀ ਦੇ ਜੋੜ ਮੇਲੇ ਦੇ ਮੁੱਖ ਸਮਾਗਮ ਲਾਹੌਰ ਵਿਖੇ ਸੰਪੰਨ

16 Jun, 2026 08:49 PM

ਲਾਹੌਰ, 16 ਜੂਨ 2026 (ਨਜ਼ਰਾਨਾ ਟਾਈਮਜ਼)

ਧਾਰਮਿਕ ਮਾਮਲੇ ਅਤੇ ਅੰਤਰ-ਧਾਰਮਿਕ ਸਾਂਝ ਮੰਤਰਾਲੇ ਅਧੀਨ ਕੰਮ ਕਰਦੇ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਮੁੱਖ ਸਮਾਗਮ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਮੌਕੇ ਪਾਕਿਸਤਾਨ ਅਤੇ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ, ਧਾਰਮਿਕ ਆਗੂਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਧਾਰਮਿਕ ਆਜ਼ਾਦੀ, ਅੰਤਰ-ਧਾਰਮਿਕ ਸਾਂਝ ਅਤੇ ਸਿੱਖ ਯਾਤਰੀਆਂ ਲਈ ਕੀਤੇ ਗਏ ਪ੍ਰਬੰਧਾਂ ਸਬੰਧੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।

ਸਮਾਗਮ ਵਿੱਚ ਈਟੀਪੀਬੀ ਦੇ ਚੇਅਰਮੈਨ ਕ਼ਮਰ-ਉਜ਼-ਜ਼ਮਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲੇ ਤੇ ਮਨੁੱਖੀ ਅਧਿਕਾਰ ਮੰਤਰੀ ਰਮੇਸ਼ ਸਿੰਘ ਅਰੋੜਾ, ਐਡੀਸ਼ਨਲ ਸਕੱਤਰ ਸ਼ਰਾਈਨਜ਼ ਨਾਸਿਰ ਮੁਸ਼ਤਾਕ, ਡਿਪਟੀ ਸਕੱਤਰ ਫਰਾਜ਼ ਅੱਬਾਸ, ਪੀਐਸਜੀਪੀਸੀ ਦੀ ਸਕੱਤਰ ਜਨਰਲ ਸਤਵੰਤ ਕੌਰ, ਡਾ. ਮੂੰਪਲ ਸਿੰਘ, ਸਰਦਾਰ ਤਾਰਾ ਸਿੰਘ, ਸਰਦਾਰ ਬਿਸ਼ਨ ਸਿੰਘ ਅਤੇ ਭਾਰਤੀ ਸਿੱਖ ਜਥੇ ਦੇ ਆਗੂ ਸਰਦਾਰ ਭੁਪਿੰਦਰ ਸਿੰਘ, ਸਰਦਾਰ ਹਰਜੀਤ ਸਿੰਘ ਚੰਡੋਕ ਅਤੇ ਸਰਦਾਰ ਗੁਰਮੀਤ ਸਿੰਘ ਬੋਹ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਸੰਗਤ ਨੂੰ ਸੰਬੋਧਨ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਸਿੱਖ ਯਾਤਰੀਆਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਚੇਅਰਮੈਨ ਕ਼ਮਰ-ਉਜ਼-ਜ਼ਮਾਨ ਅਤੇ ਐਡੀਸ਼ਨਲ ਸਕੱਤਰ ਨਾਸਿਰ ਮੁਸ਼ਤਾਕ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਦਰਵਾਜ਼ੇ ਦੁਨੀਆ ਭਰ ਦੀ ਸਿੱਖ ਸੰਗਤ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਮੁਰੰਮਤ ਅਤੇ ਵਿਕਾਸ ਲਈ ਵਿਹਾਰਕ ਕਦਮ ਚੁੱਕੇ ਜਾ ਰਹੇ ਹਨ ਅਤੇ ਪਹਿਲੇ ਪੜਾਅ ਵਿੱਚ 17 ਗੁਰਦੁਆਰਿਆਂ ਦੇ ਵਿਕਾਸ ਕਾਰਜਾਂ ’ਤੇ ਧਿਆਨ ਦਿੱਤਾ ਗਿਆ ਹੈ।

ਚੇਅਰਮੈਨ ਕ਼ਮਰ-ਉਜ਼-ਜ਼ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਕਿਸਤਾਨ ਹਰ ਧਰਮ ਨਾਲ ਸਬੰਧਤ ਪਵਿੱਤਰ ਅਸਥਾਨਾਂ ਦੀ ਸੰਭਾਲ, ਸੁਰੱਖਿਆ ਅਤੇ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਸਹਿਣਸ਼ੀਲਤਾ, ਧੀਰਜ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੰਦੀਆਂ ਹਨ, ਜੋ ਦੁਨੀਆ ਵਿੱਚ ਅਮਨ ਅਤੇ ਭਾਈਚਾਰੇ ਨੂੰ ਮਜ਼ਬੂਤ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਆਉਣ ਵਾਲੇ ਯਾਤਰੀ ਆਪਣੇ ਦੇਸ਼ਾਂ ਵਿੱਚ ਜਾ ਕੇ ਪਿਆਰ ਅਤੇ ਭਾਈਚਾਰੇ ਦੇ ਦੂਤ ਬਣਦੇ ਹਨ ਅਤੇ ਪਾਕਿਸਤਾਨ ਦੀ ਸਕਾਰਾਤਮਕ ਤਸਵੀਰ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਨ।

ਭਾਰਤੀ ਸਿੱਖ ਜਥੇ ਦੇ ਆਗੂ ਸਰਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂ ਪਾਕਿਸਤਾਨ ਦੀਆਂ ਸੁਹਣੀਆਂ ਯਾਦਾਂ ਆਪਣੇ ਨਾਲ ਲੈ ਕੇ ਵਾਪਸ ਜਾਣਗੇ। ਉਨ੍ਹਾਂ ਗੁਰਦੁਆਰਿਆਂ ਦੀ ਸੰਭਾਲ, ਰਿਹਾਇਸ਼, ਲੰਗਰ, ਆਵਾਜਾਈ, ਡਾਕਟਰੀ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਘੱਟ ਗਿਣਤੀਆਂ ਪ੍ਰਤੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਅਤੇ ਮਹਿਮਾਨ-ਨਿਵਾਜ਼ੀ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਐਡੀਸ਼ਨਲ ਸਕੱਤਰ ਸ਼ਰਾਈਨਜ਼ ਨਾਸਿਰ ਮੁਸ਼ਤਾਕ ਨੇ ਕਿਹਾ ਕਿ ਸਿੱਖ ਧਰਮ ਦੀ ਜਨਮ ਭੂਮੀ ਪਾਕਿਸਤਾਨ ਹੈ ਅਤੇ ਇਹ ਸਿੱਖ ਕੌਮ ਦਾ ਪਹਿਲਾ ਘਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਦੇ ਵੀ ਸਿੱਖ ਯਾਤਰੀਆਂ ਨੂੰ ਆਪਣੇ ਧਾਰਮਿਕ ਫਰਜ਼ ਨਿਭਾਉਣ ਲਈ ਦੇਸ਼ ਆਉਣ ਤੋਂ ਨਹੀਂ ਰੋਕਿਆ। ਫੈਡਰਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯਾਤਰੀਆਂ ਲਈ ਮੈਡੀਕਲ ਕੈਂਪ, ਐਂਬੂਲੈਂਸ ਸੇਵਾਵਾਂ ਅਤੇ ਐਮਰਜੈਂਸੀ ਇਲਾਜ ਸਮੇਤ ਹਰ ਲੋੜੀਂਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ।

ਸਮਾਗਮ ਦੀ ਸਫ਼ਲਤਾ ਲਈ ਈਟੀਪੀਬੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਡੇਰਾ ਸਾਹਿਬ ਵਿਖੇ ਸਫ਼ਾਈ, ਰਿਹਾਇਸ਼, ਲੰਗਰ ਅਤੇ ਹੋਰ ਸਹੂਲਤਾਂ ਦੇ ਪ੍ਰਬੰਧਾਂ ਨੂੰ ਯਾਤਰੀਆਂ ਵੱਲੋਂ ਬਹੁਤ ਸਰਾਹਿਆ ਗਿਆ।

ਸ਼ਰਧਾਲੂਆਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਧਾਰਮਿਕ ਅਸਥਾਨਾਂ ਦੇ ਸੁਧਾਰ ਅਤੇ ਵਿਕਾਸ ਕਾਰਨ ਇਹ ਪਹਿਲਾਂ ਨਾਲੋਂ ਵਧੇਰੇ ਸੁੰਦਰ, ਸੁਰੱਖਿਅਤ ਅਤੇ ਸ਼ਾਂਤਮਈ ਬਣ ਗਏ ਹਨ। ਉਨ੍ਹਾਂ ਅੰਤਰ-ਧਾਰਮਿਕ ਸਾਂਝ ਅਤੇ ਧਾਰਮਿਕ ਸਹਿ-ਅਸਤਿਤਵ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਵਿੱਚ ਸ਼ਾਮਲ ਭਾਰਤੀ ਸਿੱਖ ਸ਼ਰਧਾਲੂ ਆਪਣੀ ਦਸ ਦਿਨਾਂ ਯਾਤਰਾ ਸੰਪੰਨ ਕਰਨ ਉਪਰੰਤ 19 ਜੂਨ 2026 ਨੂੰ ਭਾਰਤ ਵਾਪਸ ਰਵਾਨਾ ਹੋਣਗੇ। ਉਹ ਆਪਣੇ ਨਾਲ ਇਸ ਆਤਮਿਕ ਯਾਤਰਾ ਦੀਆਂ ਅਮਿੱਟ ਯਾਦਾਂ ਅਤੇ ਪਾਕਿਸਤਾਨ ਦੀ ਮਹਿਮਾਨ-ਨਿਵਾਜ਼ੀ ਦੀ ਮਿੱਠੀ ਯਾਦ ਲੈ ਕੇ ਜਾਣਗੇ।

Posted By: Ali Imran Chattha

Latest News

Hhh

14 Sep, 2026 07:11 PM