ਸਿੱਖ ਸੰਸਥਾਵਾਂ ਦੇ ਮੁਖੀਆਂ ਤੇ ਸਿਆਸੀ ਆਗੂਆਂ ਵੱਲੋਂ ਬੀਜੇਪੀ ਦਾ ਧੰਨਵਾਦ ਕਿਉਂ ?
- ਸੰਪਾਦਕੀ
- 03 Dec,2025
ਸਿੱਖ ਸੰਸਥਾਵਾਂ ਦੇ ਮੁਖੀਆਂ ਤੇ ਸਿਆਸੀ ਆਗੂਆਂ ਵੱਲੋਂ ਬੀਜੇਪੀ ਦਾ ਧੰਨਵਾਦ ਕਿਉਂ ?
ਸਿੱਖ ਕੌਮ ਲਈ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ 'ਤੇ ਕੁਝ ਸਿੱਖ ਸੰਸਥਾਵਾਂ ਦੇ ਮੁਖੀਆਂ ਤੇ ਭੇਖੀ ਸਿੱਖਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਾ ਰਿਹਾ ਹੈ, ਉਹਨਾਂ ਦੇ ਸੋਹਿਲੇ ਗਾਏ ਜਾ ਰਹੇ ਹਨ ਜਿਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਧਾਰਮਿਕ ਭੇਖ 'ਚ ਲੁਕੇ ਇਹਨਾਂ ਸਿਆਸੀ ਲੋਕਾਂ ਵੱਲੋਂ ਚਾਪਲੂਸੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਚੁੱਕੀਆਂ ਹਨ ਜਿਸ ਨਾਲ ਖ਼ਾਲਸਾ ਪੰਥ ਦੀ ਆਨ-ਸ਼ਾਨ, ਅਣਖ਼-ਇੱਜਤ, ਸਵੈਮਾਣ ਤੇ ਖ਼ਾਲਸਾਈ ਸਿਧਾਂਤਾਂ ਨੂੰ ਵੱਡਾ ਖੋਰਾ ਲੱਗ ਰਿਹਾ ਹੈ।
ਧੰਨਵਾਦ ਤਾਂ ਸਗੋਂ ਭਾਰਤੀ ਹਕੂਮਤ, ਭਗਵੇਂ ਬ੍ਰਿਗੇਡ, ਮੋਦੀ ਸਰਕਾਰ, ਫ਼ਿਰਕੂ ਹਿੰਦੂਤਵੀਆਂ ਤੇ ਸਮੁੱਚੇ ਹਿੰਦੂ ਸਮਾਜ ਨੂੰ ਗੁਰੂ ਸਾਹਿਬਾਨਾਂ ਤੇ ਸਿੱਖ ਕੌਮ ਦਾ ਕਰਨਾ ਚਾਹੀਦਾ ਹੈ। ਪਰ ਧੀਰੇਂਦਰ ਸ਼ਾਸਤਰੀ ਤੋ ਬਿਨਾਂ ਹਿੰਦੂ ਧਰਮ ਦੇ ਕਿਸੇ ਵੀ ਧਾਰਮਿਕ ਤੇ ਸਿਆਸੀ ਆਗੂ ਨੇ ਖੁੱਲ੍ਹ ਕੇ ਇਹ ਗੱਲ ਨਹੀਂ ਕਬੂਲੀ ਕਿ 'ਜੇ ਅੱਜ ਹਿੰਦੂ ਧਰਮ ਦੀ ਹੋਂਦ ਹੈ ਤਾਂ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਸੰਘਰਸ਼ ਦੀ ਹੀ ਦੇਣ ਹੈ।'
ਭਾਜਪਾ ਸਰਕਾਰ ਨੇ ਕਿਤੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਅਤੇ ਧੰਨਵਾਦ ਨਹੀਂ ਕੀਤਾ ਸਗੋਂ ਉਹਨਾਂ ਨੇ ਸ਼ਤਾਬਦੀ ਸਮਾਗਮਾਂ ਦਾ ਢਕਵੰਜ ਜ਼ਰੂਰ ਰਚਿਆ ਤੇ ਇੱਕ ਵਾਰ ਫਿਰ ਸਿੱਖ ਕੌਮ ਨਾਲ ਅਕ੍ਰਿਤਘਣਤਾ ਕੀਤੀ ਹੈ। ਭਾਜਪਾਈ ਆਗੂ ਆਪਣੇ ਭਾਸ਼ਣਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੱਖਰੇ ਸਿੱਖ ਧਰਮ ਦੇ ਰਹਿਬਰ ਮੰਨਣ ਦੀ ਬਜਾਏ ਉਹਨਾਂ ਨੂੰ ਹਿੰਦੂ ਸੰਸਕ੍ਰਿਤੀ, ਭਾਰਤ ਦੀ ਏਕਤਾ ਤੇ ਅਖੰਡਤਾ ਅਤੇ ਰਾਸ਼ਟਰ ਨਾਲ ਜੋੜ ਰਹੇ ਹਨ ਤੇ ਉਹਨਾਂ ਨੇ ਸਾਜ਼ਿਸ਼ ਤਹਿਤ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਦਾ ਭਾਰਤੀਕਰਨ ਤੇ ਹਿੰਦੂਕਰਨ ਕਰਨ ਉੱਤੇ ਹੀ ਜ਼ੋਰ ਲਾਇਆ ਹੋਇਆ ਹੈ ਤੇ ਅਦੁੱਤੀ ਅਤੇ ਅਨੋਖੀ ਸ਼ਹਾਦਤ ਦੀ ਥਾਂ ਵਾਰ-ਵਾਰ ਬਲੀਦਾਨ ਲਫ਼ਜ਼ ਵਰਤਿਆ ਜਾ ਰਿਹਾ ਹੈ ਤੇ ਗੁਰੂ ਜੀ ਨੂੰ ਵੀ ਹਿੰਦੂ ਕਿਹਾ ਜਾ ਰਿਹਾ ਹੈ।
ਜੇਕਰ ਭਾਜਪਾਈਆਂ ਦੇ ਮਨਾਂ ਵਿੱਚ ਸੱਚਮੁੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਤੀ ਕੋਈ ਸੱਚੀ ਸ਼ਰਧਾ-ਭਾਵਨਾ ਤੇ ਸਤਿਕਾਰ ਹੁੰਦਾ ਤਾਂ ਉਹ ਉਸ ਮਹਾਨ ਅਹਿਸਾਨ, ਇਤਿਹਾਸਕ ਘਟਨਾ, ਵਰਤਾਰੇ ਤੇ ਸ਼ਹਾਦਤ ਨੂੰ ਸਮਝਦੇ ਤੇ ਇਹ ਐਲਾਨ ਕਰਦੇ ਕਿ ਭਾਰਤ ਦੇ ਹਰ ਸਰਕਾਰੀ ਅਦਾਰੇ ਅਤੇ ਦਫ਼ਤਰਾਂ ਵਿੱਚ ਅਖੌਤੀ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਜਾਂ ਸਾਵਰਕਰ ਦੀਆਂ ਤਸਵੀਰਾਂ ਨਹੀਂ ਬਲਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ-ਚਿੱਤਰ ਸਥਾਪਿਤ ਹੋਣਗੇ ਤੇ ਨਾਲ ਹੀ ਇਹ ਐਲਾਨ ਕਰਦੇ ਕਿ ਭਾਰਤੀ ਸੰਵਿਧਾਨ ਵਿੱਚ ਸੋਧ ਕਰਕੇ ਸਿੱਖ ਕੌਮ ਦੀ ਹੋਂਦ ਨੂੰ ਸੁਤੰਤਰ, ਵੱਖਰੀ, ਨਿਆਰੀ, ਅੱਡਰੀ ਤੇ ਵਿਲੱਖਣ ਹੋਣ ਦਾ ਦਰਜਾ ਦਿੱਤਾ ਜਾਏਗਾ ਅਤੇ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਮੰਗੂ ਮੱਠ, ਗੁਰਦੁਆਰਾ ਪਊਆ ਸਾਹਿਬ (ਗਵਾਲੀਅਰ) ਤੇ ਹੋਰ ਢਾਹੇ ਹੋਏ ਗੁਰਦੁਆਰੇ ਦੁਬਾਰਾ ਸਥਾਪਿਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਰਿਹਾਅ ਕੀਤਾ ਜਾਂਦਾ। ਭਾਈ ਜਗਤਾਰ ਸਿੰਘ ਜੱਗੀ ਜੌਹਲ, ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਪੰਥ-ਪ੍ਰਸਤ ਗੁਰਸਿੱਖਾਂ ਉੱਤੇ ਪਾਏ ਕੇਸ ਵਾਪਸ ਲਏ ਜਾਂਦੇ ਤੇ ਉਹਨਾਂ ਨੂੰ ਬਰੀ ਕੀਤਾ ਜਾਂਦਾ।
ਪਿਛਲੇ ਸਮੇਂ ਵਿੱਚ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀਆਂ ਦੇ ਸਮੂਹ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ, ਸਿੱਖਾਂ ਦੇ ਕਕਾਰਾਂ ਉੱਤੇ ਲੱਗਦੀਆਂ ਪਾਬੰਦੀਆਂ ਨੂੰ ਤੁਰੰਤ ਰੋਕਿਆ ਜਾਂਦਾ, ਪੰਥ ਅਤੇ ਪੰਜਾਬ ਦੇ ਬਣਦੇ ਹੱਕ ਦਿੱਤੇ ਜਾਂਦੇ ਅਤੇ ਸਿੱਖ ਕੌਮ ਦੇ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ ਜਾਂਦੀ। ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਮੀਤ ਸਿੰਘ ਪੀਐਚਡੀ ਦੇ ਕਰਵਾਏ ਕਤਲਾਂ ਨੂੰ ਮੰਨ ਕੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗੀ ਜਾਂਦੀ।
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ, ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ, ਦਸ ਸਾਲ ਝੂਠੇ ਪੁਲਿਸ ਮੁਕਾਬਲੇ, ਧਰਮੀ ਫ਼ੌਜੀਆਂ ਦੀ ਖੁਆਰੀ, ਸਿੱਖ ਕੌਮ ਉੱਤੇ ਹੋਏ ਅਤੇ ਹੋ ਰਹੇ ਜ਼ੁਲਮਾਂ ਪ੍ਰਤੀ ਪਾਰਲੀਮੈਂਟ ਵਿੱਚ ਪਛਤਾਵਾ ਕੀਤਾ ਜਾਂਦਾ ਤੇ ਅੱਗੇ ਤੋਂ ਸਿੱਖ ਕੌਮ ਨਾਲ ਸੁਖਾਵੇਂ ਸੰਬੰਧ ਬਣਾਏ ਜਾਂਦੇ ਤੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤੇ ਜਾਂਦੇ। ਸਮੁੱਚੇ ਭਾਰਤੀ ਹਿੰਦੂ ਆਗੂਆਂ ਵੱਲੋਂ ਇਹ ਪ੍ਰਣ ਕੀਤਾ ਜਾਂਦਾ ਕਿ ਉਹ ਗੁਰੂ ਸਾਹਿਬਾਨਾਂ ਅਤੇ ਸਿੱਖ ਕੌਮ ਦੇ ਹਮੇਸ਼ਾਂ ਅਹਿਸਾਨਮੰਦ ਰਹਿਣਗੇ ਅਤੇ ਸਿੱਖਾਂ ਨੂੰ ਆਪਣੇ ਵੱਡੇ ਭਰਾ ਸਮਝ ਕੇ ਹਮੇਸ਼ਾਂ ਮਾਣ-ਸਨਮਾਨ ਦਿੰਦੇ ਰਹਿਣਗੇ ਅਤੇ ਸਿੱਖ ਕੌਮ ਦੇ ਗੁਰਧਾਮਾਂ ਵਿੱਚ ਕਦੇ ਵੀ ਦਖਲ-ਅੰਦਾਜੀ ਨਹੀਂ ਕਰਨਗੇ, ਪੰਜਾਬ ਨੂੰ ਦਬਾਉਣ-ਡਰਾਉਣ ਦੀ ਬਜਾਏ ਖ਼ੁਸ਼ਹਾਲ ਕਰਨਗੇ ਤੇ ਆਰ.ਐਸ.ਐਸ. ਸੰਸਥਾ ਜੋ ਸਿੱਖ ਵਿਰੋਧੀ ਨੀਤੀ ਨੂੰ ਤਿਆਗੇਗੀ।
ਇਸ ਤੋਂ ਇਲਾਵਾ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਪ੍ਰਤੀ ਅਪਸ਼ਬਦ ਬੋਲਣ ਵਾਲੇ ਐਲ.ਕੇ.ਅਡਵਾਨੀ, ਲਕਸ਼ਮੀ ਕਾਂਤਾ ਚਾਵਲਾ ਤੇ ਹੋਰਾਂ ਨਾਲ ਨਾਤਾ ਤੋੜਿਆ ਜਾਂਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਪਣੀਆਂ ਗ਼ਲਤੀਆਂ ਤੇ ਗੁਨਾਹਾਂ ਨੂੰ ਬਖਸ਼ਾਇਆ ਜਾਂਦਾ। ਪਰ ਭਾਜਪਾ ਨੇ ਤਾਂ ਕੁੱਝ ਵੀ ਨਹੀਂ ਕੀਤਾ ਸਗੋਂ ਉਹ ਸਿੱਖ ਕੌਮ ਨਾਲ ਲਗਾਤਾਰ ਵੈਰ ਕਮਾ ਰਹੀ ਹੈ। ਭਾਜਪਾ ਵੀ ਮੁਗਲ ਹਾਕਮ ਔਰੰਗਜ਼ੇਬ ਅਤੇ ਕਾਂਗਰਸੀ ਇੰਦਰਾ ਗਾਂਧੀ ਦੇ ਰਾਹਾਂ ਉੱਤੇ ਚੱਲ ਰਹੀ ਹੈ ਫਿਰ ਇਹਨਾਂ ਹਲਾਤਾਂ ਵਿੱਚ ਕੁੱਝ ਸੰਪਰਦਾਵਾਂ ਦੇ ਮੁਖੀ, ਸਿੱਖ ਸੰਸਥਾਵਾਂ ਦੇ ਨੁਮਾਇੰਦੇ ਤੇ ਭਾਜਪਾ ਨਾਲ ਸਾਂਝ ਰੱਖਣ ਵਾਲੇ ਸਿਆਸੀ ਸਿੱਖ ਚਿਹਰੇ ਵਾਰ-ਵਾਰ ਮੋਦੀ ਸਰਕਾਰ ਦਾ ਧੰਨਵਾਦ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ ? ਸਿੱਖ ਕੌਮ ਜਵਾਬ ਮੰਗਦੀ ਹੈ!
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By:
GURBHEJ SINGH ANANDPURI
Leave a Reply