Nazrana Times

ਪੰਜਾਬੀ

ਪਾਠ-ਭੇਦਾਂ ਦੇ ਵਿਸ਼ੇ ਤੇ ਮਹੱਤਵਪੂਰਨ ਕਿਤਾਬ ਹੋਈ ਰਿਲੀਜ਼

02 Aug, 2026 08:16 PM

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰ - ਅੱਜ (੨ ਅਗਸਤ) ਨੂੰ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿੱਖੇ ਸਿੱਖ ਵਿਦਵਾਨਾ ਦੇ ਭਰਵੇਂ ਇਕੱਠ ਵਿੱਚ ਸਰਬੱਤ ਖ਼ਾਲਸਾ ਜੱਥੇਬੰਦੀ ਵੱਲੋਂ ਡਾ. ਓਅੰਕਾਰ ਸਿੰਘ ਵੱਲੋਂ ਸੰਪਾਦਕ 'ਆਦਿ ਮੰਗਲ ਦਾ ਸਰੂਪ ਸਥਾਨ ਅਤੇ ਪਾਠ-ਭੇਦ ਉਕਾਈਆਂ' ਕਿਤਾਬ ਜਾਰੀ ਕੀਤੀ ਗਈ।
ਇਸ ਮੌਕੇ ਵਿਦਵਾਨਾਂ ਵਿਚ ਡਾ: ਬਲਕਾਰ ਸਿੰਘ, ਰਜਿੰਦਰ ਸਿੰਘ ਖ਼ਾਲਸਾ ਪੰਚਾਇਤ, ਮਨਿੰਦਰ ਕੌਰ, ਪ੍ਰੋ: ਸ਼ਾਮ ਸਿੰਘ, ਸਤਬੀਰ ਸਿੰਘ, ਸਵਰਨ ਸਿੰਘ ਸੈਵੀ, ਗਿਆਨੀ ਅਵਤਾਰ ਸਿੰਘ, ਸਤਨਾਮ ਸਿੰਘ ਰੰਧਾਵਾ, ਵੀਰ ਗੁਰਬੰਸ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ., ਡਾ: ਖੁਸ਼ਹਾਲ ਸਿੰਘ, ਰਾਜਵਿੰਦਰ ਸਿੰਘ ਰਾਹੀ ਆਦਿ ਤੋਂ ਇਲਾਵਾ ਇਸ ਕਿਤਾਬ ਦੇ ਸੰਪਾਦਕ ਡਾ: ਓਅੰਕਾਰ ਸਿੰਘ ਆਨਲਾਈਨ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪਾਠ-ਭੇਦ ਇੱਕ ਗੰਭੀਰ ਧਾਰਮਿਕ ਅਤੇ ਅਕਾਦਮਿਕ ਮਸਲਾ ਹੈ। ਇਸਦੇ ਵਿਸ਼ਾ-ਮਾਹਿਰ ਉਂਗਲਾਂ 'ਤੇ ਗਿਣੇ ਜਾ ਸਕਦੇ ਹਨ। ਉਹ ਵੀ ਇੱਕ-ਇੱਕ ਕਰਕੇ ਕਰਤਾਰ ਵੱਲੋਂ ਬਖਸ਼ਿਆ ਜੀਵਨ ਭੋਗ ਕੇ ਸੰਸਾਰ ਤੋਂ ਕੂਚ ਕਰੀ ਜਾ ਰਹੇ ਹਨ। ਇਹ ਹਰ ਸਿੱਖ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ। ਪਰ ਬਹੁਤਾਤ ਸਿੱਖ ਇਨ੍ਹਾਂ ਪਾਠ-ਭੇਦਾਂ ਤੋਂ ਪੂਰੀ ਤਰਾਂ ਅਨਜਾਣ ਹਨ। 
ਸੋ ਹਰ ਸਿੱਖ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿੱਚ ਇਹ ਮਸਲਾ ਹੈ ਕੀ? ਪੰਜ ਪ੍ਰਧਾਨੀ ਕੌਂਸਲ ਵੱਲੋਂ ਗੰਭੀਰ ਵਿਚਾਰ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸਿੱਖ-ਸੰਗਤ ਦੀ ਜਾਗਰੂਕਤਾ ਲਈ ਪੁਰਾਤਨ ਅਤੇ ਪ੍ਰਮਾਣਿਕ ਹੱਥ-ਲਿਖਤ ਬੀੜਾਂ ਵਿੱਚੋਂ ਰੰਗਦਾਰ ਚਿੱਤਰਾਂ ਦੇ ਹਵਾਲੇ ਦੇ ਕੇ ਇੱਕ ਸੁੰਦਰ ਪੁਸਤਕ ਤਿਆਰ ਕੀਤੀ ਜਾਵੇ। ਇਸ ਅਤਿ ਮਹੱਤਵਪੂਰਣ ਕਿਤਾਬ ਨੂੰ ਲਿਖਣ ਦੀ ਜ਼ਿੰਮੇਵਾਰੀ ਡਾ. ਓਅੰਕਾਰ ਸਿੰਘ ਜੀ, (ਫੀਨਿਕਸ, ਅਮਰੀਕਾ) ਨੂੰ ਦਿੱਤੀ ਗਈ ਸੀ, ਜੋ ਇਸ ਵਿਸ਼ੇ ਬਾਰੇ ਗਿਣੇ ਚੁਣੇ ਵਿਦਵਾਨਾਂ ਵਿੱਚੋਂ ਇੱਕ ਹਨ।
ਕਿਤਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠ-ਭੇਦਾਂ ਨੂੰ ਸਮਝਣ ਵਾਸਤੇ ਚਾਰ ਭਾਗਾਂ ਵਿੱਚ ਸਮਝਾਉਣ ਦਾ ਯਤਨ ਕੀਤਾ ਗਿਆ ਹੈ:
੧) ਮੰਗਲਾਚਰਣ ਦੇ ਸੰਪੂਰਣ ਸਰੂਪ ਅਤੇ ਸਹੀ ਸਥਾਨ ਦੇ ਪਾਠ-ਭੇਦ,
੨) ਸੰਖੇਪ ਮੰਗਲ ਅਤੇ ਸਿਰਲੇਖਾਂ ਦੇ ਸਹੀ ਸਰੂਪ ਅਤੇ ਅਸਥਾਨ ਦੇ ਪਾਠ-ਭੇਦ,
੩) ਲਗਾਂ ਮਾਤਰਾਂ ਅਤੇ ਸ਼ਬਦ ਬਣਤਰ ਦੇ ਪਾਠ-ਭੇਦ,
੪) ਅੱਖਰ ਬਣਤਰ ਦੀਆਂ ਉਕਾਈਆਂ ਅਤੇ ਹੋਰ ਪਾਠ-ਭੇਦਾਂ ਬਾਰੇ ਰਿਪੋਰਟ।
ਪਾਠ-ਭੇਦਾਂ ਦੇ ਵਿਸ਼ੇ ਤੇ ਹੋਰਨਾਂ ਵਿਦਵਾਨਾਂ ਦੀਆਂ ਕੀਮਤੀ ਲਿਖਤਾਂ ਨੂੰ ਵੀ ਅੰਤਿਕਾ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਸ ਕਿਤਾਬ ਦੀਆਂ ੫੦੦ ਕਾਪੀਆਂ ਛਾਪੀਆਂ ਗਈਆਂ ਹਨ ਜਿਸਦਾ ਸਾਰਾ ਖਰਚਾ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਜੁੜੇ ਵੀਰਾਂ ਭੈਣਾਂ ਨੇ ਰਲ ਕੇ ਕੀਤਾ ਹੈ ਅਤੇ ਅਭਿਲਾਸ਼ੀ ਸੱਜਨ ਇਸਨੂੰ ਬਿਨਾ ਕਿਸੇ ਕੀਮਤ ਦੇ ਪੋਥੀ ਰਤਨ (ਕੇਂਦਰੀ ਸਿੰਘ ਸਭਾ) ਤੋਂ ਹਾਸਲ ਕਰ ਸਕਦੇ ਹਨ। ਇਸਦੀ ਪੀਡੀਐਫ਼ ਵੀ ਸਰਬੱਤ ਖ਼ਾਲਸਾ ਵੈਬਸਾਈਟ (https://sarbatkhalsa.world/) ਤੇ ਪਾ ਦਿੱਤੀ ਜਾਵੇਗੀ। ਇਸ ਪੁਸਤਕ ਨੂੰ ਛਪਵਾਕੇ ਪੰਥਕ ਵਿਚਾਰਾਂ ਲਈ ਸਾਂਝਾ ਕੀਤਾ ਜਾ ਰਿਹਾ ਤਾਂਕਿ ਸਮੁੱਚੀ ਕੌਮ, ਸਫ਼ਾ ਵਿਛਾਕੇ ਇਸ ਅਤਿ ਗੰਭੀਰ ਅਤੇ ਨਾਜ਼ੁਕ ਵਿੱਸ਼ੇ ਤੇ ਸਤਿਗੁਰੂ ਜੀ ਦੇ ਨਿਰਮਲ ਭੈਅ ਵਿੱਚ ਰਹਿੰਦਿਆਂ ਆਪਣੀ ਕੋਈ ਠੀਕ ਰਾਏ ਬਣਾ ਸਕੇ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖ਼ਾਲਸੇ ਨੂੰ ਪ੍ਰਭੁਤਾ ਬਖ਼ਸ਼ੀ ਹੈ। ਜੇਕਰ ਸਥਾਪਤ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੀਆਂ ਹੋ ਜਾਣ ਤਾਂ ਸਰਬੱਤ ਖ਼ਾਲਸਾ ਕੌਮੀ ਮਸਲੇ ਆਪਣੇ ਹੱਥ ਵਿੱਚ ਲੈ ਕੇ ਹੱਲ ਕਰਨ ਲਈ ਅਜ਼ਾਦ ਹੈ। ਸਰਬੱਤ ਖ਼ਾਲਸਾ ਜਥੇਬੰਦੀ ਦਾ ਮੰਤਵ ਗੁਰਮਤਿ ਦੇ ਚਾਨਣ ਵਿੱਚ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦ-ਮੁਖਤਿਆਰ ਸੰਸਥਾ ਬਣਨਾ ਹੈ, ਜੋ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਬਿਨਾਂ ਪੂਰਨ ਪਾਰਦਰਸ਼ਤਾ ਨਾਲ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ।
ਗੁਰਮਤਿ ਤੋਂ ਸੇਧ ਲੈ ਕੇ ਕੌਮ ਦੇ ਹਿੱਤ ਵਿਚ,
ਵੱਲੋਂ ਪੰਜ ਪ੍ਰਧਾਨੀ ਕੌਂਸਲ:
ਸ: ਨਿਰਮਲ ਸਿੰਘ (ਵਿਕਟੋਰੀਆ ਕੈਨੇਡਾ), ਸ: ਗੁਰਪ੍ਰੀਤ ਸਿੰਘ ਜੀਪੀ (ਬਹਿਰੀਨ), ਡਾ: ਖੁਸ਼ਹਾਲ ਸਿੰਘ (ਚੰਡੀਗੜ), ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ), ਸ: ਸਤਬੀਰ ਸਿੰਘ (ਦਿੱਲੀ)

Posted By: GURBHEJ SINGH ANANDPURI

Latest News