Nazrana Times

ਪੰਜਾਬੀ

ਮਾਨਸਾ ਵਿਖੇ ਪੁਲਿਸ ਵਲੋਂ ਕੀਤਾ ਜਬਰ ਅਤੇ ਧੱਕੇਸ਼ਾਹੀ ਨਾ-ਬਰਦਾਸ਼ਤਯੋਗ : ਵਿਦਿਆਰਥੀ ਜਥੇਬੰਦੀ ਸੰਕਲਪ

28 Oct, 2026 06:12 PM

ਲੱਖਾ ਸਿਧਾਣਾ ਸਮੇਤ ਸਭ ਨੂੰ ਤੁਰੰਤ ਰਿਹਾਅ ਕੀਤਾ ਜਾਵੇ

ਹੁਸ਼ਿਆਰਪੁਰ, 28 ਅਕਤੂਬਰ , ਰਣਜੀਤ ਸਿੰਘ ਖ਼ਾਲਸਾ- ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਨਾਲ ਮੌਤ ਹੋ ਜਾਣ ਤੋਂ ਬਾਅਦ ਮਾਨਸਾ ਵਿਖੇ ਵਾਪਰੀ ਘਟਨਾ ਸੰਬੰਧੀ ਵਿਦਿਆਰਥੀ ਜੱਥੇਬੰਦੀ ਸੰਕਲਪ ਵਲੋਂ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਇਕੱਤਰਤਾ ਬੁਲਾਈ ਗਈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ-ਦਿਨ ਨਾਜ਼ੁਕ ਬਣਦੇ ਜਾ ਰਹੇ ਹਨ ਅਤੇ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪੁਲਿਸ ਵਲੋਂ ਮਾਨਸਾ ਵਿਖੇ ਕੀਤੀ ਗਈ ਧੱਕੇਸ਼ਾਹੀ ਅਤੇ ਜਬਰ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ, ਇਹ ਘਟਨਾ ਨਾ-ਬਰਦਾਸ਼ਤ ਯੋਗ ਹੈ ਅਤੇ ਜੋ ਹਾਲਾਤ ਬਣ ਰਹੇ ਹਨ, ਉਨ੍ਹਾਂ ਪ੍ਰਤੀ ਅਸੀਂ ਚਿੰਤਤ ਵੀ ਹਾਂ। 

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨਾਲ ਮਾਰਿਆ ਜਾ ਰਿਹਾ, ਨਸ਼ਾ ਤਸਕਰਾਂ ਵਿਰੁੱਧ ਸੰਘਰਸ਼ ਕਰਨ ਵਾਲਿਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ, ਜੇਕਰ ਕਿਸੇ ਦਾ ਨੌਜਵਾਨ ਪੁੱਤ ਨਸ਼ੇ ਦੀ ਓਵਰਡੋਜ ਨਾਲ ਮਰ ਰਿਹਾ ਹੈ ਤਾਂ ਪਰਿਵਾਰ ਨੂੰ ਰੋਸ ਪ੍ਰਗਟ ਕਰਨ ਤੋਂ ਰੋਕਦਿਆਂ ਹੋਇਆ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਅੰਨ੍ਹੇਵਾਹ ਲਾਠੀਚਾਰਜ ਕੀਤਾ ਜਾ ਰਿਹਾ, ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਗ੍ਰਿਫ਼ਤਾਰ ਕੀਤੇ ਲੱਖਾ ਸਿੰਘ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ, ਅਰਵਿੰਦਰ ਕੌਰ (ਵਿਦਿਆਰਥੀ ਆਗੂ) ਸਮੇਤ ਸਾਰੇ ਸੰਘਰਸ਼ੀਆਂ ਨੂੰ ਤੁਰੰਤ ਰਿਹਾਅ ਕਰੇ‌।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਲੱਗੇ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਅਤੇ ਉਸ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ।

ਇਸ‌ ਮੌਕੇ ਰਣਵੀਰ ਸਿੰਘ ਬੈਂਸਤਾਨੀ, ਮੋਹਿੰਦਰ ਸਿੰਘ, ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਥਮ ਸਿੰਘ, ਗੁਰਜੋਤ ਸਿੰਘ, ਹਰਦੀਪ ਸਿੰਘ, ਮਨਰੂਪ ਕੌਰ, ਕੇਸਰਦੀਪ ਕੌਰ, ਸਿਮਰਨ ਕੌਰ, ਸ਼ਰਨਪ੍ਰੀਤ ਸਿੰਘ, ਹਰਮਨ ਸਿੰਘ, ਕੁਲਵੀਰ ਸਿੰਘ, ਰਵੀ ਕੁਮਾਰ, ਰਮਨਦੀਪ ਸਿੰਘ, ਅੰਕੁਸ਼ ਸਿੰਘ, ਸਾਹਿਬ ਸਿੰਘ, ਮਨਿੰਦਰ ਕੌਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News