ਸਾਡਾ ਮਾਮੂ ! ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਹਰੀ ਨਲੂਆ ਦੀ ਨਕਲੀ ਫੋਟੋ
- ਧਾਰਮਿਕ/ਰਾਜਨੀਤੀ
- 22 Apr,2025

ਸਾਡਾ ਮਾਮੂ!
ਇਹ ਬਹੁਤ ਹੀ ਦਿਲਚਸਪ ਕਿੱਸਾ ਹੈ। ਇੱਕ ਫੇਰੀ ਵਾਲਾ ਇਕ ਸੋਹਣੇ ਸੁੱਨਖੇ ਰੋਅਬਦਾਰ ਮਨੁੱਖ ਦੀ ਰੰਗੀਨ ਪੇਂਟਿੰਗ ਵੇਚ ਰਿਹਾ ਸੀ। ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਇਹ ਤਸਵੀਰ ਵਿਖਾਈ। ਕੀਮਤ ਵੀ ਬਹੁਤ ਹੀ ਵਾਜਬ ਬਲਕਿ ਘਟ ਹੀ ਦੱਸੀ। ਸਿਰਫ਼ ਇੱਕ ਸੌ ਰੁਪਏ। ਘਰ ਦੇ ਮਾਲਕ ਨੂੰ ਪਸੰਦ ਵੀ ਆਈ ਪਰ ਸੌਦੇਬਾਜ਼ੀ ਦੀ ਆਦਤ ਤੋਂ ਲਾਚਾਰ, ਪੰਜਾਹ ਰੁਪਏ ਦੀ ਜਵਾਬੀ ਪੇਸ਼ਕਸ਼ ਕਰ ਦਿੱਤੀ।
ਜ਼ੋਰਦਾਰ ਸੌਦੇਬਾਜ਼ੀ ਮਗਰੋਂ , ਪੋਰਟਰੇਟ ਵੇਚਣ ਵਾਲੇ ਨੇ ਆਖਰ ਪਚਵੰਜਾ ਰੁਪਏ 'ਤੇ ਆਪਣਾ ਪੈਰ ਰੱਖਿਆ ਅਤੇ ਕਿਹਾ ਕਿ ਜੇ ਲੈਣੀ ਹੈ ਤਾਂ ਲਓ, ਮੈਂ ਇਸ ਤੋਂ ਇਕ ਪਾਈ ਵੀ ਘਟ ਨਹੀਂ ਲਵਾਂਗਾ। ਪਰ ਜ਼ਿੱਦੀ ਖਰੀਦਦਾਰ ਅਜੇ ਵੀ ਪੰਜਾਹ ਰੁਪਏ ਦੀ ਆਪਣੀ ਪੇਸ਼ਕਸ਼ 'ਤੇ ਅੜਿਆ ਰਿਹਾ। ਸਿਰਫ਼ ਪੰਜ ਰੁਪਏ ਦੇ ਫਰਕ ਲਈ ਸੌਦਾ ਅਸਫਲ ਰਿਹਾ ਅਤੇ ਪੇਂਟਿੰਗ ਵੇਚਣ ਵਾਲਾ ਤੁਰ ਗਿਆ।
ਅਗਲੇ ਘਰ ਦੇ ਬੂਹੇ 'ਤੇ, ਉਸਨੂੰ ਇੱਕ ਗਾਹਕ ਮਿਲ ਗਿਆ ਅਤੇ ਉਸਨੇ ਉਹ ਪੋਰਟਰੇਟ ਖਰੀਦ ਲਿਆ। ਨਵੇਂ ਮਾਲਕ ਨੇ ਮਾਣ ਨਾਲ ਉਹ ਪੇਂਟਿੰਗ ਆਪਣੇ ਡਰਾਇੰਗ ਰੂਮ ਵਿੱਚ ਦਿਵਾਰ ‘ਤੇ ਟੰਗ ਦਿੱਤੀ । ਅਗਲੇ ਦਿਨ, ਪਹਿਲੇ ਵਾਲਾ ਅਸਫਲ ਖਰੀਦਦਾਰ ਜਿਸਨੇ ਪੋਰਟਰੇਟ ਨੂੰ ਰੱਦ ਕਰ ਦਿੱਤਾ ਸੀ, ਆਪਣੇ ਗੁਆਂਢੀ ਦੇ ਘਰ ਗਿਆ ਅਤੇ ਨੀਝ ਲਾ ਕੇ ਖੁੰਝੇ ਹੋਏ ਪੋਰਟਰੇਟ ਨੂੰ ਦੇਖ ਰਿਹਾ ਸੀ। ਨਵੇਂ ਮਾਲਕ ਨੇ ਕਿਹਾ ਕੀ ਵੇਖ ਰਿਹਾ ਹੈਂ? ਇਹ ਮੇਰੇ ਦੁਬਈ ਵਾਲੇ ਮਾਮੂ ਹਨ। ਤੈਨੂੰ ਪਤਾ ਹੈ ਇਹ ਬਹੁਤ ਹੀ ਰਈਸ ਹਨ। ਮੇਰੇ ਮਾਮੂ ਕੋਲ ਤੇਲ ਦੇ ਖੂਹ ਹਨ, ਕੱਪੜੇ ਦੀਆਂ ਮਿੱਲਾਂ ਹਨ, ਕਈ ਫੈਕਟਰੀਆਂ ਹਨ, ਟਰੱਕਾਂ ਅਤੇ ਟੈਕਸੀਆਂ ਦਾ ਬੇੜਾ ਹੈ ਅਤੇ ਕਈ ਕੋਠੀਆਂ ਦੇ ਮਾਲਕ ਵੀ ਹਨ।
ਇਸ 'ਤੇ ਖੁੰਝੇ ਹੋਏ ਅਤੇ ਛਿੱਥੇ ਪਏ ਗੁਆਂਢੀ ਨੇ ਕਿਹਾ, ਪਤਾ ਹੈ, ਮੈਨੂੰ ਸਭ ਪਤਾ ਹੈ। ਸਿਰਫ਼ ਪੰਜ ਰੁਪਏ ਦਾ ਫਰਕ ਪੈ ਗਿਆ ਨਹੀਂ ਤਾਂ ਹੁਣ ਇਹ ਮੇਰਾ ਮਾਮੂ ਹੋਣਾ ਸੀ।
ਸਾਡੇ ਨਾਲ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਹੈ। ਅਫਗਾਨਿਸਤਾਨ ਦੇ ਅਮੀਰ ਸ਼ੇਰ ਅਲੀ ਖਾਨ (1825 - 1879) ਦੀ ਇੱਕ ਗਰੁੱਪ ਪੇਂਟਿੰਗ ਬੰਗਲਾ ਸਾਹਿਬ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ ਸੀ। ਇਸ ਦੀ ਕੈਪਸ਼ਨ ਸੀ ਕਿ ਇਹ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲਵਾ (1791-1837) ਦਾ ਪੋਰਟਰੇਟ ਹੈ। ਸਾਡਾ ਮਾਮੂ !
ਉਹ ਫੋਟੋ ਜੋ ਬੰਗਲਾ ਸਾਹਿਬ ਸਿੱਖ ਅਜਾਇਬ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲਵਾ ਸਿੰਘ ਦੇ ਨਾਮ ਦੱਸ ਕੇ ਪ੍ਰਦਰਸ਼ਿਤ ਕੀਤੀ ਗਈ ਸੀ।
ਇਹ ਪੋਰਟਰੇਟ ਅਸਲ ਵਿੱਚ ਅਫਗਾਨਿਸਤਾਨ ਦੇ ਸ਼ਾਹ ਸ਼ੇਰ ਅਲੀ ਖਾਨ ਦਾ ਹੈ ਜਿਸਨੇ ਕਰਾਕੁਲ (ਕਾਲੇ ਲੇਲੇ ਦੀ ਉੱਨ ਦੀ ਟੋਪੀ) ਪਹਿਨੀ ਹੋਈ ਹੈ। ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਉੱਨ ਦੀ ਟੋਪੀ ਹੈ। ਪਰ ਸਾਡਿਆਂ ਨੇ ਇਸ ਨੂੰ ਕਾਲੇ ਰੰਗ ਨਾਲ ਗਾੜ੍ਹਾ ਕਰਕੇ ਦਸਤਾਰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਖੈਰ, ਇਸ ਤਸਵੀਰ ਵਿੱਚ ਸੀ.ਡੀ. ਚਾਰਲਸ ਚੈਂਬਰਲੇਨ ਅਤੇ ਸਰ ਰਿਚਰਡ ਐਫ. ਪੋਲੌਕ ਹਨ। ਇਹ 1869 ਵਿੱਚ ਅੰਬਾਲਾ ਦਰਬਾਰ ਵਿੱਚ ਕੈਮਰੇ ਨਾਲ ਖਿੱਚੀ ਗਈ ਤਸਵੀਰ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ 59 ਸਾਲ ਦੀ ਉਮਰ ਵਿੱਚ ਹੋਈ ਸੀ ਅਤੇ ਜਨਰਲ ਹਰੀ ਸਿੰਘ ਨਲਵਾ 32 ਸਾਲ ਪਹਿਲਾਂ ਹੀ ਅਮੀਰ ਸ਼ੇਰ ਅਲੀ ਖਾਨ ਦੇ ਵੱਡੇ ਭਰਾ ਅਕਬਰ ਖਾਨ ਮੁਹੰਮਦ ਦੇ ਨਾਲ ਜੰਗ ਵਿਚ ਸ਼ਹੀਦ ਹੋ ਚੁੱਕੇ ਸਨ। ਤਦ ਤਕ ਤਾਂ ਕੈਮਰਾ ਵੀ ਨਹੀਂ ਸੀ ਆਇਆ। ਇਹ ਤਸਵੀਰ ਤੀਹ ਸਾਲ ਬਾਅਦ 1869 ਵਿੱਚ ਖਿੱਚੀ ਗਈ ਸੀ।
ਹੈਰਾਨੀ ਹੈ ਕਿ ਇਸ ਤੋਂ ਬਾਅਦ ਵੀ ਮੁੜ ਮੁੜ ਕਈ ਵਾਰ ਇਸ ਤਸਵੀਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੱਸ ਕੇ ਆਪਣੀ ਪਿੱਠ ਥਾਪੜੀ ਜਾਂਦੀ ਹੈ। ਇਸ ਢੰਗ ਨਾਲ ਤਾਂ ਸ਼ੇਰ ਅਲੀ ਖਾਨ ਨੇ ਸਿੰਘ ਨਹੀਂ ਸਜ ਜਾਣਾ। ਕੀ ਹਰ ਰਾਹ ਤੁਰਦੇ ਨੂੰ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲਵਾ ਕਹਿ ਦਿੱਤਾ ਜਾਏਗਾ।
ਇਤਿਹਾਸ ਨੂੰ ਸੁਰੱਖਿਅਤ ਰੱਖਣ ਦਾ ਸਮਾਂ ਆ ਗਿਆ ਹੈ ਪਰ ਸੱਚਾਈ ਨਾਲ। ਐਵੇਂ ਐਰੇ ਗੈਰੇ ਨੂੰ ਆਪਣਾ ਮਾਮੂ ਨਾ ਬਣਾਈ ਜਾਈਏ।
ਸ.ਗੁਰਚਰਨਜੀਤ ਸਿੰਘ ਲਾਂਬਾ
Posted By:

Leave a Reply