ਇਲਾਕੇ 'ਚ ਬਿਜਲੀ ਦੇ ਟਰਾਂਸਫਰਮਰਾਂ 'ਚ ਤਾਂਬਾ ਚੋਰੀ ਕਰਨ ਵਾਲਾ ਗਿਰੋਹ ਹੋਇਆ ਫਿਰ ਸਰਗਰਮ
ਪਿੰਡ ਮੰਡੀ ਵਿਖੇ ਖੇਤਾਂ ਵਿੱਚ ਸਥਿਤ ਦੋ ਟਰਾਂਸਫਾਰਮਰਾਂ 'ਚ ਤਾਂਬਾ ਚੋਰੀ
ਅੱਪਰਾ, 4 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ਵਿੱਚ ਖੇਤਾਂ ਵਿੱਚ ਸਥਿਤ ਬਿਜਲੀ ਦੇ ਟਰਾਂਸਫਰਮਰਾਂ 'ਚ ਤਾਂਬਾ ਚੋਰੀ ਕਰਨ ਵਾਲਾ ਗਿਰੋਹ ਫਿਰ ਸਰਗਰਮ ਹੋ ਗਿਆ ਹੈ। ਇੱਕ ਤਾਂ ਸਰਕਾਰ ਵਲੋਂ ਨਿਯਤ ਕੀਤੇ ਗਏ ਸਮੇਂ ਲਈ ਟਿਊਬਵੈਲਾਂ ਲਈ ਲਾਈਟ ਨਹੀਂ ਦਿੱਤੀ ਜਾ ਰਹੀ। ਜੇਕਰ ਬਿਜਲੀ ਆ ਵੀ ਜਾਵੇ ਤਾਂ ਚੋਰਾਂ ਦੀ "ਮਿਹਰਬਾਨੀ" ਦੇ ਕਾਰਣ ਝੋਨੇ ਦੀ ਫ਼ਸਲ ਨੂੰ ਨਿਯਮਤ ਤੌਰ ਤੇ ਪਾਣੀ ਨਹੀਂ ਮਿਲ ਰਿਹਾ। ਜਿਸ ਕਾਰਣ ਕਿਸਾਨ ਵੀਰ ਡਾਹਢੇ ਪ੍ਰੇਸ਼ਾਨ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਕਾਲਾ ਵਾਈਸ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਚੋਰ ਅੱਪਰਾ ਤੋਂ ਮੰਡੀ ਰੋਡ ਤੇ ਸਥਿਤ ਆਟਾ ਚੱਕੀ ਤੇ ਕਾਰਖਾਨੇ ਦੇ ਪਿਛਲੇ ਪਾਸੇ ਖੇਤਾਂ ਵਿੱਚ ਸਥਿਤ ਦੋ ਬਿਜਲੀ ਦੇ ਟਰਾਂਸਫਰਮਰਾਂ 'ਚ ਤਾਂਬਾ ਚੋਰੀ ਕਰਕੇ ਲੈ ਗਏ। ਸ ਜਤਿੰਦਰ ਸਿੰਘ ਕਾਲਾ ਨੇ ਅੱਗੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ ਤਾਂ ਕਿ ਫਸਲ ਵਧ ਫੁੱਲ ਸਕੇ। ਪਰੰਤੂ ਚੋਰੀ ਦੀਆਂ ਸ਼ਰੇਆਮ ਹੋ ਰਹੀਆਂ ਵਾਰਦਾਤਾਂ ਦੇ ਕਾਰਣ ਹਰ ਵਾਰ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਜਤਿੰਦਰ ਸਿੰਘ ਕਾਲਾ ਵਾਸੀ ਪਿੰਡ ਮੰਡੀ ਤੇ ਮਹੰਤਾਂ ਦੀ ਮੋਟਰ ਦੇ ਮਾਲਕ ਨੇ ਦੱਸਿਆ ਕਿ ਉਕਤ ਚੋਰੀ ਦੇ ਕਾਰਣ ਉਨਾਂ ਦਾ ਲਗਭਗ ਇੱਕ ਲੱਖ ਰੁਪਏ ਤੋਂ ਉੱਪਰ ਵਿੱਤੀ ਨੁਕਸਾਨ ਹੋ ਗਿਆ ਹੈ। ਘਟਨਾ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Posted By: GURBHEJ SINGH ANANDPURI