ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਗੁਜਰਾਤ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਦੀ ਕਹਾਣੀ
- ਗੁਰਬਾਣੀ-ਇਤਿਹਾਸ
- 17 Oct,2025
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਗੁਜਰਾਤ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਦੀ ਕਹਾਣੀ
ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਬੈਂਕ ਵੇਖਣ ਗਏ ਨੂੰ ਸ਼ੱਕ ਦੇ ਅਧਾਰਤ ਬੈਂਕ ਸਕਿਉਰਿਟੀ ਗਾਰਡਾਂ ਨੇ ਕਾਬੂ ਕਰ ਲਿਆ, ਤਲਾਸ਼ੀ ਲੈਣ ’ਤੇ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਤੇ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਅਹਿਮਦਾਬਾਦ ਗੁਜਰਾਤ ਵਿੱਚ ਹੋਈਆਂ ਬੈਂਕ ਡੱਕੈਤੀਆਂ ਦੀਆਂ ਘਟਨਾਵਾਂ ਦਾ ਕੇਸ ਪਾ ਕੇ ਅਹਿਮਦਾਬਾਦ ਦੀ ਜੇਲ੍ਹ ਭੇਜ ਦਿੱਤਾ ਤੇ ਬੈਂਕ ਡਕੈਤੀਆਂ ਦਾ ਕੇਸ ਅਦਾਲਤ ਵਿੱਚ ਲਾ ਦਿੱਤਾ। ਖਾਸ ਗੱਲ ਇਹ ਸੀ ਕਿ ਗੁਜਰਾਤ ਪੁਲਿਸ ਜਿੰਦੇ ਬਾਰੇ ਕੇਸ ਆਮ ਲੁਟੇਰੇ ਵਾਲਾ ਹੀ ਦਰਜ ਕੀਤਾ ਸੀ। ਹਰਜਿੰਦਰ ਸਿੰਘ ਜਿੰਦਾ ਦੀ ਅਸਲ ਜੁਝਾਰੂ ਰੁਤਬੇ ਦਾ ਉਸ ਵਿੱਚ ਜਾਂ ਖਤਰਨਾਕ ਅਪਰਾਧੀ ਹੋਣ ਦਾ ਕਿਤੇ ਜ਼ਿਕਰ ਨਹੀਂ ਸੀ। ਪਰਿਵਾਰ ਦੇ ਮੈਂਬਰਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਮੁਲਾਕਾਤ ਕਰਕੇ ਆਏ ਤਾਂ ਜਿੰਦੇ ਨੇ ਆਪਣੇ ਸਾਥੀਆਂ ਨੂੰ ਸੁਨੇਹਾ ਲਾ ਦਿੱਤਾ। ਜਿਸ ਤੇ ਭਾਈ ਮਥਰਾ ਸਿੰਘ, ਭਾਈ ਸੁਖਵਿੰਦਰ ਸਿੰਘ ਸੁੱਖੀ, ਅਹਿਮਦਾਬਾਦ (ਗੁਜਰਾਤ) ਪਹੁੰਚ ਗਏ। ਜੇਲ੍ਹ ਤੋਂ ਕਚਹਿਰੀ/ਅਦਾਲਤ ਤੱਕ ਦੇ ਸਾਰੇ ਰਸਤੇ ਤੇ ਇਲਾਕੇ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ। ਜੇਲ੍ਹ ਵਿੱਚੋਂ ਹਰਜਿੰਦਰ ਸਿੰਘ ਜਿੰਦਾ ਨੂੰ ਅਹਿਮਦਾਬਾਦ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ। ਅਦਾਲਤ ਪੇਸ਼ੀ ਸਮੇਂ ਦੋਵਾਂ ਸਿੰਘਾਂ ਨੇ ਜਿੰਦੇ ਨੂੰ ਵਿਖਾਲੀ ਵੀ ਦਿੱਤੀ, ਜਿਸ ਤੇ ਜਿੰਦਾ ਸਮਝ ਗਿਆ ਕਿ ਚਾਚਾ (ਮਥਰਾ ਸਿੰਘ) ਆ ਗਿਆ। ਹੁਣ ਇਸ ਨੇ ਕੋਈ ਜੁਗਤ ਬਣਾ ਹੀ ਲੈਣੀ ਹੈ। ਜਿੰਦੇ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਲੀ ਪੁਲਿਸ ਗਾਰਦ ਵਿੱਚ, ਇੱਕ ਥਾਣੇਦਾਰ, ਇੱਕ ਹਵਾਲਦਾਰ ਅਤੇ ਇੱਕ ਸਿਪਾਹੀ ਦੀ ਡਿਊਟੀ ਸੀ। ਅਦਾਲਤ ਤੋਂ ਜੇਲ੍ਹ ਵਾਪਸੀ ਸਮੇਂ ਪੁਲਿਸ ਦੀ ਗੱਡੀ ਖਰਾਬ ਹੋ ਗਈ। ਪੁਲਿਸ ਗਾਰਦ ਮੁਲਜ਼ਮ ਜਿੰਦੇ ਨੂੰ ਗੱਡੀ ਚੋਂ ਉਤਾਰ ਕੇ ਜੇਲ੍ਹ ਵੱਲ ਪੈਦਲ ਹੀ ਤੁਰ ਪਏ, ਰਸਤੇ ਵਿੱਚ ਇੱਕ ਨਾਲੇ ਦਾ ਪੁਲ ਆਉਂਦਾ ਹੈ ਜਦੋਂ ਉਥੇ ਪਹੁੰਚੇ ਤਾਂ ਫੀਏਟ ਕਾਰ ਤੇ ਪਿੱਛਾ ਕਰਦੇ ਆ ਰਹੇ ਸਿੰਘ ਨੇ ਬਰਾਬਰ ਲਿਆ ਕੇ ਕਾਰ ਦੀਆਂ ਬਰੇਕਾਂ ਲਾ ਦਿੱਤੀਆਂ। ਥਾਣੇਦਾਰ ਹੱਥ ਵਿੱਚ ਫਾਈਲ ਫੜ੍ਹੀ ਅੱਗੇ ਚੱਲ ਰਿਹਾ ਸੀ, ਹਵਾਲਦਾਰ ਪਿੱਛੇ-ਪਿੱਛੇ ਤੇ ਪੁਲਿਸ ਦੇ ਸਿਪਾਹੀ ਨੇ ਜਿੰਦੇ ਦੀ ਹੱਥਕੜੀ ਆਪਣੀ ਲੱਕ ਵਾਲੀ ਬੈਲਟ ਨਾਲ ਬੰਨ੍ਹੀ ਹੋਈ ਸੀ। ਜਦੋਂ ਫੀਏਟ ਕਾਰ ਵਿੱਚੋਂ ਮਥਰਾ ਸਿੰਘ ਨੇ ਬਾਰੀ ਦੇ ਸ਼ੀਸ਼ੇ ਵਿੱਚੋਂ ਦੀ ਮੂੰਹ ਬਾਹਰ ਕੱਢਿਆ ਤਾਂ ਜਿੰਦਾ ਨੇ ਸਿਆਣ ਲਿਆ ਕੇ ਚਾਚਾ ਮਥਰਾ ਸਿੰਘ ਆ। ਜਿੰਦੇ ਨੇ ਅੱਗੇ ਚੱਲ ਰਹੇ ਥਾਣੇਦਾਰ ਦੀਆਂ ਖੁੱਚਾਂ ਵਿੱਚ ਜੋਰ ਦੀ ਠੁੱਡ ਮਾਰਿਆ ਤਾਂ ਉਹ ਘੋਨੇ ਪੁਲ ਜਿਸ ਦਾ ਕੋਈ ਸਿਰਾ ਜਾਂ ਜੰਗਲਾ ਨਹੀਂ ਸੀ ਉਸ ਵਿੱਚ ਡਿੱਗ ਪਿਆ ਤਾਂ ਹਵਾਲਦਾਰ ਹਰਜਿੰਦਰ ਸਿੰਘ ਜਿੰਦਾ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਜਿੰਦੇ ਨੇ ਘੋਨੇ ਸਿਰ ਦੀ ਅਜਿਹੀ ਟੱਕਰ ਮਾਰੀ ਕਿ ਹਵਾਲਦਾਰ ਦੇ ਦੰਦ ਭੰਨ ਸੁੱਟੇ ਤੇ ਉਸਦੇ ਮੂੰਹ ਵਿੱਚੋਂ ਲਹੂ ਵਗਣ ਲੱਗ ਪਿਆ। ਮਥਰਾ ਸਿੰਘ ਨੇ ਪਿਸਤੌਲ ਤਾਣ ਲਿਆ ਤੇ ਧਮਕੀ ਦਿੱਤੀ ਖਬਰਦਾਰ ਜੇ ਕਿਸੇ ਨੇ ਹਿੱਲ-ਜੁਲ ਕੀਤੀ ਤਾਂ ਗੋਲੀ ਮਾਰ ਦਿਆਂਗਾ! ਹਰਜਿੰਦਰ ਸਿੰਘ ਜਿੰਦਾ ਪੁਲਿਸ ਸਿਪਾਹੀ ਨੂੰ ਖਿੱਚ ਕੇ ਫੀਏਟ ਕਾਰ ਵਿੱਚ ਬੈਠ ਗਿਆ ਤੇ ਕਾਰ ਭਜਾ ਕੇ ਸਿੰਘ ਕੁਝ ਸਕਿੰਟਾਂ ਵਿੱਚ ਹੀ ਸਫਲ ਐਕਸ਼ਨ ਕਰ ਭੱਜ ਨਿਕਲੇ। ਸਿੰਘਾਂ ਨੇ ਪੁਲਿਸ ਮੁਲਾਜਮ ਦੀ ਵਰਦੀ ਲਾਹ ਕੇ ਉਸਨੂੰ ਚੱਲਦੀ ਕਾਰ ਵਿੱਚੋਂ ਬਾਰੀ ਖੋਲ੍ਹ ਕੇ ਬਾਹਰ ਧੱਕਾ ਦੇ ਦਿੱਤਾ ਤੇ ਫ਼ਰਾਰ ਹੋ ਗਏ। ਭਾਈ ਮਥਰਾ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਨੇ ਅੱਗੇ ਜਾ ਕੇ ਕਾਰ ਛੱਡ ਦਿੱਤੀ ਤੇ ਹੋਰ ਸਵਾਰੀਆਂ ਤੇ ਪਹਿਲਾਂ ਦਿੱਲੀ ਤੇ ਫਿਰ ਪੰਜਾਬ ਪਹੁੰਚ ਗਏ। ਇਸ ਘਟਨਾ ਦੀ ਗੁਜਰਾਤ ਦੀਆਂ ਅਖਬਾਰਾਂ ਵਿੱਚ ਬੜੀ ਖੂਬ ਚਰਚਾ ਹੋਈ ਤੇ ਗੁਜਰਾਤ ਪੁਲਿਸ ਦੀ ਨ ਵੀਮੋਸ਼ੀ ਵੀ ਹੋਈ ਸੀ। (ਨੋਟ :- ਹਰਜਿੰਦਰ ਸਿੰਘ ਜਿੰਦਾ ਅਤੇ ਸਤਨਾਮ ਸਿੰਘ ਬਾਵਾ ਦੀ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਬਾਹਰ ਹੋਈ 1987 ਵਿੱਚ ਗ੍ਰਿਫਤਾਰੀ ਤੋਂ ਬਾਅਦ ਪੰਜਾਬੀ ਮਾਸਿਕ ਪੱਤਰ ਖੰਡੇਧਾਰ ਵਿੱਚ ਅਕਤੂਬਰ 1987 ਵਿੱਚ ਛਪੀ ਰਿਪੋਰਟ ਵਿੱਚੋਂ ਧੰਨਵਾਦ ਸਹਿਤ)
ਮਨਜਿੰਦਰ ਸਿੰਘ ਬਾਜਾ (ਹਿਸਟੋਰੀਅਨ)
Posted By:
GURBHEJ SINGH ANANDPURI
Leave a Reply