Nazrana Times

ਪੰਜਾਬੀ

ਵਿਧਾਇਕ ਕੁਲਵੰਤ ਸਿੰਘ ਵੱਲੋਂ ਮੌਲੀ ਬੈਦਵਾਣ ਕਬੱਡੀ ਕੱਪ ਦਾ ਪੋਸਟਰ ਜਾਰੀ

11 Nov, 2026 05:34 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਨਵੰਬਰ (ਮੰਗਤ ਸਿੰਘ ਸੈਦਪੁਰ) : ਬੈਦਵਾਣ ਸਪੋਰਟਸ ਕਲੱਬ ਮੌਲੀ ਬੈਦਵਾਣ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਕਬੱਡੀ ਕੱਪ ਦਾ ਆਯੋਜਨ 14 ਅਤੇ 15 ਨਵੰਬਰ ਨੂੰ ਪਿੰਡ ਮੌਲੀ ਵੈਦਵਾਨ, ਸੈਕਟਰ 80, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਅਵਤਾਰ ਸਿੰਘ ਮੌਲੀ ਅਤੇ ਗੁਰਸੇਵਕ ਸਿੰਘ ਸਰਪੰਚ ਸਰਪਸਤ ਕਲੱਬ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਦੌਰਾਨ ਬੈਸਟ ਰੇਡਰ ਨੂੰ ਮੋਟਰਸਾਈਕਲ ਜਦਕਿ ਬੈਸਟ ਜਾਫੀ ਨੂੰ ਵੀ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਜਾਣਗੇ। ਅਵਤਾਰ ਸਿੰਘ ਮੌਲੀ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ, ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ, ਸੀਨੀਅਰ ਆਗੂ ਸ. ਕੁਲਦੀਪ ਸਿੰਘ ਸਮਾਣਾ, ਸ.ਸਰਬਜੀਤ ਸਿੰਘ ਸਮਾਣਾ ਮੇਅਰ ਮੋਹਾਲੀ ਕਾਰਪੋਰੇਸ਼ਨ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। ਇਸ ਕਬੱਡੀ ਕੱਪ ਸੰਬੰਧੀ ਪੋਸਟਰ ਰਿਲੀਜ਼ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਪੰਜਾਬ ਦੇ ਵਿੱਚ ਖੇਡਾਂ ਨੂੰ ਲੈ ਕੇ ਸਾਜਗਾਰ ਮਾਹੌਲ ਤਿਆਰ ਕਰਨ ਦੇ ਚਲਦਿਆਂ ਹੀ ਅੱਜ ਪੰਜਾਬ ਦੇ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਵੱਡੇ ਪੱਧਰ 'ਤੇ ਖੇਡ ਮੇਲਿਆਂ ਦਾ ਆਯੋਜਨ ਪਹਿਲਾਂ ਦੇ ਮੁਕਾਬਲਤਨ ਹੋਰ ਵਧ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਖੇਡਾਂ ਦੇ ਵਿੱਚ ਮਾਣਯੋਗ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਅਤੇ ਕੋਚਿਜ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉੱਥੇ ਨਵੀਂ ਪਨੀਰੀ ਤਿਆਰ ਕਰਨ ਦੇ ਲਈ ਖਿਡਾਰੀਆਂ ਨੂੰ ਵਧੀਆ ਖੇਡ ਮੈਦਾਨ ਦੇ ਨਾਲ-ਨਾਲ ਖੇਡਾਂ ਦੇ ਲਈ ਲੋੜੀਂਦਾ ਸਮਾਨ ਵੀ ਪੰਜਾਬ ਸਰਕਾਰ ਦੀ ਤਰਫੋਂ ਮੁਹਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉੱਥੇ ਖਿਡਾਰੀਆਂ ਨੂੰ ਤਰਾਸ਼ਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚਜ ਨੂੰ ਵੀ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਦਿੱਤੇ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪੰਜਾਬ ਭਰ ਵਿੱਚ ਚੱਲ ਰਹੇ ਖੇਡ ਮੇਲਿਆਂ ਦੀ ਲੜੀ ਦੇ ਤਹਿਤ ਹੀ ਪਿੰਡ ਮੌਲੀ ਵੈਦਵਾਨ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਕਬੱਡੀ ਕੱਪ ਦਾ ਆਯੋਜਨ ਖੇਡ ਪ੍ਰਬੰਧਕਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਇਲਾਕੇ ਦੇ ਪਤਵੰਤੀਆਂ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਅਤੇ ਖੇਡ ਪ੍ਰਬੰਧਕਾਂ ਵਿੱਚੋਂ ਇੱਕ ਅਵਤਾਰ ਸਿੰਘ ਮੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਕਬੱਡੀ ਕੱਪ ਨਾਲ ਸੰਬੰਧਿਤ ਪੋਸਟਰ ਨੂੰ ਰਿਲੀਜ਼ ਕਰਨ ਦੀ ਰਸਮ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਨਿਭਾਈ ਗਈ ਹੈ ਅਤੇ ਇਸ ਕਬੱਡੀ ਕੱਪ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਵੇਖਣ ਦੇ ਲਈ ਪੰਜਾਬ ਭਰ ਦੇ ਕੋਨੇ-ਕੋਨੇ ਵਿੱਚੋਂ ਖੇਡ ਪ੍ਰੇਮੀ ਪਹੁੰਚ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਖੇਡ ਪ੍ਰੇਮੀ ਕੁਲਦੀਪ ਸਿੰਘ ਸਾਮਣਾ, ਪਰਮਜੀਤ ਸਿੰਘ ਚੌਹਾਨ- ਡਾਇਰੈਕਟਰ ਜੇ. ਐਲ. ਪੀ. ਐਲ., ਅਵਤਾਰ ਸਿੰਘ ਮੌਲੀ, ਸਤਿੰਦਰ ਸਿੰਘ ਮਿੱਠੂ- ਕੌਂਸਲਰ, ਬਾਵਾ ਮੌਲੀ, ਅਕਬਿੰਦਰ ਸਿੰਘ ਗੋਸਲ, ਰੂਪਾ ਸੋਹਣਾ, ਹਰਜੀਤ ਸਿੰਘ ਭੋਲੂ- ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਖੇਡ ਪ੍ਰੇਮੀ ਵੀ ਹਾਜ਼ਰ ਰਹੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਕਬੱਡੀ ਕੱਪ ਦੇ ਆਯੋਜਕਾਂ ਦੇ ਵਿੱਚ ਲਾਲੀ ਬੈਦਵਾਣ ਕਲੱਬ ਪ੍ਰਧਾਨ ਤੋਂ ਇਲਾਵਾ ਜਸਵੰਤ ਸਿੰਘ ਲਾਲਾ ਚੇਅਰਮੈਨ, ਮਨਦੀਪ ਸਿੰਘ ਖਜਾਨਚੀ, ਗੁਰਸੇਵਕ, ਹਰਜੋਤ ਸਿੰਘ ਗੱਬਰ ਮੌਲੀ ਬੈਦਵਾਣ ਵੱਲੋਂ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਬੰਧਕਾਂ ਦੇ ਅਨੁਸਾਰ ਇਸ ਕਬੱਡੀ ਕੱਪ ਦੇ ਦੌਰਾਨ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਦਾ ਖੁੱਲਾ ਅਖਾੜਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News