350 ਸਾਲਾ ਸ਼ਤਾਬਦੀ ਨੂੰ ਅਸਲ ਢੰਗ ਨਾਲ ਮਨਾਉਂਦਿਆਂ ਫਰੈਂਕਫੋਰਟ ਵਿਖੇ ਚੱਲ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਦੀ ਹੋਈ ਸੰਪੂਰਨਤਾ
- ਗੁਰਬਾਣੀ-ਇਤਿਹਾਸ
- 20 Oct,2025
ਜਰਮਨੀ/ਫਰੈਂਕਫਰਟ ,ਨਜ਼ਰਾਨਾ ਟਾਈਮਜ ਬਿਊਰੋ
ਮਨੁੱਖੀ ਹੱਕਾਂ ਦੇ ਰਾਖੇ, ਸਗਲ-ਸ੍ਰਿਸ਼ਟ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 24 ਨਵੰਬਰ 2025 ਨੂੰ ਆ ਰਹੇ 350 ਸਾਲਾ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸਮੂੰਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ 15 ਰੋਜ਼ਾ "ਗੁਰਮਤਿ ਟ੍ਰੇਨਿੰਗ ਕੈਂਪ" ਲਗਾਇਆ ਗਿਆ। ਜਿਸ ਵਿੱਚ 4 ਸਾਲ ਤੋਂ ਲੈ ਕੇ 18 ਸਾਲ ਅਤੇ ਵਡੇਰੀ ਉਮਰ ਦੇ ਤਕਰੀਬਨ 80 ਨੌਜਵਾਨ ਬੱਚੇ-ਬੱਚੀਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦਾ ਸਲੇਬਸ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਅਤੇ ਉਹਨਾਂ ਦੁਆਰਾ ਰਚੀ ਬਾਣੀ ਦੇ ਅਧਾਰ ਤੇ ਰੱਖਿਆ ਗਿਆ। ਜੋ ਕਿ ਵਿਸ਼ੇਸ਼ ਤੌਰ ਤੇ ਪਹੁੰਚੇ ਗਿਆਨੀ ਗੁਰਭੇਜ ਆਨੰਦਪੁਰੀ ਅਤੇ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ, ਭਾਈ ਚਮਕੌਰ ਸਿੰਘ ਅਤੇ ਭਾਈ ਲਖਵੀਰ ਸਿੰਘ ਜੀ ਵੱਲੋਂ ਪੜ੍ਹਾਇਆ ਗਿਆ। ਕੈਂਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਨਾਲ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਦੀ ਟਰੇਨਿੰਗ ਵੀ ਦਿੱਤੀ ਗਈ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੋਜ਼ਾਨਾ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਦੀ ਸੇਵਾ ਨਿਭਾਈ। ਕੈਂਪ ਵਿੱਚ ਕਰਵਾਏ ਗਏ ਸਲੇਬਸ ਦੇ ਅਧਾਰ ਤੇ ਵਿਦਿਆਰਥੀਆਂ ਦਾ ਗੁਰਮਤਿ ਇਮਤਿਹਾਨ ਲਿਆ ਗਿਆ ਜਿਸ ਦੇ 3 ਦਰਜੇ ਬਣਾਏ ਗਏ, ਵੱਡੇ ਬੱਚਿਆਂ ਦੇ ਇਮਤਿਹਾਨ ਵਿਚੋਂ ਪ੍ਰਾਪਤ ਕੀਤੇ ਨੰਬਰਾਂ ਦੇ ਅਧਾਰ ਤੇ 4-4 ਟੀਮਾਂ ਬਣਾਈਆਂ ਗਈਆਂ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਵਿਦਿਆਰਥੀਆਂ ਨੇ ਬਾਕਮਾਲ ਜਵਾਬ ਦਿੱਤੇ । ਐਤਵਾਰ ਦੇ ਹਫ਼ਤਾਵਾਰੀ ਦੀਵਾਨਾਂ ਵਿੱਚ ਗੁਰਮਤਿ ਇਮਤਿਹਾਨ ਵਿਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ, ਕੁਇਜ਼ ਮੁਕਾਬਲੇ ਵਿਚੋਂ ਜੇਤੂ ਵਿਦਿਆਰਥੀਆਂ ਅਤੇ ਸਾਰੇ ਕੈਂਪ ਦੌਰਾਨ ਹਾਜ਼ਰੀ ਭਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ, ਮੈਡਲ ਅਤੇ ਸਰਟੀਫਿਕੇਟਸ ਵੰਡੇ ਗਏ । ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਬੱਚੇ ਸਾਡੀ ਕੌਂਮ ਦਾ ਆਉਣ ਵਾਲਾ ਭਵਿੱਖ ਹਨ ਇਸ ਲਈ ਇਹਨਾਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਹੀ ਕੌਂਮ ਦਾ ਸਰਵਪੱਖੀ ਵਿਕਾਸ ਤੇ ਵਿਸਥਾਰ ਹੋ ਸਕਦਾ ਹੈ ਇਸ ਲਈ ਅਸੀਂ ਆਉਣ ਵਾਲੀ 350ਸਾਲਾ ਸ਼ਤਾਬਦੀ ਨੂੰ ਅਸਲ ਢੰਗ ਨਾਲ ਮਨਾਉਣ ਦਾ ਯਤਨ ਕੀਤਾ ਹੈ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ, ਖਜ਼ਾਨਚੀ ਭਾਈ ਕਰਨੈਲ ਸਿੰਘ ਪਰਦੇਸੀ, ਸੈਕਟਰੀ ਹੀਰਾ ਸਿੰਘ, ਲੰਗਰ ਇੰਚਾਰਜ ਸਤਨਾਮ ਸਿੰਘ, ਚੇਅਰਮੈਨ ਗੁਰਦਿਆਲ ਸਿੰਘ ਲਾਲੀ ਸਮੂੰਹ ਸੰਗਤਾਂ ਅਤੇ ਬੱਚੇ ਹਾਜ਼ਿਰ ਸਨ।
Posted By:
GURBHEJ SINGH ANANDPURI
Leave a Reply