ਏਪੀਐਸ ਸ਼ਹੀਦਾਂ ਦੀ ਯਾਦ ਵਿੱਚ ਲਾਹੌਰ ਵਿੱਚ ਪੀਪਲਜ਼ ਪਾਰਟੀ ਵੱਲੋਂ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਜੁਲੂਸ
- ਅੰਤਰਰਾਸ਼ਟਰੀ
- 17 Dec, 2025 01:14 AM (Asia/Kolkata)
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੱਲੋਂ 16 ਦਸੰਬਰ 2025 ਨੂੰ ਜੋਹਰ ਟਾਊਨ, ਲਾਹੌਰ ਵਿੱਚ ਆਰਮੀ ਪਬਲਿਕ ਸਕੂਲ (ਏਪੀਐਸ) ਪੇਸ਼ਾਵਰ ਦੇ ਸ਼ਹੀਦ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਯਾਦ ਵਿੱਚ ਕੁਰਾਨ ਖ਼ਵਾਨੀ ਅਤੇ ਮੋਮਬੱਤੀ ਰੋਸ਼ਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਹ ਸਮਾਰੋਹ ਪੀਪੀਪੀ ਦੇ ਸੀਨੀਅਰ ਆਗੂ ਫੈਸਲ ਮੀਰ ਵੱਲੋਂ ਕਰਵਾਇਆ ਗਿਆ। ਕੁਰਾਨ ਖ਼ਵਾਨੀ ਅਤੇ ਫਾਤਿਹਾ ਤੋਂ ਬਾਅਦ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ।
ਸਮਾਰੋਹ ਤੋਂ ਬਾਅਦ ਪੀਪੀਪੀ ਦੇ ਜੋਹਰ ਟਾਊਨ ਦਫ਼ਤਰ ਵਿੱਚ ਗੱਲ ਕਰਦੇ ਹੋਏ ਫੈਸਲ ਮੀਰ ਨੇ ਕਿਹਾ,“ਪੀਪਲਜ਼ ਪਾਰਟੀ ਦਾ ਕਸੂਰ ਇਹ ਹੈ ਕਿ ਉਹ ਧਰਮ ਦੇ ਨਾਮ ’ਤੇ ਕਿਸੇ ਨੂੰ ਭੜਕਾਉਂਦੀ ਨਹੀਂ। ਜਦ ਤੱਕ ਧਰਮ ਦੇ ਨਾਮ ’ਤੇ ਰਾਜਨੀਤੀ ਹੁੰਦੀ ਰਹੇਗੀ, ਏਪੀਐਸ ਵਰਗੇ ਹਾਦਸੇ ਵਾਪਰਦੇ ਰਹਿਣਗੇ।”
ਉਨ੍ਹਾਂ ਅਪੀਲ ਕੀਤੀ ਕਿ “ਖ਼ੁਦਾ ਲਈ ਰਾਜਨੀਤੀ ਨੂੰ ਧਰਮ ਦੀ ਥਾਂ ਲੋਕੀ ਮਸਲਿਆਂ ਨਾਲ ਜੋੜਿਆ ਜਾਵੇ।”
ਉਨ੍ਹਾਂ ਕਿਹਾ ਕਿ 16 ਦਸੰਬਰ ਦੇ ਹਾਦਸੇ ਦੇ ਅਸਲ ਕਾਰਨਾਂ ’ਤੇ ਸੋਚਣ ਦੀ ਲੋੜ ਹੈ। ਫੈਸਲ ਮੀਰ ਨੇ ਸਾਬਕਾ ਰਾਸ਼ਟਰਪਤੀ ਜ਼ਿਆ-ਉਲ-ਹਕ਼ ’ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਧਰਮ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਜਿੱਥੇ ਅਕਲ ਦੀ ਗੱਲ ਹੋਣੀ ਚਾਹੀਦੀ ਸੀ, ਉੱਥੇ ਹਥਿਆਰਾਂ ਨੇ ਜਗ੍ਹਾ ਲੈ ਲਈ, ਜਿਸ ਨਾਲ ਦੇਸ਼ ਵਿੱਚ ਆਤੰਕਵਾਦ ਅਤੇ ਉਗਰਵਾਦ ਵਧਿਆ।
ਪੀਪੀਪੀ ਆਗੂ ਮਜੀਦ ਘੋਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਹੋ ਰਹੀ ਆਤੰਕਵਾਦੀ ਕਾਰਵਾਈਆਂ ਦੇ ਪਿੱਛੇ ਭਾਰਤ ਦਾ ਹੱਥ ਹੈ। ਉਨ੍ਹਾਂ ਮੰਗ ਕੀਤੀ ਕਿ ਫੀਲਡ ਮਾਰਸ਼ਲ ਆਸਿਮ ਮੁਨੀਰ (ਚੀਫ਼ ਆਫ਼ ਆਰਮੀ ਸਟਾਫ਼) ਸਿੱਖਿਆ ਵਿਭਾਗ ਨੂੰ ਹੁਕਮ ਦੇਣ ਕਿ ਅੱਜ ਦੇ ਦਿਨ ਨੂੰ ਸਾਰੇ ਤਾਲੀਮੀ ਅਦਾਰਿਆਂ ਵਿੱਚ ਯੌਮ-ਏ-ਸਿਆਹ ਵਜੋਂ ਮਨਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਪੀਪਲਜ਼ ਪਾਰਟੀ ਖ਼ਿਲਾਫ਼ ਫ਼ਿਲਮਾਂ ਬਣਾ ਕੇ ਜ਼ਹਿਰੀਲਾ ਪ੍ਰਚਾਰ ਕਰ ਰਿਹਾ ਹੈ।
ਇਸ ਮੌਕੇ ’ਤੇ ਸ਼ਹਿਬਾਜ਼ ਦੁਰਾਨੀ, ਹਾਜੀ ਰਿਫ਼ਾਕ਼ਤ, ਤਾਰੀਕ਼ ਚੌਧਰੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਸਮਾਰੋਹ ਦੇ ਅੰਤ ’ਚ ਮਜੀਦ ਘੋਰੀ ਨੇ ਏਪੀਐਸ ਦੇ ਸ਼ਹੀਦਾਂ ਲਈ ਦੁਆ ਕਰਵਾਈ।
Leave a Reply