Nazrana Times

ਪੰਜਾਬੀ

ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰੀ ਏਜੰਸੀਆਂ ਦੇ ਏਜੰਡਿਆਂ ਅਤੇ ਨਿੱਜੀ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਅੱਗੇ ਆਉਣ : ਅਕਾਲੀ ਦਲ 'ਵਾਰਿਸ਼ ਪੰਜਾਬ ਦੇ'

31 Oct, 2026 07:08 PM

ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਦੇਣ ਅਤੇ ਇੱਕ ਜੁੱਟ ਹੋਣ ਦਾ ਦਿੱਤਾ ਸੱਦਾ…

ਚੰਡੀਗੜ੍ਹ 31 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਦੀਆਂ ਸੰਗਤਾਂ ਦੇ ਸਨਮੁੱਖ ਇੱਕ ਗੰਭੀਰ ਪੰਥਕ ਮਸਲਾ ਰੱਖਦੀ ਹੈ। ਭਾਈ ਦੀਪ ਸਿੱਧੂ ਵੱਲੋਂ ਪੰਜਾਬ ਦੀ ਹੋਂਦ, ਮੀਰੀ-ਪੀਰੀ ਦੇ ਸਿਧਾਂਤ ਅਤੇ “ਹਮ ਰਾਖਤ ਪਾਤਸ਼ਾਹੀ ਦਾਵਾ” ਦਾ ਹੋਕਾ ਦੇ ਕੇ ਕੌਮ ਨੂੰ ਜਗਾਇਆ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਸਟੇਜਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਸਵੈਮਾਣ ਦੀ ਗੱਲ ਕਰਦਿਆਂ ਇਸ ਲਹਿਰ ਨੂੰ ਅੱਗੇ ਤੋਰਿਆ। ਪਰ ਅੱਜ ਸਵਾਲ ਇਹ ਹੈ ਕਿ ਕੀ ਅਸੀਂ ਉਨ੍ਹਾਂ ਸਿਧਾਂਤਾਂ 'ਤੇ ਕਾਇਮ ਹਾਂ ਜਾਂ ਸਿਆਸੀ ਸਹੂਲਤਾਂ ਅਤੇ ਕਥਿਤ ਸਰਕਾਰੀ ਏਜੰਡਿਆਂ ਦੀ ਭੇਟ ਚੜ੍ਹ ਰਹੇ ਹਾਂ ? ਪਾਰਟੀ ਦੀਆਂ ਸਟੇਜਾਂ ਤੋਂ “ਪੰਥ ਬਚਾਓ, ਪੰਜਾਬ ਬਚਾਓ” ਦਾ ਨਾਅਰਾ ਗੂੰਜਦਾ ਰਿਹਾ, ਪਰ ਅੱਜ ਪਾਰਟੀ ਅੰਦਰਲੇ ਹਾਲਾਤ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਜਿਨ੍ਹਾਂ ਤਾਕਤਾਂ ਤੋਂ ਪੰਥ ਅਤੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਸੀ, ਕੀ ਅਸੀਂ ਉਨ੍ਹਾਂ ਨੂੰ ਹੀ ਪਾਰਟੀ ਦੇ ਫ਼ੈਸਲਿਆਂ ਵਿੱਚ ਪ੍ਰਭਾਵਸ਼ਾਲੀ ਥਾਂ ਦੇ ਰਹੇ ਹਾਂ ? ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਅੰਦਰ ਸਰਕਾਰੀ ਤੰਤਰ ਦੀ ਕਥਿਤ ਦਖ਼ਲਅੰਦਾਜ਼ੀ, ਫ਼ੈਸਲਿਆਂ ਉੱਤੇ ਬਾਹਰੀ ਪ੍ਰਭਾਵ, ਅਹੁਦਿਆਂ ਦੀ ਵੰਡ ਅਤੇ ਟਿਕਟਾਂ ਸਬੰਧੀ ਉੱਠ ਰਹੇ ਗੰਭੀਰ ਸਵਾਲਾਂ ਬਾਰੇ ਬਹੁਗਿਣਤੀ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੀ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ। ਇੱਥੋਂ ਤੱਕ ਕਿ ਪਾਰਟੀ ਦੇ ਫ਼ੈਸਲਿਆਂ ਦਾ ਕੇਂਦਰ ਚੰਡੀਗੜ੍ਹ ਸਥਿਤ ਦਫ਼ਤਰ ਬਣਨ ਅਤੇ ਲੁਧਿਆਣਾ ਵਿਖੇ ਮਨਪ੍ਰੀਤ ਸਿੰਘ ਇਯਾਲੀ ਦੀ ਰਿਹਾਇਸ਼ 'ਤੇ ਹੋ ਰਹੀਆਂ ਸਰਗਰਮੀਆਂ ਬਾਰੇ ਵੀ ਗੰਭੀਰ ਇਤਰਾਜ਼ ਦਰਜ ਕਰਵਾਏ ਗਏ। 20 ਅਕਤੂਬਰ ਨੂੰ ਬਹੁਗਿਣਤੀ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਛੇ ਸਫ਼ਿਆਂ ਦਾ ਤੱਥਾਂ ਅਤੇ ਸਬੂਤਾਂ ਸਮੇਤ ਪੱਤਰ ਕਾਰਜਕਾਰੀ ਪ੍ਰਧਾਨ ਨੂੰ ਸੌਂਪ ਕੇ ਪਾਰਟੀ ਨੂੰ ਕਥਿਤ ਬਾਹਰੀ ਪ੍ਰਭਾਵ ਤੋਂ ਮੁਕਤ ਕਰਵਾਉਣ ਅਤੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਜਦੋਂ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਈ ਤਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਉਪਰੰਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਮੁੱਖ ਸਿਧਾਂਤ ਕਮੇਟੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਗਠਨ ਕੀਤਾ ਗਿਆ। ਇਸ ਤੋਂ ਬਾਅਦ ਕਮੇਟੀ ਵੱਲੋਂ ਬਾਪੂ ਤਰਸੇਮ ਸਿੰਘ ਜੀ ਸਮੇਤ ਪੰਜ ਪ੍ਰਧਾਨੀ ਦੇ ਆਗੂਆਂ ਅਤੇ ਬਹੁਗਿਣਤੀ ਜ਼ਿਲ੍ਹਾ ਪ੍ਰਧਾਨਾਂ ਨਾਲ ਲਗਭਗ ਪੰਜ ਘੰਟੇ ਲੰਬੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਮੇਟੀ ਨੇ ਤੱਥਾਂ, ਸਬੂਤਾਂ ਅਤੇ ਗਵਾਹਾਂ ਸਮੇਤ ਆਪਣਾ ਪੱਖ ਰੱਖਿਆ। ਬਾਪੂ ਤਰਸੇਮ ਸਿੰਘ ਜੀ ਵੱਲੋਂ ਤਿੰਨ ਦਿਨ ਦਾ ਸਮਾਂ ਲੈ ਕੇ ਮਾਮਲਿਆਂ ਦੀ ਜਾਂਚ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਪਰ ਹੈਰਾਨੀਜਨਕ ਤੌਰ 'ਤੇ 24 ਘੰਟਿਆਂ ਦੇ ਅੰਦਰ ਹੀ ਪੰਜਾਬ ਦੇ 23 ਜ਼ਿਲ੍ਹਿਆਂ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਅਤੇ ਡਰਾਫਟਿੰਗ ਕਮੇਟੀ ਦੇ ਪੰਜ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਗਈ।
ਸਵਾਲ ਇਹ ਹੈ ਕਿ ਪਾਰਟੀ ਦੀ ਵਿਚਾਰਧਾਰਾ, ਪੰਥਕ ਸਿਧਾਂਤਾਂ ਅਤੇ ਜਥੇਬੰਦਕ ਪਾਰਦਰਸ਼ਤਾ ਦੀ ਗੱਲ ਕਰਨੀ ਕੀ ਗੁਨਾਹ ਹੈ? ਕੀ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲਿਆਂ ਨੂੰ ਸਿਆਸੀ ਸਜ਼ਾ ਦੇ ਕੇ ਸਵਾਲਾਂ ਨੂੰ ਦਬਾਇਆ ਜਾ ਸਕਦਾ ਹੈ ? ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਸੇ ਇੱਕ ਪਰਿਵਾਰ, ਵਿਅਕਤੀ ਜਾਂ ਕਿਸੇ ਸਰਕਾਰੀ ਤੰਤਰ ਦੀ ਜਾਇਦਾਦ ਨਹੀਂ। ਇਹ ਪੰਥ ਅਤੇ ਪੰਜਾਬ ਦੀਆਂ ਸੰਗਤਾਂ ਦੀ ਅਮਾਨਤ ਹੈ। ਇਨ੍ਹਾਂ ਹੀ ਜ਼ਿਲ੍ਹਾ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਦਿਨ-ਰਾਤ ਇੱਕ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਅਤੇ ਪਾਰਟੀ ਨੂੰ ਜਥੇਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁੱਖ ਸਿਧਾਂਤ ਕਮੇਟੀ ਅਕਾਲੀ ਦਲ ਵਾਰਸ ਪੰਜਾਬ ਦੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ, ਪੰਥ ਦਰਦੀਆਂ ਅਤੇ ਪੰਜਾਬ ਦੇ ਵਾਰਿਸਾਂ ਨੂੰ ਅਪੀਲ ਕਰਦੀ ਹੈ ਕਿ ਉਹ ਅੱਗੇ ਆਉਣ ਅਤੇ ਪੰਥ ਦੀਆਂ ਕਦਰਾਂ-ਕੀਮਤਾਂ 'ਤੇ ਖੜ੍ਹੀ ਕੀਤੀ ਇਸ ਜਥੇਬੰਦੀ ਨੂੰ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਲੰਮੇ ਅਰਸੇ ਪਿੱਛੋਂ ਪੰਥਕ ਹੋਂਦ, ਸਵੈਮਾਣ ਅਤੇ ਸਿਆਸੀ ਮੁਖਤਿਆਰੀ ਦੀ ਗੱਲ ਮੁੜ ਪੰਜਾਬ ਦੀ ਸਿਆਸਤ ਵਿੱਚ ਉੱਭਰੀ ਹੈ। ਇਸ ਆਵਾਜ਼ ਨੂੰ ਕਿਸੇ ਨਿੱਜੀ ਸਵਾਰਥ, ਅਹੁਦੇ ਜਾਂ ਕਥਿਤ ਸਰਕਾਰੀ ਏਜੰਡੇ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਵੇਗਾ। ਸਾਡਾ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਸਗੋਂ ਪੰਥਕ ਸਿਧਾਂਤਾਂ ਦੀ ਰਾਖੀ, ਜਥੇਬੰਦਕ ਪਾਰਦਰਸ਼ਤਾ ਅਤੇ ਪਾਰਟੀ ਨੂੰ ਬਾਹਰੀ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਹੈ।ਅਕਾਲੀ ਦਲ ਵਾਰਿਸ ਪੰਜਾਬ ਦੇ ਪੰਥ ਦੀ ਅਮਾਨਤ ਹੈ ਅਤੇ ਇਸ ਨੂੰ ਪੰਥ ਦੀਆਂ ਸੰਗਤਾਂ ਹੀ ਸੰਭਾਲਣਗੀਆਂ। ਜਿਸ ਜ਼ਿਲ੍ਹਾ ਪ੍ਰਧਾਨਾਂ ਦੇ ਢਾਂਚੇ ਨੂੰ ਪਾਰਟੀ ਵੱਲੋਂ ਗੈਰ-ਸੰਵਿਧਾਨਕ ਢੰਗ ਨਾਲ ਭੰਗ ਕੀਤਾ ਗਿਆ ਸੀ। ਮੁੱਖ ਸਿਧਾਂਤਕ ਕਮੇਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਸ ਫ਼ੈਸਲੇ ਨੂੰ ਖ਼ਾਰਜ ਕਰਦੀ ਹੈ। ਕਮੇਟੀ ਦਾ ਮਤ ਹੈ ਕਿ ਜਦੋਂ ਢਾਂਚੇ ਨੂੰ ਭੰਗ ਕਰਨ ਦੇ ਅਧਿਕਾਰ ਸਬੰਧੀ ਫ਼ੈਸਲਾ ਪਹਿਲਾਂ ਹੀ ਕਮੇਟੀ ਵੱਲੋਂ ਲਿਆ ਜਾ ਚੁੱਕਾ ਸੀ, ਤਾਂ ਉਸ ਤੋਂ ਬਾਅਦ ਇਸ ਢਾਂਚੇ ਨੂੰ ਭੰਗ ਕਰਨ ਦਾ ਕਿਸੇ ਵੀ ਵਿਅਕਤੀ ਜਾਂ ਅਹੁਦੇਦਾਰ ਕੋਲ ਕੋਈ ਅਧਿਕਾਰ ਬਾਕੀ ਨਹੀਂ ਸੀ। ਇਸ ਦੇ ਨਾਲ ਹੀ ਸ. ਤਜਿੰਦਰ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਅਸਤੀਫ਼ੇ ਸਬੰਧੀ ਕਮੇਟੀ ਨੇ ਉਨ੍ਹਾਂ ਦੇ ਸਾਰੇ ਗਿਲੇ-ਸ਼ਿਕਵੇ, ਇਤਰਾਜ਼ ਅਤੇ ਵਿਚਾਰ ਪੂਰੀ ਗੰਭੀਰਤਾ ਨਾਲ ਸੁਣੇ। ਸਾਰੇ ਪੱਖਾਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਕਮੇਟੀ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰਦੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਸੌਂਪੀ ਗਈ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਕਹਿੰਦੀ ਹੈ। ਕਮੇਟੀ ਦਾ ਉਦੇਸ਼ ਪਾਰਟੀ ਅੰਦਰੂਨੀ ਮਸਲਿਆਂ ਨੂੰ ਸੰਵਿਧਾਨਕ ਪ੍ਰਕਿਰਿਆ, ਆਪਸੀ ਸਹਿਮਤੀ ਅਤੇ ਪੰਥਕ ਸਿਧਾਂਤਾਂ ਅਨੁਸਾਰ ਹੱਲ ਕਰਨਾ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News